ਕੈਲੀਫੋਰਨੀਆ ਵਿਚ ਫਾਇਰ ਸਟੇਸ਼ਨ 'ਤੇ ਗੋਲੀਬਾਰੀ, ਇਕ ਮੌਤ , ਇਕ ਜਖਮੀ

ਕੈਲੀਫੋਰਨੀਆ ਵਿਚ ਫਾਇਰ ਸਟੇਸ਼ਨ 'ਤੇ ਗੋਲੀਬਾਰੀ, ਇਕ ਮੌਤ , ਇਕ ਜਖਮੀ
ਸ਼ੱਕੀ ਦੋਸ਼ੀ ਦਾ ਸੜ ਰਿਹਾ ਘਰ

ਅੰਮ੍ਰਿਤਸਰ ਟਾਈਮਜ਼ ਬਿਉਰੋ 

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ (ਲਾਸ ਏਂਜਸਲ ਕਾਊਂਟੀ) ਦੇ ਇਕ ਫਾਇਰ ਸਟੇਸ਼ਨ 'ਤੇ ਇਕ ਫਾਇਰਫਾਈਟਰ ਨੇ ਗੋਲੀਆਂ ਚਲਾ ਕੇ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਤੇ ਇਕ ਹੋਰ ਨੂੰ ਜਖਮੀ ਕਰ ਦਿੱਤਾ। ਸ਼ੱਕੀ ਦੋਸ਼ੀ ਘਟਨਾ ਨੂੰ ਅੰਜਾਮ ਦੇਣ ਸਮੇ ਡਿਊਟੀ ਉਪਰ ਨਹੀਂ ਸੀ। ਅਧਿਕਾਰੀਆਂ ਅਨੁਸਾਰ  ਲਾਸ ਏਂਜਲਸ ਦੇ ਉਤਰ ਵਿਚ ਤਕਰੀਬਨ 30 ਕਿਲੋਮੀਟਰ ਦੂਰ ਫਾਇਰ ਸਟੇਸ਼ਨ 81 ਅਗੂਆ ਡੂਲਸ ਕੈਲੀਫੋਰਨੀਆ ਵਿਖੇ ਗੋਲੀਬਾਰੀ ਹੋਣ ਦੀ ਸੂਚਨ ਮਿਲਣ ਉਪਰੰਤ ਮੌਕੇ 'ਤੇ ਪੁੱਜੇ ਅਧਿਕਾਰੀਆਂ ਨੇ ਵੇਖਿਆ ਕਿ ਇਕ ਵਿਅਕਤੀ ਦੀ ਗੋਲੀਆਂ ਵੱਜਣ ਕਾਰਨ ਮੌਕੇ ਉਪਰ ਹੀ ਮੌਤ ਹੋ ਚੁੱਕੀ ਸੀ। ਮ੍ਰਿਤਕ ਫਾਇਰਫਾਈਟਰ ਮਾਹਿਰ ਇੰਜੀਨੀਅਰ ਸੀ ਤੇ ਉਹ 20 ਸਾਲ ਤੋਂ ਵਿਭਾਗ ਵਿਚ ਕੰਮ ਕਰ ਰਿਹਾ ਸੀ। ਅੱਗ ਬੁਝਾਊ ਵਿਭਾਗ ਦੇ ਇਕ ਹੋਰ  54 ਸਾਲਾ ਮੁਲਾਜਮ ਨੂੰ ਵੀ ਗੋਲੀ ਵੱਜੀ ਹੈ ਤੇ ਉਸ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਸਥਿੱਰ ਪਰ ਗੰਭੀਰ ਦਸੀ ਜਾ ਰਹੀ ਹੈ। ਲਾਸ ਏਂਜਲਸ ਕਾਊਂਟੀ ਸ਼ੈਰਿਫ ਵਿਭਾਗ ਹੋਮੀਸਾਇਡ ਬਿਊਰੋ ਦੇ ਅਧਿਕਾਰੀ ਬਰੈਡਨ ਡੀਨ ਨੇ ਕਿਹਾ ਕਿ ਚਸਮਦੀਦ ਗਵਾਹਾਂ ਦੇ ਦੱਸਣ ਅਨੁਸਾਰ ਇਕ ਸ਼ੱਕੀ ਵਿਅਕਤੀ ਦਾ ਨਾਂ ਸਾਹਮਣੇ ਆਇਆ ਹੈ। ਜਦੋਂ ਅਧਿਕਾਰੀ ਉਸ ਦੇ ਘਰ ਪੁੱਜੇ ਤਾਂ ਉਸ ਦੇ ਘਰ ਨੂੰ ਅੱਗ ਲੱਗੀ ਹੋਈ ਸੀ। ਅਗ ਬੁਝਾਊ ਅਮਲੇ ਨੇ ਇਕ ਵਿਅਕਤੀ ਜਿਸ ਦੇ ਸਿਰ ਵਿਚ ਗੋਲੀ ਵੱਜੀ ਹੋਈ ਸੀ, ਨੂੰ  ਅੱਗ ਵਿਚ ਘਿਰੇ ਵੇਖਿਆ । ਸਮਝਿਆ ਜਾਂਦਾ ਹੈ ਕਿ ਉਹ ਹੀ ਦੋਸ਼ੀ ਸੀ। ਡੀਨ ਨੇ ਕਿਹਾ ਕਿ ਇਹ ਅਜੇ ਜਾਂਚ ਦਾ ਵਿਸ਼ਾ ਹੈ ਕਿ ਸ਼ੱਕੀ ਵਿਅਕਤੀ ਨੇ ਖੁਦ ਨੂੰ ਆਪ ਹੀ ਗੋਲੀ ਮਾਰੀ ਹੈ ਜਾਂ ਨਹੀਂ। ਪਰ ਉਨਾਂ ਸਪੱਸ਼ਟ ਕੀਤਾ ਕਿ ਅਧਿਕਾਰੀਆਂ ਨੇ ਉਸ  ਉਪਰ ਗੋਲੀ ਨਹੀਂ ਚਲਾਈ।