ਰੋਕੀ ਰੱਖ…!!!

ਰੋਕੀ ਰੱਖ…!!!

ਕਮਲ ਦੁਸਾਂਝ

ਰੋਕੀ ਰੱਖ…!!!
ਮੋਦੀ-”ਅਸੀਂ ਦੇਸ਼ ਨੂੰ ਕੈਸ਼ਲੈੱਸ ਬਣਾ ਕੇ ਰਹਾਂਗੇ। ਤੁਸੀਂ ਸਾਰੀਆਂ ਅਦਾਇਗੀਆਂ ਡਿਜੀਟਲ ਕਰੋ…। ਦੇਖੋ, ਕਿੰਨਾ ਆਸਾਨ ਐ, ਆਪਣੇ ਫ਼ੋਨ ‘ਤੇ ਜ਼ਰਾ ਪੇ.ਟੀਐਮ ਡਾਊਨਲੋਡ ਕਰੋ ਤੇ ਐਸ਼ ਕਰੋ।”
ਸੁਥਰਾ-ਪਰ ਮੋਦੀ ਜੀ, ਮੈਂ ਸੁਣਿਐ, ਆ ਪੇ.ਟੀਐਮ ਤਾਂ ਚੀਨ ਦੀ ਐ।
ਮੋਦੀ-ਓ ਕੰਜਰੋ, ਮੈਂ ਥੋਨੂੰ ਚੀਨ ਦੇ ਪਟਾਕੇ ਚਲਾਉਣ ਤੋਂ ਰੋਕਿਆ ਸੀ, ਪੇ.ਟੀਐਮ ਥੋੜ੍ਹੀ…ਇਹ ਤਾਂ ਆਪਣੀਓ ਐ…।
ਸੁਥਰਾ-ਪਰ ਮੋਦੀ ਜੀ, ਇਹਦੇ ਲਈ ਨੈੱਟ ਵੀ ਤਾਂ ਚਾਹੀਦੈ।
ਮੋਦੀ-ਲੈ, ਭਲਿਆ ਲੋਕਾ, ਥੋਡੇ ਲਈ ਮੇਰੇ ਮਿੱਤਰ ਅੰਬਾਨੀ ਕਦੋਂ ਕੰਮ ਆਉਣਗੇ…ਉਨ੍ਹਾਂ ਦਾ ਜੀਓ ਲਓ…ਮੈਂ ਅਖ਼ਬਾਰਾਂ ‘ਚ ਆਪਣੀ ਜੀਓ ਨਾਲ ਫੋਟੂ ਤਾਂ ਛਾਪੀ ਸੀ, ਤੂੰ ਦੇਖਿਆ ਨਹੀਂ?
ਸੁਥਰਾ-ਮੈਨੂੰ ਕਿੱਥੇ ਪੜ੍ਹਨਾ ਆਉਂਦੈ…ਪਰ ਮੇਰੇ ਸਾਥੀ ਘੋਲੇ ਨੂੰ ਆਉਂਦੈ…।
ਪਰ ਉਹ ਤਾਂ ਸੌਰੀ ਦਾ ਆ ਥੋਡੀ ਪੇ.ਟੀਐਮ. ਲੈ ਕੇ ਪੰਗਾ ਈ ਲੈ ਬੈਠਾ।
ਮੋਦੀ- ਲੈ ਭਲਾ, ਪੰਗਾ ਕਾਹਦਾ ਪੈ ਗਿਆ।
ਸੁਥਰਾ- ਜਨਾਬ, ਅਸੀਂ ਲੱਗੇ ਸੀ ਬੈਂਕ ਦੀ ਲਾਈਨ ਤੇ ਐਨੇ ਨੂੰ ਘੋਲੇ ਦਾ ਡਿੱਢ ਮਰੋੜੇ ਖਾਣ ਲੱਗਾ। ਅਸੀਂ ਦੌੜ ਕੇ ਆ ਥੋਡੇ ਸੁਲਭ ਸੁਚਾਲੇ ਚਲੇ ਗਏ…ਘੋਲੇ ਨੇ ਮੂਹਰੇ ਬੈਠੇ ਬੰਦੇ ਨੂੰ ਪੇ.ਟੀਐਮ ਨਾਲ ਪੰਜ ਰੁਪਏ ਦਿੱਤੇ ਪਰ ਏਨੇ ਨੂੰ ਨੈੱਟਵਰਕ ਟੁੱਟ ਗਿਆ।
ਮੋਦੀ-ਸੁਥਰਿਆ ਫੇਰ ਕੀ ਹੋਈਆ?
ਸੁਥਰਾ-ਹੋਣਾ ਕੀ ਸੀ ਜਨਾਬ, ਅੱਗੋਂ ਬੰਦਾ ਕਹਿੰਦਾ, ਰੋਕੀ ਰੱਖ ਜਦੋਂ ਤਕ ਨੈੱਟਵਰਕ ਨੀਂ ਆਉਂਦਾ!!!

ਸਿਆਸਤੇ ਤੇਰਾ ਵੀ ਜਵਾਬ ਨੀਂ…!!
ਅੱਜ ਕਲ੍ਹ ਚੋਣਾਂ ਦਾ ਜ਼ੋਰ ਹੈ ਤੇ ਵਫ਼ਾਦਾਰੀਆਂ ਡਿਗ ਡਿਗ ਪੈ ਰਹੀਆਂ ਨੇ…ਕੋਈ ਕਿਧਰ ਨੂੰ ਮੂੰਹ ਚੁੱਕੀ ਫਿਰਦੈ ਤੇ ਕੋਈ ਕਿਧਰ ਨੂੰ…ਜਿਧਰ ਢੋਈ ਮਿਲੀ, ਉਸੇ ਦਾ ਸਹਾਰਾ ਲੈ ਲਿਆ। ਉਂਜ ਇਨ੍ਹਾਂ ਨੂੰ ਦਲ-ਬਦਲੂ ਕਹਿੰਦੇ ਆ। ਜਿਹੜਾ ਪਾਰਟੀ ਛੱਡ ਜਾਏ, ਉਹ ਦਲ-ਬਦਲੂ ਤੇ ਜਿਹੜਾ ਸ਼ਾਮਲ ਹੋ ਜਾਵੇ ਤਾਂ ਉਹਦਾ ਫੁੱਲਾਂ ਨਾਲ ਸਵਾਗਤ…। ਬੰਦਾ ਇਕ ਚਿਹਰੇ ਕਿੰਨੇ। ਵੈਸੇ ਲੀਡਰਾਂ ਨੂੰ ਬਿਆਨ ਦੇਣ ਲਈ ਵੀ ਤਾਂ ਕੋਈ ਮੁੱਦਾ ਚਾਹੀਦੈ…ਹੁਣ ਭਲਾ ਰੋਜ਼ ਕਿਥੋਂ ਨਵੇਂ ਨਵੇਂ ਮੁੱਦੇ ਮਿਲਣ। ਉਪ ਮੁੱਖ ਮੰਤਰੀ ਦੇ ਸਾਲਾ ਸਾਹਿਬ ਬਿਕਰਮ ਸਿੰਘ ਮਜੀਠੀਆ ਵੀ ਬਿਆਨੋ-ਬਿਆਨੀ, ਕਹਿ ਲਓ-ਮਿਹਣੋ-ਮਿਹਣੀ ਹੋ ਰਹੇ ਹਨ। ਉਨ੍ਹਾਂ ਦੀ ਸੂਈ ਹਾਲੇ ਤਕ ਪਰਗਟ ਸਿੰਘ ਤੇ ਨਵਜੋਤ ਸਿੰਘ ਸਿੱਧੂ ‘ਤੇ ਅਟਕੀ ਹੋਈ ਐ-ਉਨ੍ਹਾਂ ਦਾ ਕਹਿਣਾ ਐ ਕਿ ਭਲਾ ਇਹ ਵੀ ਕੋਈ ਭਰੋਸੇਯੋਗ ਬੰਦੇ ਆ…ਇਹ ਤਾਂ ਦਲ-ਬਦਲੂ ਆ ਦਲ ਬਦਲੂ…। ਹੁਣ ਮਜੀਠੀਆ ਸਾਹਿਬ ਨੂੰ ਪੁਛੇ, ਭਲਾ ਜਿਹੜੇ ਦੂਜੀਆਂ ਪਾਰਟੀਆਂ ਛੱਡ ਕੇ ਅਕਾਲੀ ਦਲ ‘ਚ ਆ ਰਹੇ ਆ, ਉਹ ਕੀ ਆ। ਨਾਲ ਜੇ ਕੱਲ੍ਹ ਨੂੰ ਇਨ੍ਹਾਂ ‘ਚੋਂ ਕਿਸੇ ਦੀ ਵਾਪਸੀ ਹੋ ਗਈ ਤਾਂ ਕਹਿਣਗੇ-ਘਰ ਵਾਪਸੀ ਹੋਈ…ਹੁਣ ਇਹ ਬੰਦਾ ਚੰਗਾ ਐ…ਵਾਹ ਨੀਂ ਸਿਆਸਤੇ, ਤੇਰਾ ਵੀ ਕੋਈ ਜਵਾਬ ਨਹੀਂ…!!

ਅਸੀਂ ਤਾਂ ਪਾਰਟੀ ਦੀ ਸੇਵਾ ਕਰੀ ਦੀ ਐ…!!
ਸੀਬੀਆ ਸਾਹਿਬ (ਸੁਰਿੰਦਰਪਾਲ ਸਿੰਘ ਸੀਬੀਆ, ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ) ਦੀ ਵੀ ਸੁਣ ਲਓ! ਕਾਂਗਰਸ ਛੱਡ ਕੇ ਅਕਾਲੀ ਦਲ ਦੀ ਤੱਕੜੀ ਵਿਚ ਬਹਿ ਗਏ ਨੇ…। ਕਹਿੰਦੇ ਆ, ਬਈ-ਮੈਂ ਚਾਲ ਸਾਲ ਕਾਂਗਰਸ ਦੀ ਸੇਵਾ ਕੀਤੀ, ਪਰ ਮਿਲਿਆ ਕੀ…?! ‘ਕੱਲੇ ਸੀਬੀਆ ਦੀ ਛੱਡੋ, ਇਨ੍ਹਾਂ ਲੀਡਰਾਂ ਨੂੰ ਮਿਲਦਾ-ਮਲਾਉਂਦਾ ਕੀ ਐ, ਇਹ ਤਾਂ ਸਭ ਨੂੰ ਪਤੈ…। ਗੱਲ ਤਾਂ ਸੇਵਾ ਦੀ ਐ…ਗੱਲ ਕਰਦੇ ਨੇ ਲੋਕਾਂ ਦੀ ਤੇ ਸੇਵਾ ਕਰਦੇ ਨੇ ਪਾਰਟੀ ਦੀ। ਪੈਸਾ ਖਾਂਦੇ ਨੇ ਲੋਕਾਂ, ਸੇਵਾ ਪਾਰਟੀ ਦੀ। ਹੱਕ ਮਾਰਦੇ ਨੇ ਲੋਕਾਂ ਦਾ ਤੇ ਸੇਵਾ ਪਾਰਟੀ ਦੀ। ਤੇ ਲੋਕਾਂ ਦੀ ਸੇਵਾ ਤਾਂ ਇਹ ਡੰਡਿਆਂ ਨਾਲ ਕਰਦੇ ਨੇ…। ਹੋਰ ਤਾਂ ਹੋਰ ਜਿਧਰੋਂ ਦੀ ਇਹ ਲੰਘਣ, ਸੜਕਾਂ ਜਾਮ ਕਰਕੇ, ਲੋਕਾਂ ਨੂੰ ਪ੍ਰੇਸ਼ਾਨ ਕਰਕੇ, ਇਨ੍ਹਾਂ ਦੀ ਗੱਡੀਆਂ ਹੂਟਰ ਮਾਰਦੀਆਂ ਧੂਹ ਧੂਹ ਕਰਕੇ ਲੰਘ ਜਾਂਦੀਆਂ ਨੇ…। ਗੱਲ ਤਾਂ ਇਨ੍ਹਾਂ ਦੀ ਸਹੀ ਐ, ਬਈ ਸੇਵਾ ਤਾਂ ਇਹ ਪਾਰਟੀ ਦੀ ਕਰਦੇ ਆ, ਜੇ ਪਾਰਟੀ ਨੇ ਝੋਲੀ ‘ਚ ਕੁਝ ਪਾਇਆ ਨਾ ਤਾਂ, ਉਹ ਛੱਡ ਦੂਜੀ ਪਾਰਟੀ ਦੀ ਸੇਵਾ ‘ਚ ਜਾ ਹਾਜ਼ਰ ਹੁੰਦੇ ਆ। ਜੇ ਇਨ੍ਹਾਂ ਨੇ ਲੋਕਾਂ ਦੀ ਸੇਵਾ ਕੀਤੀ ਹੁੰਦੀ ਤਾਂ ਹੱਥ ਅੱਡਨੇ ਈ ਨਾ ਪੈਂਦੇ, ਨਾ ਦਲ-ਬਦਲੂ ਦਾ ਠੱਪਾ ਲਗਦਾ।
ਨਾਲੋ-ਨਾਲ ਵੱਡੇ ਬਾਦਲ ਸਾਹਿਬ ਦੀ ਵੀ ਸੁਣ ਲਓ, ਕੁਝ ਦਿਨ ਪਹਿਲਾਂ ਕਹਿੰਦੇ ਕਿ ਦਲ-ਬਦਲੀ ਖ਼ਿਲਾਫ਼ ਕਾਨੂੰਨ ਬਣਨਾ ਚਾਹੀਦੈ ਤੇ ਆਪ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰ ਰਹੇ ਨੇ…। ਇਮਾਨ ਲੀਡਰਾਂ ਦੇ ਗਏ ਤੇ ਹੁਣ ਕਾਨੂੰਨ ਵਿਚਾਰਾ ਕੀ ਕੀ ਕਰੇ!!!

ਕੰਡੇ ਬੀਜ ਕੇ ਕੀ ਆਲੂ ਪੁਟੋਂਗੇ…!!
ਮੋਦੀ ਜੀ ਕਹਿੰਦੇ-ਕੁਝ ਲੋਕ ਇਸ ਤਾੜ ਵਿਚ ਨੇ ਕਿ ਜਦੋਂ ਈ ਉਨ੍ਹਾਂ ਨੂੰ ਮੌਕਾ ਮਿਲੇ ਤਾਂ ਉਹ ਮੇਰੇ ‘ਤੇ ਟੁੱਟ ਪੈਣ ਪਰ ਮੇਰੇ ‘ਤੇ ਦੇਸ਼ਵਾਸੀਆਂ ਨੇ ਰੱਖਿਆ ਕਵਚ ਕੀਤਾ ਹੋਇਐ। ਗੱਲ ਤਾਂ ਮੋਦੀ ਜੀ ਸਹੀ ਐ…। ਬੰਦਾ ਜੋ ਬੀਜਦਾ, ਉਹੀ ਖੇਤੀ ਹੋਊਗੀ ਤੇ ਉਹੀ ਵੱਢੂਗਾ…। ਹੁਣ ਕੰਡੇ ਬੀਜ ਕੇ ਆਲੂ ਤਾਂ ਪੁੱਟੇ ਨੀਂ ਜਾ ਸਕਦੇ। ਜਿਹੜੇ ਟੁੱਟ ਕੇ ਪੈਣਗੇ, ਉਹ ਤਾਂ ਵਿਚਾਰੇ ਨੋਟਬੰਦੀ ਤੋਂ ਦੁਖੀ ਆ…ਬੈਠੇ-ਬਿਠਾਇਆਂ ਉਨ੍ਹਾਂ ‘ਤੇ ਤੁਸੀਂ ਬਾਜ਼ ਵਾਂਗ ਟੁੱਟ ਪਏ…ਟੈਲੀਵਿਜ਼ਨ ਮੂਹਰੇ ਆਏ ਤੇ ਨੋਟ ਬੰਦ ਕਰਕੇ ਚਲਦੇ ਬਣੇ…ਏਨੇ ਦਿਨਾਂ ਦੇ ਵਿਚਾਰਿਆਂ ਦੇ ਚੁੱਲ੍ਹੇ ਠੰਢੇ ਪਏ ਆ…ਗੁਰਦੁਆਰਿਆਂ ‘ਚ ਲੰਗਰ ਛੱਕ ਕੇ ਗੁਜ਼ਾਰਾ ਕਰ ਰਹੇ ਆ…ਪਤਾ ਨਹੀਂ ਕਿੰਨੇ ਉਨ੍ਹਾਂ ਦੇ ਕੰਮ ਰੁਕ ਗਏ…ਇਹ ਤਾਂ ਸ਼ੁਕਰ ਕਰੋ, ਤੁਹਾਡੇ ‘ਤੇ ਦੇਸ਼ਵਾਸੀਆਂ ਦੀ ਨਹੀਂ, ਬਲਕਿ ਤੁਹਾਡੇ ਭਗਤਾਂ ਤੇ ਮੀਡੀਆ ਦੀ ਛਤਰ ਛਾਇਐ, ਨਹੀਂ ਤਾਂ ਸੱਚ ਹੀ ਲੋਕਾਂ ਨੇ ਥੋਡੇ ‘ਤੇ ਟੁੱਟ ਕੇ ਪੈ ਜਾਣਾ ਸੀ। ਲਾਈਨ ‘ਚ ਲੱਗੇ ਲੋਕਾਂ ਦਾ ਹਾਲ ਜਾਣਨ ਲਈ ਤੁਸੀਂ ਆਪਣਾ ਮੰਤਰੀ ਭੇਜ ਕੇ ਹਾਲ ਤਾਂ ਦੇਖ ਈ ਲਿਆ ਹੋਣਾ ਕਿ ਕਿਵੇਂ ਲੋਕਾਂ ਨੇ ਉਹਦੇ ਕੁੱਟ-ਕੁੱਟ ਕੱਪੜੇ ਪਾੜ ਦਿੱਤੇ…। ਸ਼ੁਕਰ ਮਨਾਓ ਜ਼ੈੱਡ ਸਕਿਊਰਿਟੀ ਦਾ!!!

ਇਹ ਤਾਂ ਬਾਦਲਾਂ ਦੀ ਮਿਹਨਤ ਐ…!!
”ਅਸੀਂ ਉਤਰ ਪ੍ਰਦੇਸ਼ ਵਿਚੋਂ ਪਰਿਵਾਰਵਾਦ ਖ਼ਤਮ ਕਰਕੇ ਰਹਾਂਗੇ…ਮੁਲਾਇਮ ਸਰਕਾਰ ਨੂੰ ਭਜਾ ਕੇ ਰਹਾਂਗੇ…ਇਨ੍ਹਾਂ ਨੇ ਪਰਿਵਾਰਵਾਦ ਨੂੰ ਬੜਾਵਾ ਦਿੱਤੈ…।” ਇਹ ਬੋਲ ਨੇ ਭਾਜਪਾ ਦੇ ਬੁਲਾਰੇ ਸ਼ਾਹਨਵਾਜ਼ ਹੁਸੈਨ ਦੇ। ਬਈ, ਹੁਣ ਉਤਰ ਪ੍ਰਦੇਸ਼ ਦੀਆਂ ਚੋਣਾਂ ਸ਼ਿਖ਼ਰ ‘ਤੇ ਨੇ ਤੇ ਕੋਈ ਨਾ ਕੋਈ ਠੋਸ ਮੁੱਦਾ ਤਾਂ ਚਾਹੀਦੈ…ਉਂਜ ਵੀ ਮੁਲਾਇਮ ਯਾਦਵ ਦੀ ਸਮਾਜਵਾਦੀ ਪਾਰਟੀ ਪਰਿਵਾਰਕ ਕਲੇਸ਼ ਵਿਚ ਉਲਝੀ ਪਈ ਹੈ ਤੇ ਮੌਕਾ ਚੰਗਾ ਹੈ ਪਰਿਵਾਰਵਾਦ ਖ਼ਤਮ ਕਰਨ ਦਾ ਨਾਅਰਾ ਦੇ ਮਾਰੋ…ਦੁਸ਼ਮਣ ਨੂੰ ਮਾਤ ਦੇਣਾ ਸੌਖਾ।
ਪਰ ਪੰਜਾਬ ਵਿਚ ਬਾਦਲਾਂ ਦੇ ਪਰਿਵਾਰਵਾਦ ਬਾਰੇ ਉਨ੍ਹਾਂ ਦੀ ਰਾਏ ਕੁਝ ਹੋਰ ਹੀ ਜ਼ੁਬਾਨ ਬੋਲੀ ਜਾਂਦੀ ਐ…। ਉਨ੍ਹਾਂ ਨੂੰ ਜਦੋਂ ਪੁਛਿਆ, ਜੇ ਉਤਰ ਪ੍ਰਦੇਸ਼ ਵਿਚ ਪਰਿਵਾਰਵਾਦ ਖ਼ਤਮ ਕਰਨੈ ਤਾਂ ਤੁਸੀਂ ਆਪਣੀ ਭਾਈਵਾਲ ਅਕਾਲੀ ਦਲ ਬਾਰੇ ਕੀ ਕਹੋਂਗੇ? ਬਾਪ-ਪੁੱਤ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ, ਸਾਲਾ ਮਾਲ ਮੰਤਰੀ ਤੇ ਨੂੰਹ ਨੂੰ ਕੇਂਦਰ ਵਿਚ ਮੰਤਰੀ ਬਣਾ ਲਿਆ…ਕੇਂਦਰ ਵੱਲ ਮੂੰਹ ਕਰਨ ਲਈ ਕਿੰਨੇ ਸੀਨੀਅਰ ਅਕਾਲੀ ਆਗੂ ਤੱਕਦੇ ਹੀ ਰਹਿ ਗਏ ਤੇ ਬਾਜ਼ੀ ਨੂੰਹ ਰਾਣੀ ਮਾਰ ਗਈ। ਜਨਾਬ ਹੁਸੈਨ ਦਾ ਕਹਿਣੈ ਕਿ ਬਾਦਲ ਪਰਿਵਾਰ ਤਾਂ ਮਿਹਨਤ ਕਰਕੇ ਸਿਆਸਤ ਵਿਚ ਅੱਗੇ ਵਧਿਐ…ਉਹੀ ਮਿਹਨਤ ਤਾਂ ਮੁਲਾਇਮ ਸਿੰਘ ਨੇ ਵੀ ਕੀਤੀ ਐ…ਉਂ ਮਿਹਨਤੀ ਤਾਂ ਜੀ ਬਾਦਲ ਪਰਿਵਾਰ ਬਹੁਤ ਐ, ਦੇਖੋ ਦੇਖਦਿਆਂ ਈ ਦੇਖਦਿਆਂ ਕਿੰਨੀ ਜਾਇਦਾਦ ਬਣਾ ਲਈ…ਛੱਡਿਐ ਕੋਈ ਢਾਬਾ, ਕੋਈ ਦਾਬਾ…!!