ਅਸਟ੍ਰੇਲੀਆ ਦੀ ਰਾਜਧਾਨੀ 'ਚ ਸਿੱਖਾਂ ਨੂੰ ਹੈਲਮਟ ਪਾਉਣ ਤੋਂ ਛੋਟ ਮਿਲੀ

ਅਸਟ੍ਰੇਲੀਆ ਦੀ ਰਾਜਧਾਨੀ 'ਚ ਸਿੱਖਾਂ ਨੂੰ ਹੈਲਮਟ ਪਾਉਣ ਤੋਂ ਛੋਟ ਮਿਲੀ
ਜਗਦੀਪ ਸਿੰਘ

ਕੈਨਬਰਾ: ਅਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਚ ਸਿੱਖਾਂ ਨੂੰ ਬਾਈਕ ਚਲਾਉਂਦਿਆਂ ਹੈਲਮਟ ਪਾਉਣ ਤੋਂ ਛੋਟ ਦੇ ਦਿੱਤੀ ਗਈ ਹੈ। ਸਰਕਾਰ ਨੇ ਇਹ ਕਦਮ ਸਾਈਕਲ ਦੀ ਵਰਤੋਂ ਵਧਾਉਣ ਦੇ ਇਰਾਦੇ ਨਾਲ ਚੁੱਕਿਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਸਿੱਖ ਨੌਜਵਾਨ ਜਗਦੀਪ ਸਿੰਘ ਵੱਲੋਂ ਸੜਕ ਸੁਰੱਖਿਆ ਮਹਿਕਮੇ ਦੇ ਮੰਤਰੀ ਸ਼ੇਨ ਰੈਟਨਬਰੀ ਨੂੰ ਭੇਜੀ ਸ਼ਿਕਾਇਤ ਮਗਰੋਂ ਇਹ ਫੈਂਸਲਾ ਕੀਤਾ ਗਿਆ ਹੈ। 

ਸ਼ਿਕਾਇਤ ਵਿਚ ਜਗਦੀਪ ਸਿੰਘ ਨੇ ਕਿਹਾ ਸੀ ਕਿ ਉਹ ਸਾਈਕਲ ਚਲਾਉਣ ਦਾ ਬਹੁਤ ਸ਼ੌਕੀਨ ਹੈ ਅਤੇ ਮੈਲਬੋਰਨ ਵਿਚ ਹੈਲਮਟ ਦੀ ਸ਼ਰਤ ਨਾ ਹੋਣ ਕਾਰਨ ਸਿੱਖ ਹੋਣ ਨਾਅਤੇ ਉਸਨੂੰ ਸਾਈਕਲ ਚਲਾਉਣ ਵਿਚ ਕੋਈ ਮੁਸ਼ਕਿਲ ਨਹੀਂ ਸੀ, ਪਰ ਇੱਥੇ ਕੈਨਬਰਾਂ ਵਿਚ ਹੈਲਮਟ ਲਾਜ਼ਮੀ ਹੋਣ ਕਾਰਨ ਉਹ ਸਾਈਕਲ ਨਹੀਂ ਚਲਾ ਸਕਦਾ।

ਇਸ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਮੰਤਰੀ ਨੇ ਸਿੱਖਾਂ ਨੂੰ ਹੈਲਮਟ ਪਾਉਣ ਤੋਂ ਛੋਟ ਦੇ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਕੈਨਬਰਾ ਵਿਚ ਹਰ ਇੱਕ ਨੂੰ ਆਪਣੇਪਨ ਦਾ ਅਹਿਸਾਸ ਕਰਾਉਣਾ ਉਹਨਾਂ ਦੀ ਜ਼ਿੰਮੇਵਾਰੀ ਹੈ। 

ਇਸ ਤੋਂ ਪਹਿਲਾਂ ਅਸਟ੍ਰੇਲੀਆ ਦੇ ਕੁਈਨਜ਼ਲੈਂਡ, ਵਿਕਟੋਰੀਆ, ਪੱਛਮੀ ਅਸਟ੍ਰੇਲੀਆ, ਦੱਖਣੀ ਅਸਟ੍ਰੇਲੀਆ ਸੂਬਿਆਂ 'ਚ ਸਿੱਖਾਂ ਨੂੰ ਹੈਲਮਟ ਪਾਉਣ ਤੋਂ ਛੋਟ ਮਿਲ ਚੁੱਕੀ ਹੈ। ਸਿਰਫ ਨਿਊ ਸਾਊਥ ਵੇਲਜ਼ ਅਜਿਹਾ ਸੂਬਾ ਬਚਿਆ ਹੈ ਜਿੱਥੇ ਸਿੱਖ ਹੈਲਮਟ ਤੋਂ ਛੋਟ ਹਾਸਲ ਕਰਨ ਲਈ ਰਾਜਨੀਤਕ ਆਗੂਆਂ ਨਾਲ ਗੱਲਬਾਤ ਕਰ ਰਹੇ ਹਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।