ਅਮਰੀਕਾ ਵਿਚ ਨਹੀਂ ਹੋਵੇਗਾ ਅਜੇ ਘੱਟੋ ਘੱਟ ਪ੍ਰਤੀ ਘੰਟਾ ਮਜ਼ਦੂਰੀ ਦਰ ਵਿਚ ਵਾਧਾ

ਅਮਰੀਕਾ ਵਿਚ ਨਹੀਂ ਹੋਵੇਗਾ ਅਜੇ ਘੱਟੋ ਘੱਟ ਪ੍ਰਤੀ ਘੰਟਾ ਮਜ਼ਦੂਰੀ ਦਰ ਵਿਚ ਵਾਧਾ

2025 ਤੱਕ ਘੱਟੋ ਘੱਟ ਮਜ਼ਦੂਰੀ 15 ਡਾਲਰ ਪ੍ਰਤੀ ਘੰਟਾ ਕਰਨ ਦੀ ਤਜਵੀਜ਼ ਨੂੰ..

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)..ਪ੍ਰਤੀ ਘੰਟਾ ਘੱਟੋ ਘੱਟ ਮਜ਼ਦੂਰੀ 15 ਡਾਲਰ ਕਰਨ ਦੇ ਸਮਰਥਕ ਸਾਂਸਦਾਂ ਦੀਆਂ ਕੋਸ਼ਿਸ਼ਾਂ ਨੂੰ ਉਸ ਵੇਲੇ ਧੱਕਾ ਲੱਗਾ ਜਦੋਂ ਸੈਨੇਟ ਦੇ ਇਕ ਅਧਿਕਾਰੀ ਨੇ ਫੈਸਲਾ ਸੁਣਾਇਆ ਕਿ ਇਹ ਵਿਵਾਦਤ ਮੁੱਦਾ ਰਾਸ਼ਟਰਪਤੀ ਜੋਅ ਬਾਇਡੇਨ ਦੇ 1.9 ਖਰਬ ਡਾਲਰਾਂ ਦੇ ਕੋਵਿਡ-19 ਰਾਹਤ ਪੈਕੇਜ਼ ਦੇ ਹਿੱਸੇ ਵਜੋਂ ਨਹੀਂ ਵਿਚਾਰਿਆ ਜਾ ਸਕਦਾ । 2025 ਤੱਕ ਘੱਟੋ ਘੱਟ ਮਜ਼ਦੂਰੀ 15 ਡਾਲਰ ਪ੍ਰਤੀ ਘੰਟਾ ਕਰਨ ਦੀ ਤਜਵੀਜ਼ ਨੂੰ ਇਕੱਲਿਆਂ ਵੱਖਰੇ ਤੌਰ 'ਤੇ ਜਾਂ ਕਿਸੇ ਹੋਰ ਬਿੱਲ ਦੇ ਹਿੱਸੇ ਵਜੋਂ ਪੇਸ਼ ਕੀਤਾ ਜਾ ਸਕਦਾ ਹੈ। ਸੈਨੇਟ ਵਿਚ ਬਹੁਗਿਣਤੀ ਆਗੂ ਚੁੱਕ ਸ਼ੂਮਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸਾਨੂੰ ਨਿਰਨੇ ਨਾਲ ਘੋਰ ਨਿਰਾਸ਼ਾ ਹੋਈ ਹੈ ਪਰ ਅਸੀਂ ਘੱਟੋ ਘੱਟ ਮਜ਼ਦੂਰੀ ਪ੍ਰਤੀ ਘੰਟਾ 15 ਡਾਲਰ ਕਰਨ ਦੀ ਲੜਾਈ ਵਿਚਾਲੇ ਨਹੀਂ ਛੱਡਾਂਗੇ ਤੇ ਇਸ ਨੂੰ ਸਿਰੇ ਲਾ ਕੇ ਦਮ ਲਵਾਂਗੇ। ਉਨਾਂ ਕਿਹਾ ਕਿ ''ਇਸ ਨਾਲ ਜੀਣ ਲਈ ਜਦੋਜਹਿਦ ਕਰ ਰਹੇ ਲੱਖਾਂ ਅਮਰੀਕੀ ਕਾਮਿਆਂ ਤੇ ਉਨਾਂ ਦੇ ਪਰਿਵਾਰ ਰਾਹਤ ਮਹਿਸੂਸ ਕਰਨਗੇ। ਅਮਰੀਕੀ ਇਸ ਦੇ ਹੱਕਦਾਰ ਹਨ ਤੇ ਇਹ ਹੱਕ ਉਨਾਂ  ਨੂੰ ਮਿਲਣਾ ਹੀ ਚਾਹੀਦਾ ਹੈ। ਅਸੀਂ ਇਸ ਨੂੰ ਪੂਰਾ ਕਰਨ ਪ੍ਰਤੀ ਵਚਨਬੱਧ ਹਾਂ।'' ਸੈਨੇਟਰ ਬਰਨੀ ਸੈਂਡਰਜ ਸਮੇਤ ਹੋਰ ਕਈ ਸੈਨੇਟਰਾਂ ਦੀ ਕੋਸ਼ਿਸ਼ ਸੀ ਕਿ ਘੱਟੋ ਘੱਟ ਮਜ਼ਦੂਰੀ ਵਿਚ ਵਾਧੇ ਦੀ ਤਜਵੀਜ਼ ਰਾਹਤ ਪੈਕੇਜ਼ ਨਾਲ ਹੀ ਜੋੜ ਦਿੱਤੀ ਜਾਵੇ ਕਿਉਂਕਿ ਉਨਾਂ ਦਾ ਮੰਨਣਾ ਹੈ ਕਿ ਇਸ ਨੂੰ ਵੱਖਰੇ ਤੌਰ 'ਤੇ ਪਾਸ ਕਰਨਾ ਸੰਭਵ ਨਹੀਂ ਲੱਗਦਾ।