ਕੋਰੋਨਾਵਾਇਰਸ ਦਾ ਅਗਲਾ ਕੇਂਦਰ ਬਣਿਆ ਅਮਰੀਕਾ; ਨਿਊਯਾਰਕ ਵਿਚ ਅਮਰੀਕੀ ਨੇਵੀ ਦੀ ਮਦਦ ਮੰਗੀ ਗਈ

ਕੋਰੋਨਾਵਾਇਰਸ ਦਾ ਅਗਲਾ ਕੇਂਦਰ ਬਣਿਆ ਅਮਰੀਕਾ; ਨਿਊਯਾਰਕ ਵਿਚ ਅਮਰੀਕੀ ਨੇਵੀ ਦੀ ਮਦਦ ਮੰਗੀ ਗਈ

ਵਾਸ਼ਿੰਗਟਨ: ਚੀਨ, ਇਟਲੀ ਅਤੇ ਸਪੇਨ ਤੋਂ ਬਾਅਦ ਕੋਰੋਨਾਵਾਇਰਸ ਮਹਾਂਮਾਰੀ ਦਾ ਅਗਲਾ ਕੇਂਦਰ ਅਮਰੀਕਾ ਬਣ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਹੁਣ ਤੱਕ ਅਮਰੀਕਾ ਵਿਚ 1 ਲੱਖ 60 ਹਜ਼ਾਰ 500 ਤੋਂ ਵੱਧ ਕੋਰੋਨਾ ਪੀੜਤ ਮਾਮਲੇ ਸਾਹਮਣੇ ਆ ਚੁੱਕੇ ਹਨ। ਇਹਨਾਂ ਵਿਚੋਂ 3000 ਪੀੜਤਾਂ ਦੀ ਮੌਤ ਹੋ ਚੁੱਕੀ ਹੈ ਤੇ ਸਭ ਤੋਂ ਵੱਧ 1200 ਮੌਤਾਂ ਨਿਊ ਯਾਰਕ ਸ਼ਹਿਰ ਵਿਚ ਦਰਜ ਕੀਤੀਆਂ ਗਈਆਂ ਹਨ। 

ਪੂਰੀ ਦੁਨੀਆ ਵਿਚ ਹੁਣ ਤਕ ਕੋਰੋਨਾਵਾਇਰਸ ਦੇ 7 ਲੱਖ 84 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 37 ਹਜ਼ਾਰ ਤੋਂ ਵੱਧ ਲੋਕਾਂ ਦੀ ਇਸ ਮਹਾਂਮਾਰੀ ਨਾਲ ਮੌਤ ਹੋ ਚੁੱਕੀ ਹੈ।

ਸੀਐਨਐਨ ਹੈਲਥ ਮੁਤਾਬਕ ਸੋਮਵਾਰ ਵਾਲੇ ਦਿਨ ਅਮਰੀਕਾ ਵਿਚ 574 ਮੌਤਾਂ ਹੋਈਆਂ ਹਨ ਜੋ ਹੁਣ ਤਕ ਅਮਰੀਕਾ ਵਿਚ ਇਸ ਵਾਇਰਸ ਨਾਲ ਹੋਈਆਂ ਮੌਤਾਂ ਦਾ ਸਭ ਤੋਂ ਵੱਡਾ ਅੰਕੜਾ ਹੈ। 

ਨਿਊ ਯਾਰਕ ਸ਼ਹਿਰ ਦੇ ਗਵਰਨਰ ਨੇ ਹਾਲਾਤ ਹੱਥੋਂ ਬਾਹਰ ਨਿਕਲਦੇ ਦਸਦਿਆਂ ਅਮਰੀਕੀ ਨੇਵੀ ਦੀ ਮਦਦ ਮੰਗੀ ਹੈ ਤੇ ਸਿਹਤ ਵਲੰਟੀਅਰਜ਼ ਨੂੰ ਇਸ ਬਿਪਤਾ ਨਾਲ ਨਜਿੱਠਣ ਲਈ ਅੱਗੇ ਆਉਣ ਵਾਸਤੇ ਕਿਹਾ ਹੈ। ਅਮਰੀਕੀ ਨੇਵੀ ਦੇ ਹਸਪਤਾਲ ਰੂਪੀ ਸਮੁੰਦਰੀ ਜਹਾਜ਼ ਨੂੰ ਨਿਊਯਾਰਕ ਬੰਦਰਗਾਹ 'ਤੇ ਲਾਇਆ ਗਿਆ ਹੈ। ਇਸ ਹਸਪਤਾਲ ਰੂਪੀ ਜਹਾਜ਼ ਵਿਚ 1000 ਬਿਸਤਰੇ ਹਨ। ਇਸ ਜਹਾਜ਼ ਦੇ ਹਸਪਤਾਲ ਨੂੰ ਸ਼ਹਿਰ ਦੇ ਕੋਰੋਨਾ ਤੋਂ ਇਲਾਵਾ ਹੋਰ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਲਈ ਵਰਤਿਆ ਜਾਵੇਗਾ ਜਦਕਿ ਸ਼ਹਿਰ ਦੇ ਹਸਪਤਾਲਾਂ ਨੂੰ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਇਲਾਜ਼ ਲਈ ਖਾਲੀ ਕਰਵਾਇਆ ਜਾ ਰਿਹਾ ਹੈ। 

ਅਮਰੀਕਾ ਦੀ ਹਾਲਾਤ ਕੋਰੋਨਾਵਾਇਰਸ ਸਾਹਮਣੇ ਅਜਿਹੀ ਬਣ ਰਹੀ ਹੈ ਕਿ ਉੱਥੋਂ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਜੇ ਅਮਰੀਕਾ ਮੌਤਾਂ ਦੇ ਅੰਕੜੇ ਨੂੰ ਲੱਖ ਤੋਂ ਹੇਠ ਰੋਕ ਲੈਂਦਾ ਹੈ ਤਾਂ ਵੱਡੀ ਕਾਮਯਾਬੀ ਹੋਵੇਗੀ।

ਪੈਰਿਸ: ਫਰਾਂਸ ਵਿਚ ਪਿਛਲੇ 24 ਘੰਟਿਆਂ ਦੇ ਸਮੇਂ ਅੰਦਰ ਕੋਰੋਨਾਵਾਇਰਸ ਨਾਲ 400 ਤੋਂ ਵੱਧ ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ। ਐਤਵਾਰ ਦੇ ਅੰਕੜਿਆਂ ਨਾਲੋਂ ਮੌਤਾਂ ਵਿਚ 43 ਫੀਸਦੀ ਵਾਧਾ ਹੋਇਆ ਹੈ। ਹੁਣ ਤਕ ਫਰਾਂਸ ਵਿਚ ਕੋਰੋਨਾਵਾਇਰਸ ਨਾਲ 3 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਫਰਾਂਸ ਵਿਚ ਕੋਰੋਨਾਵਾਇਰਸ ਦੇ ਦਰਜ ਮਾਮਲੇ 44 ਹਜ਼ਾਰ 1 ਸੌ 50 ਦੱਸੇ ਜਾ ਰਹੇ ਹਨ। ਇਹਨਾਂ ਵਿਚੋਂ 21 ਹਜ਼ਾਰ ਦੇ ਕਰੀਬ ਮਰੀਜ ਹਸਪਤਾਲਾਂ ਵਿਚ ਦਾਖਲ ਹਨ ਜਿਹਨਾਂ ਵਿਚੋਂ 5 ਹਜ਼ਾਰ ਮਰੀਜ਼ ਆਈਸੀਯੂ ਵਿਚ ਹਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।