ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ-2 ਦੇ ਅਕਾਲ ਚਲਾਣੇ ਉਤੇ ਸ. ਮਾਨ ਅਤੇ ਪਾਰਟੀ ਨੇ ਕੀਤਾ ਗਹਿਰੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ 9 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਬਰਤਾਨੀਆ ਮੁਲਕ ਨਾਲ ਸਿੱਖ ਕੌਮ ਦੇ ਪੁਰਾਤਨ ਸੰਬੰਧ ਰਹੇ ਹਨ । ਅੱਜ ਵੀ ਓਥੇ 10 ਲੱਖ ਦੇ ਕਰੀਬ ਸਿੱਖ ਵੱਸਦੇ ਹਨ ਜੋ ਆਪੋ ਆਪਣੇ ਕਾਰੋਬਾਰਾ ਵਿਚ ਸਥਾਪਿਤ ਹਨ । ਮਹਾਰਾਣੀ ਐਲਿਜ਼ਾਬੈਥ-2 ਦੇ ਬੀਤੇ ਦਿਨ ਹੋਏ ਅਕਾਲ ਚਲਾਣੇ ਓਹਨਾ ਵੱਲੋਂ ਆਪਣੀ ਸੰਸਾਰਿਕ ਯਾਤਰਾ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜਨ ਦੀ ਬਦੋਲਤ ਸਮੁੱਚੇ ਬਰਤਾਨੀਆਂ ਦੇ ਨਿਵਾਸੀਆਂ ਨੂੰ ਹੀ ਵੱਡਾ ਘਾਟਾ ਨਹੀਂ ਪਿਆ, ਬਲਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਕੌਮ ਨੂੰ ਵੀ ਗਹਿਰਾ ਸਦਮਾ ਪਹੁੰਚਿਆ ਹੈ । ਕਿਉਂਕਿ ਮਹਾਰਾਣੀ ਐਲਿਜ਼ਾਬੈਥ-2 ਸਿੱਖ ਕੌਮ ਅਤੇ ਪੰਜਾਬੀਆਂ ਦੇ ਫ਼ਖਰ ਵਾਲੇ ਇਤਿਹਾਸ ਤੋਂ ਹੀ ਭਰਪੂਰ ਵਾਕਫੀਅਤ ਹੀ ਨਹੀਂ ਸਨ ਰੱਖਦੇ ਬਲਕਿ ਸਿੱਖ ਕੌਮ ਨਾਲ ਬਹੁਤ ਪਿਆਰ ਅਤੇ ਇੱਜ਼ਤ ਵੀ ਕਰਦੇ ਸਨ । ਏਹੀ ਵਜਾ ਹੈ ਕਿ ਓਹਨਾ ਨੇ 1984 ਵਿੱਚ ਜਦੋਂ ਮਰਹੂਮ ਇੰਦਰਾ ਗਾਂਧੀ ਨੇ ਸਿੱਖ ਕੌਮ ਦੇ ਧਾਰਮਿਕ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਉਤੇ ਬਲੂ ਸਟਾਰ ਦਾ ਫੋਜੀ ਹਮਲਾ ਕੀਤਾ ਸੀ ਤਾਂ ਮਹਾਰਾਣੀ ਐਲਿਜ਼ਾਬੈਥ ਨੇ ਬਰਤਾਨੀਆ ਦੀ ਹਕੂਮਤ ਅਤੇ ਮਰਹੂਮ ਇੰਦਰਾ ਗਾਂਧੀ ਨੂੰ ਅਜਿਹਾ ਕਰਨ ਤੋਂ ਵਰਜਿਆ ਸੀ ਅਤੇ ਇਸਦਾ ਵਿਰੋਧ ਵੀ ਕੀਤਾ । ਅਜਿਹੀ ਮਨੁੱਖਤਾ ਪੱਖੀ ਨੇਕ ਆਤਮਾ ਦੇ ਇਸ ਫ਼ਾਨੀ ਦੁਨੀਆਂ ਤੋਂ ਚਲੇ ਜਾਣ ਉਤੇ ਜਿਥੇ ਓਹਨਾ ਦੀ ਆਤਮਾ ਦੀ ਸ਼ਾਂਤੀ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਕੌਮ ਅਰਦਾਸ ਕਰਦੀ ਹੈ ਓਥੇ ਸਮੁੱਚੇ ਬਰਤਾਨੀਆ ਨਿਵਾਸੀਆਂ ਅਤੇ ਓਹਨਾ ਨੂੰ ਪਿਆਰ ਕਰਨ ਵਾਲਿਆ ਨੂੰ ਭਾਣੇ ਵਿੱਚ ਵਿਚਰਨ ਲਈ ਗੁਰੂ ਚਰਨਾਂ ਵਿਚ ਅਰਜੋਈ ਵੀ ਕਰਦੀ ਹੈ ।
ਇਸ ਦੁੱਖ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਸਮੁੱਚੇ ਸੀਨਿਅਰ ਆਗੂਆਂ ਨੇ ਬੀਬੀ ਐਲਿਜ਼ਾਬੈਥ-2 ਦੇ ਅਕਾਲ ਚਲਾਣੇ ਉਤੇ ਡੂੰਗਾ ਦੁੱਖ ਜਾਹਿਰ ਕਰਦੇ ਹੋਏ ਅਤੇ ਓਹਨਾ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਕੀਤਾ ਇਸ ਅਰਦਾਸ ਵਿੱਚ ਸ. ਮਾਨ ਤੋਂ ਇਲਾਵਾ ਜਨਾਬ ਮੁਹੰਮਦ ਫ਼ੁਰਖਾਨ ਕੁਰੈਸ਼ੀ, ਸ. ਇਕਬਾਲ ਸਿੰਘ ਟਿਵਾਣਾ, ਸ. ਜਸਕਰਨ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋਫੈਸਰ ਮਹਿੰਦਰਪਾਲ ਸਿੰਘ, ਸ. ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਸ. ਇਮਾਨ ਸਿੰਘ, ਸ. ਗੋਬਿੰਦ ਸਿੰਘ, ਸ. ਲਖਵੀਰ ਸਿੰਘ ਮਹੇਸ਼ਪੁਰੀਆਂ, ਸ. ਗੁਰਜੰਟ ਸਿੰਘ ਕੱਟੂ ਅਤੇ ਸ. ਰਣਦੀਪ ਸਿੰਘ ਆਦਿ ਆਗੂ ਸ਼ਾਮਿਲ ਸਨ ।
ਜੋ ਬਰਤਾਨੀਆ ਦੀ ਮੌਜੂਦਾ ਵਜੀਰੇ ਆਜਮ ਬੀਬੀ ਲਿਜ ਟਰਸ਼ ਨੇ ਆਪਣੀ ਕੈਬਨਿਟ ਵਿੱਚ ਆਰ.ਐਸ.ਐਸ ਦੀ ਕੱਟੜਵਾਦੀ ਸੋਚ ਦੀ ਮਲਿਕ ਬੀਬੀ ਪ੍ਰੀਤੀ ਪਟੇਲ ਨੂੰ ਨਹੀਂ ਲਿਆ, ਇਹ ਓਹਨਾ ਦਾ ਸਲਾਘਾਯੋਗ ਉੱਦਮ ਹੈ ਜਿਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਵਾਗਤ ਕਰਦਾ ਹੈ ਕਿਉਂਕਿ ਜਦੋਂ ਬੀਬੀ ਲਿਜ ਟਰਸ਼ ਵਜੀਰੇ ਆਜਮ ਬਣੇ ਸਨ ਤਾਂ ਅਸੀਂ ਬੀਬੀ ਪ੍ਰੀਤੀ ਪਟੇਲ ਨੂੰ ਸਰਕਾਰ ਤੋਂ ਦੂਰ ਰੱਖਣ ਦੀ ਅਤੇ ਸੁਚੇਤ ਰਹਿਣ ਦੀ ਅਪੀਲ ਕੀਤੀ ਸੀ । ਜਿਸਨੂੰ ਬੀਬੀ ਲਿਜ ਟਰਸ਼ ਨੇ ਆਪਣੇ ਨਾਲ ਨਾ ਲੈਕੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਜੋ ਸਹੀ ਤਰਜਮਾਨੀ ਕੀਤੀ ਹੈ ਉਸਦਾ ਅਸੀਂ ਜ਼ੋਰਦਾਰ ਸਵਾਗਤ ਕਰਦੇ ਹੋਏ ਉਮੀਦ ਕਰਦੇ ਹਾਂ ਕਿ ਉਹ ਸਿੱਖ ਕੌਮ ਨਾਲ ਬਰਤਾਨੀਆਂ ਦੇ ਸੰਬੰਧਾਂ ਨੂੰ ਪਹਿਲੇ ਨਾਲੋਂ ਵੀ ਵਧੇਰੇ ਪ੍ਰਫੁੱਲਿਤ ਕਰਨਗੇ ਅਤੇ ਬਰਤਾਨੀਆਂ ਦੇ ਸਿੱਖਾਂ ਦੇ ਹੱਕ ਹਕੂਕ ਮਹਿਫੂਜ਼ ਰੱਖਣਗੇ।
Comments (0)