ਅਮਰੀਕਾ ’ਚ ਪਰਵਾਸੀਆਂ ਨੂੰ ਨਾਗਰਿਕਤਾ ਮਿਲਣ ਦੀ ਆਸ ਜਾਗੀ 

ਅਮਰੀਕਾ ’ਚ ਪਰਵਾਸੀਆਂ ਨੂੰ ਨਾਗਰਿਕਤਾ ਮਿਲਣ ਦੀ ਆਸ ਜਾਗੀ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਵਾਸ਼ਿੰਗਟਨ: ਅਮਰੀਕੀ ਪ੍ਰਤੀਨਿਧੀ ਸਭਾ (ਹੇਠਲੇ ਸਦਨ) ਨੇ ਨਾਗਰਿਕਤਾ ਤੇ ਆਵਾਸ ਨਾਲ ਜੁੜੇ ਦੋ ਮਹੱਤਵਪੂਰਨ ਬਿੱਲ ਪਾਸ ਕਰ ਦਿੱਤੇ ਹਨ। ਇਸ ਨਾਲ ਕੁਝ ਪ੍ਰਵਾਸੀ ਖੇਤੀ ਵਰਕਰਾਂ ਤੇ ਉਨ੍ਹਾਂ ਬੱਚਿਆਂ ਨੂੰ ਨਾਗਰਿਕਤਾ ਮਿਲਣ ਦੀ ਆਸ ਬੱਝ ਗਈ ਹੈ ਜਿਨ੍ਹਾਂ ਦੇ ਮਾਪੇ ਕਾਨੂੰਨੀ ਢੰਗ ਨਾਲ ਅਮਰੀਕਾ ਆਏ ਸਨ। ਇਨ੍ਹਾਂ ਵਿਚ ਐਚ-1ਬੀ ਵੀਜ਼ਾ ਪ੍ਰੋਗਰਾਮ ਵਾਲੇ ਵੀ ਹੋ ਸਕਦੇ ਹਨ। ‘ਅਮੈਰੀਕਨ ਡਰੀਮ ਐਂਡ ਪ੍ਰੌਮਿਸ ਐਕਟ 2021’ ਨੂੰ ਸਦਨ ਨੇ 197 ਦੇ ਮੁਕਾਬਲੇ 228 ਵੋਟਾਂ ਨਾਲ ਪਾਸ ਕੀਤਾ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਮੁਲਕ ਦੇ ਆਵਾਸ ਢਾਂਚੇ ਵਿਚ ਸੁਧਾਰ ਲਿਆਉਣ ਵੱਲ ਪਹਿਲਾ ਕਦਮ ਹੈ। ਬਾਇਡਨ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਰਾਹਤ ਮਿਲੇਗੀ ਜੋ ਆਰਜ਼ੀ ਵੀਜ਼ਾ ਉਤੇ ਹਨ। ਉਨ੍ਹਾਂ ਨੌਜਵਾਨ ਬੱਚਿਆਂ ਨੂੰ ਵੀ ਰਾਹਤ ਮਿਲੇਗੀ ਜੋ ਕਿ ਬਚਪਨ ਵਿਚ ਇੱਥੇ ਆਏ ਸਨ ਤੇ ਅਮਰੀਕਾ ਨੂੰ ਹੀ ਆਪਣਾ ਮੁਲਕ ਮੰਨਦੇ ਹਨ। ਬਚਪਨ ’ਚ ਮਾਪਿਆਂ ਨਾਲ ਅਮਰੀਕਾ ਆਏ ਤੇ ਹੁਣ ਜਵਾਨ ਹੋ ਚੁੱਕੇ ਅਜਿਹੇ ਇਕ ਕਰੋੜ ਦਸ ਲੱਖ ਆਵਾਸੀ ਹਨ ਜਿਨ੍ਹਾਂ ਕੋਲ ਫ਼ਿਲਹਾਲ ਆਵਾਸ ਦਸਤਾਵੇਜ਼ ਨਹੀਂ ਹਨ। ਇਨ੍ਹਾਂ ਵਿਚੋਂ ਪੰਜ ਲੱਖ ਭਾਰਤੀ ਹਨ। ਇਸੇ ਦੌਰਾਨ ਪੰਜ ਤਾਕਤਵਰ ਡੈਮੋਕਰੈਟਿਕ ਸੰਸਦ ਮੈਂਬਰਾਂ (ਸੈਨੇਟਰਾਂ) ਨੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਬੇਨਤੀ ਕੀਤੀ ਹੈ ਕਿ ਉਹ ਐਚ-1ਬੀ ਸਣੇ ਕੁਝ ਗ਼ੈਰ-ਆਵਾਸੀ ਵੀਜ਼ਿਆਂ ਉਤੇ ਲੱਗੀ ਰੋਕ ਨੂੰ ਰੱਦ ਕਰ ਦੇਣ। ਇਹ ਰੋਕਾਂ ਟਰੰਪ ਕਾਰਜਕਾਲ ਦੌਰਾਨ ਲਾਈਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਐਚ-1ਬੀ ਵੀਜ਼ਾ ਭਾਰਤੀ ਸੂਚਨਾ ਤਕਨੀਕ ਮਾਹਿਰਾਂ (ਆਈਟੀ ਪੇਸ਼ੇਵਰਾਂ) ’ਚ ਕਾਫ਼ੀ ਹਰਮਨਪਿਆਰਾ ਹੈ। ਸੈਨੇਟਰਾਂ ਨੇ ਕਿਹਾ ਹੈ ਕਿ ਰੋਕਾਂ ਜਾਰੀ ਰਹਿਣ ਨਾਲ ਅਮਰੀਕੀ ਰੁਜ਼ਗਾਰਦਾਤਾ, ਉਨ੍ਹਾਂ ਦੇ ਵਿਦੇਸ਼ੀ ਕਾਮਿਆਂ ਤੇ ਅਗਾਂਹ ਉਨ੍ਹਾਂ ਦੇ ਪਰਿਵਾਰਾਂ ’ਚ ਬੇਯਕੀਨੀ ਦਾ ਮਾਹੌਲ ਬਣ ਰਿਹਾ ਹੈ।