ਕੌਮਾਂਤਰੀ ਸਿੱਖ ਭਾਈਚਾਰੇ ਵਲੋਂ ਕੋਵਿਡ-19 ਸੰਕਟ ਸਮੇਂ ਨਿਭਾਈ ਜਾ ਰਹੀ ਅਹਿਮ ਭੂਮਿਕਾ

ਕੌਮਾਂਤਰੀ ਸਿੱਖ ਭਾਈਚਾਰੇ ਵਲੋਂ ਕੋਵਿਡ-19 ਸੰਕਟ ਸਮੇਂ ਨਿਭਾਈ ਜਾ ਰਹੀ ਅਹਿਮ ਭੂਮਿਕਾ

ਡਾ. ਗੁਰਵਿੰਦਰ ਸਿੰਘ
ਕੈਨੇਡਾ ਵਿੱਚ ਵੀ ਜਿਥੇ ਕੋਵਿਡ-19 ਦੇ ਖਤਰਨਾਕ ਪ੍ਰਭਾਵ ਲਗਾਤਾਰ ਵਧ ਰਹੇ ਹਨ, ਉਥੇ ਬ੍ਰਿਟਿਸ਼ ਕੋਲੰਬੀਆ ਸਮੇਤ ਕਈ ਸੂਬਿਆਂ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਲੋਕ ਵਾਇਰਸ ਦੇ ਡਰੋਂ ਘਰਾਂ ਵਿਚੋਂ ਬਾਹਰ ਨਹੀਂ ਨਿਕਲ ਰਹੇ ਅਤੇ ਹਾਲਾਤ ਹੋਰ ਵਿਗੜਨ ਦੇ ਫਿਕਰ ਵਿਚ ਉਹ ਗੁੰਮਰਾਹ ਵੀ ਹੋ ਰਹੇ ਹਨ ਜਿਵੇਂ ਕਿ ਕੁਝ ਘਬਰਾਏ ਲੋਕ ਸਟੋਰਾਂ ਤੋਂ ਭਾਰੀ ਰਾਸ਼ਨ ਲਿਆ ਕੇ ਘਰੀਂ ਜਮ੍ਹਾਂ ਕਰ ਰਹੇ ਹਨ, ਜਦਕਿ ਹੋਰਨਾਂ ਨੂੰ ਭੋਜਨ ਪਦਾਰਥਾਂ ਦੀ ਘਾਟ ਕਾਰਨ ਤੰਗੀ ਆ ਰਹੀ ਹੈ। ਕੁਝ ਲਾਲਚੀ ਲੋਕ ਸਟੋਰਾਂ 'ਤੇ ਸਮਾਨ ਮਹਿੰਗਾ ਵੇਚ ਕੇ ਬਦਨਾਮੀ ਖੱਟ ਰਹੇ ਹਨ, ਜਦਕਿ ਇਹ ਗੈਰ-ਕਾਨੂੰਨੀ ਵਰਤਾਰਾ ਹੈ। 

ਦੂਸਰੇ ਪਾਸੇ ਕੈਨੇਡਾ ਦੀਆਂ ਸਿੱਖ ਨੌਜਵਾਨ ਸੰਸਥਾਵਾਂ ਨੇ ਅਜਿਹੇ ਸੰਕਟਮਈ ਸਮੇਂ ਮਨੁੱਖਤਾ ਦੀ ਸੇਵਾ ਦਾ ਜਿਹੜਾ ਰਾਹ ਅਪਨਾਇਆ ਹੈ, ਉਸ ਚੰਗੇ ਪੱਖ ਨੂੰ ਬਹੁਤ ਘੱਟ ਪ੍ਰਚਾਰਿਆ ਜਾ ਰਿਹਾ ਹੈ। ਗੱਲ ਸਰੀ ਤੋਂ ਸ਼ੁਰੂ ਕਰਦੇ ਹਾਂ ਜਿਥੇ ਬ੍ਰਿਟਿਸ਼ ਕੋਲੰਬੀਆਂ ਸਿੱਖਜ਼ ਅਤੇ ਸੈਫ(ਸਿੱਖ ਅਵੇਅਰਨੈੱਸ ਫਾਊਂਡੇਸ਼ਨ) ਇੰਟਰਨੈਸ਼ਨਲ ਵੱਲੋਂ 'ਨੋ ਹੰਗਰੀ ਟਮੀ' ਭਾਵ ਕੋਈ ਪੇਟ ਭੁੱਖਾ ਨਹੀਂ ਰਹੇਗਾ, ਮੁਹਿੰਮ ਚੱਲ ਰਹੀ ਹੈ। ਜਿਸ ਰਾਹੀ ਕੈਨੇਡਾ ਦੇ ਸੈਂਕੜੇ ਸਿੱਖ ਬੱਚੇ-ਬੱਚੀਆਂ ਸਿਹਤ ਨਿਯਮਾਂ ਦਾ ਖਿਆਲ ਰੱਖਦੇ ਹੋਏ, ਲੋੜਵੰਦ ਲੋਕਾਂ ਨੂੰ ਭੋਜਨ ਪਦਾਰਥ ਪਹੁੰਚਾ ਰਹੇ ਹਨ। ਲੋਅਰ- ਮੇਨਲੈਂਡ ਦੇ ਵੱਖ- ਵੱਖ ਸ਼ਹਿਰਾਂ ਵਿਚ ਘਰੋਂ - ਘਰੀ ਜਾ ਕੇ ਸੇਵਾ ਕਰਨ ਵਾਲੇ ਇਹ ਵਲੰਟੀਅਰ, ਬਗੈਰ ਕਿਸੇ ਭਿੰਨ - ਭੇਦ ਦੇ, ਹਰੇਕ ਰੰਗ - ਨਸਲ ਤੇ ਫਿਰਕੇ ਨਾਲ ਸੰਬੰਧਿਤ ਪਰਿਵਾਰਾਂ ਦੀ ਸੇਵਾ ਕਰ ਰਹੇ ਹਨ। ਉਂਞ ਇਹ ਸੰਸਥਾਵਾਂ ਲੰਮੇ ਅਰਸੇ ਤੋਂ , ਕੈਨੇਡਾ ਤੋਂ ਇਲਾਵਾ ਭਾਰਤ ਵਿਚ ਵੀ ਬੱਚਿਆਂ ਲਈ ਵੱਖ-ਵੱਖ ਸੇਵਾਵਾਂ ਨਿਭਾ ਰਹੀਆਂ ਹਨ। ਅੱਜ ਦੇ ਔਖੇ ਵੇਲੇ ਕੈਨੇਡਾ ਵਸਦੇ ਭਾਈਚਾਰੇ ਲਈ ਸਤਿਕਾਰ ਦੇ ਪਾਤਰ ਬਣਨ ਵਾਲੇ ਅਜਿਹੇ ਸੇਵਾਦਾਰਾਂ ਦੀ ਗਿਣਤੀ ਬਹੁਤ ਵੱਡੀ ਹੈ। ਇਨ੍ਹਾਂ ਵਿੱਚ ਰੈਸਟੋਰੈਂਟ ਵੱਲੋਂ 'ਫ੍ਰੀ ਟਿਫਨ' ਦੇ ਨਾਂ ਹੇਠ ਲੋੜਵੰਦ ਪਰਿਵਾਰਾਂ, ਖਾਸ ਕਰਕੇ ਕੈਨੇਡਾ ਵਿਚ ਪੜ੍ਹਨ ਆਏ ਅੰਤਰ - ਰਾਸ਼ਟਰੀ ਵਿਦਿਆਰਥੀਆਂ ਲਈ ਸੇਵਾ ਚਲਾਈ ਜਾ ਰਹੀ ਹੈ, ਜਿਥੇ ਖਾਲੀ ਟਿਫ਼ਨ ਤਾਜ਼ਾ ਭੋਜਨ ਦੇ ਭਰ ਕੇ ਅਤੇ ਲੋੜ ਪੈਣ 'ਤੇ ਘਰਾਂ ਵਿਚ ਵੀ ਪਹੁੰਚਦੇ ਕਰਕੇ , ਇਹ ਸੇਵਾਦਾਰ ਸਮੁੱਚੇ ਸਿੱਖ ਭਾਈਚਾਰੇ ਦਾ ਨਾਂ ਰੌਸ਼ਨ ਕਰ ਰਹੇ ਹਨ। ਇਉਂ ਹੀ ਕੈਨੇਡਾ ਦੇ ਹੋਰਨਾਂ ਪ੍ਰਮੁੱਖ ਸ਼ਹਿਰਾਂ ਵਿੱਚ ਵੀ ਸੈਂਕੜੇ ਹੀ ਅਜਿਹੇ ਨਿਸ਼ਕਾਮ ਸੇਵਾਦਾਰ ਸਰਗਰਮ ਹਨ, ਜਿਹੜੇ ਕੋਵਿੰਡ -19 ਦੇ ਸੰਕਟਮਈ ਹਾਲਾਤ ਵਿੱਚ ਇਤਿਹਾਸਕ ਭੂਮਿਕਾ ਨਿਭਾ ਰਹੇ ਹਨ।
ਕੈਨੇਡਾ ਵਿਚ ਖਾਲਸਾ ਸਾਜਨਾ ਦਿਹਾੜੇ 'ਤੇ ਸਜਾਏ ਜਾਂਦੇ ਨਗਰ ਕੀਰਤਨ ਮੌਜੂਦ ਹਾਲਾਤ ਵਿੱਚ ਮੁਲਤਵੀ ਕਰ ਦਿੱਤੇ ਗਏ ਹਨ, ਤਾਂ ਕਿ ਕੋਵਿਡ- 19 ਮਹਾਂਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾਵੇ। 

ਦੂਜੇ ਪਾਸੇ ਗੁਰਦੁਆਰਾ ਸੰਸਥਾਵਾਂ ਦੇ ਪ੍ਰਬੰਧਕਾਂ ਵੱਲੋਂ ਨਗਰ ਕੀਰਤਨਾਂ ਵਿਚ ਲਗਾਏ ਜਾਂਦੇ ਭੋਜਨ ਸਟਾਲਾਂ ਦੀ ਥਾਂ, ਹੁਣ ਲੋੜਵੰਦ ਲੋਕਾਂ ਨੂੰ ਸੇਵਾਵਾਂ ਦੇਣ ਦੇ ਉਪਰਾਲੇ ਹੋ ਰਹੇ ਹਨ, ਜੋ ਕਿ ਸ਼ਲਾਘਾਯੋਗ ਹਨ। ਬ੍ਰਿਟਿਸ਼ ਕੋਲੰਬੀਆਂ ਗੁਰਦੁਆਰਾ ਕੌਂਸਲ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਗੁਰੂ ਦਾ ਲੰਗਰ ਜ਼ਰੂਰਤਮੰਦਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਪਹੁੰਚਦਾ ਕੀਤਾ ਜਾਵੇਗਾ। ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਵਲੋਂ ਸਰਬੱਤ ਲਈ ਸਰਬਪੱਖੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਵਿਸ਼ੇਸ਼ ਕਰਕੇ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਮੁਸ਼ਕਲ ਦੀ ਘੜੀ ਬਾਂਹ ਫੜਨ ਲਈ ਜਿਵੇਂ ਗੁਰਦੁਆਰਾ ਸੰਸਥਾਵਾਂ ਭੂਮਿਕਾ ਨਿਭਾ ਰਹੀਆਂ ਹਨ, ਉਹ ਬਿਆਨ ਕਰਨਾ ਕਹਿਣ ਤੋਂ ਬਾਹਰ ਹੈ। ਗੁਰਦੁਆਰਾ ਦੁੱਖ ਨਿਵਾਰਨ ਸਰੀ ਵਿਖੇ ਵੀ ਸੇਵਾਦਾਰਾਂ ਅਤੇ ਕਾਰੋਬਾਰੀ ਵਿਅਕਤੀਆਂ ਨੇ ਮਿਲ ਕੇ ਬੇਅੰਤ ਨਿਸ਼ਕਾਮ ਸੇਵਾ ਦੇ ਕਾਰਜ ਆਰੰਭ ਕਰ ਦਿੱਤੇ ਹਨ। ਲੋੜਵੰਦ ਵਿਦਿਆਰਥੀਆਂ ਲਈ ਰੋਟੀ- ਕੱਪੜਾ ਕਈ ਮਹੀਨਿਆਂ ਤੱਕ ਮੁਹੱਈਆ ਕਰਨਾ ਅਤੇ ਮਾਲੀ ਮਦਦ ਵੀ ਕਰਨਾ ਉਨ੍ਹਾਂ ਉਪਰਾਲਿਆਂ ਵਿਚੋਂ ਕੁਝ ਹਨ, ਜਿਹੜੇ ਕੈਨੇਡਾ ਦੇ ਕਈ ਸ਼ਹਿਰਾਂ ਵਿਚ ਜ਼ੋਰਾਂ ਤੇ ਹਨ। ਪਰ ਅਫਸੋਸ ਇਹ ਹੈ ਕਿ ਕਰੋਨਾ ਵਾਇਰਸ ਦੇ ਫੈਲਣ 'ਤੇ ਕਈ ਵਿਅਕਤੀ ਗੁਰਦੁਆਰਿਆਂ ਦੇ ਸ਼ਰਧਾ ਪੱਖ ਨੂੰ ਅਲੋਚਨਾ ਦੇ ਘੇਰੇ ਵਿਚ ਲਿਆ ਕੇ ਨਿੰਦਣਾ ਸ਼ੁਰੂ ਕਰ ਦਿੰਦੇ ਹਨ, ਜਦਕਿ ਗੁਰਦੁਆਰਿਆਂ ਵਲੋਂ ਅੱਜ ਸਮਾਜਿਕ ਤੇ ਭਾਈਚਾਰਕ ਕਾਰਜਾਂ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਜਾਣ-ਬੁੱਝ ਕੇ ਛੁਟਿਆਉਂਦੇ ਹਨ।

ਕੌਮਾਂਤਰੀ ਪੱਧਰ ਤੇ 'ਖਾਲਸਾ ਏਡ' ਸੰਸਥਾਂ ਨੇ ਜਿਥੇ ਹੱਦਾਂ ਸਰਹੱਦਾਂ ਤੋਂ ਪਾਰ, ਵੱਖ ਵੱਖ ਦੇਸ਼ਾਂ ਵਿਚ ਹਰ ਮੁਸ਼ਕਲ ਘੜੀ ਵਿਚ ਮੋਹਰੀ ਭੂਮਿਕਾ ਨਿਭਾਈ ਹੈ ਤੇ ਅੱਜ ਵੀ ਨਿਭਾ ਰਹੇ ਹਨ, ਉਸੇ ਸਥਾਨਕ ਪੱਧਰ ਤੇ ਵੀ ਭਾਈਚਾਰਾ ਸਿੱਖ ਕੌਮ ਤੇ 'ਕਿਰਤ ਕਰੋ' ਵੰਡ ਛਕੋ ਤੇ ਨਾਮ ਜਪੋ' ਦੇ ਸਿਧਾਂਤ ਤੇ ਪਹਿਰਾ ਦੇ ਰਿਹਾ ਹੈ। 'ਯੂਨਾਈਟਡ ਸਿੱਖਸ' ਵਲੋਂ ਅਮਰੀਕਾ, ਕੈਨੇਡਾ ਵਿਚ ਥਾਂ-ਥਾਂ ਤੇ ਜਾ ਕੇ, ਲੋੜਵੰਦਾਂ ਦੀ ਮਦਦ ਕਰਕੇ ਮਨੁੱਖੀ ਸੇਵਾ ਦਾ ਕਾਰਜ ਨਿਭਾਇਆ ਜਾ ਰਿਹਾ ਹੈ। ਇਉਂ ਹੀ ਯੂਰਪ ਸਮੇਤ ਵੱਖ- ਵੱਖ ਮੁਲਕਾਂ ਵਿਚ ਵੀ ਨਿਸ਼ਕਾਮ ਸਿੱਖ, ਭਾਈ ਘਨਈਆ ਜੀ ਦੇ ਅਸੂਲਾਂ 'ਤੇ ਪਹਿਰਾ ਦਿੰਦਿਆਂ' ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਲੰਗਰ ਚਲਾ ਰਹੇ ਹਨ, ਜੋ ਕਿ ਸੰਸਾਰ ਲਈ ਪ੍ਰੇਰਨਾ ਸਰੋਤ ਹਨ ।

ਐਨ ਐਸ ਹੀ ਮੌਕੇ 'ਤੇ ਅਫਗਾਨਿਸਤਾਨ ਦੇ ਕਾਬੁਲ ਸਥਿਤ ਗੁਰਦੁਆਰਾ ਸਾਹਿਬ ਵਿਖੇ ਨਿਰਦੋਸ਼ ਸਿੱਖਾਂ 'ਤੇ ਭਿਆਨਕ ਦਹਿਸ਼ਤਗਰਦੀ ਹਮਲਾ ਕਰਕੇ, 25 ਸਿੱਖਾਂ ਦੀਆਂ ਜਾਨਾਂ ਲਈਆਂ ਗਈਆਂ ਹਨ, ਜਿਸ ਨਾਲ ਸੰਸਾਰ ਕੰਬ ਉੱਠਿਆ ਹੈ।

ਦੁਨੀਆਂ ਭਰ ਦੇ ਦੇਸ਼ਾਂ ਤੋਂ ਇਲਾਵਾ ਯੂਐਨਓ ਨੇ ਵੀ ਇਸ ਹਮਲੇ ਨੂੰ ਵਹਿਸ਼ੀਆਨਾ ਕਾਰਾ ਕਰਾਰ ਦਿੱਤਾ ਹੈ, ਪਰ ਇਸ ਦੀ ਆੜ ਵਿੱਚ ਕੁਝ ਤਾਕਤਾਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਸ਼ਾਹੀਨ ਬਾਗ ਜਾਂ ਕਸ਼ਮੀਰ ਵਿੱਚ ਮੁਸਲਮਾਨਾਂ ਜਾਂ ਸੰਘਰਸ਼ ਕਰ ਰਹੇ ਲੋਕਾਂ ਲਈ ਲੰਗਰ ਲਾਉਣ ਵਾਲੇ ਸਿੱਖ, ਹੁਣ ਸੋਚਣ। ਅਜਿਹੇ ਨਫਰਤ ਭਰੇ ਬਿਆਨ ਦੇਣ ਵਾਲੇ ਕਪਿਲ ਮਿਸ਼ਰਾ ਵਰਗੇ ਲੋਕ ਸ਼ਾਇਦ ਇਹ ਭੁੱਲ ਜਾਂਦੇ ਹਨ ਕਿ ਸਿੱਖ ਤਾਂ ਜੰਗਾਂ- ਯੁੱਧਾਂ ਵਿੱਚ ਪਾਣੀ ਪਿਆਉਣ ਦੇ ਨਾਲ ਮੱਲ੍ਹਮ -ਪੱਟੀ ਕਰਨ ਦੀ ਵਿਰਾਸਤ ਨੂੰ ਸੰਭਾਲੀ ਬੈਠੇ ਹਨ, ਉਹ ਕਦੇ ਵੀ ਸਰਬੱਤ ਦੇ ਭਲੇ ਦੇ ਸੰਕਲਪ ਤੋਂ ਪਿੱਛੇ ਨਹੀਂ ਹੱਟਣਗੇ। ਹੌਲੀ-ਹੌਲੀ ਇਹ ਸੱਚ ਵੀ ਸਾਹਮਣੇ ਆ ਜਾਏਗਾ ਕਿ ਆਈਐੱਸ ਦੇ ਇਸ ਹਮਲੇ ਪਿੱਛੇ ਕਿਹੜੀਆਂ ਏਜੰਸੀਆਂ ਆਪਣੇ ਨਾਪਾਕ ਇਰਾਦੇ ਪੂਰੇ ਕਰ ਰਹੀਆਂ ਹਨ।

ਕਰੋਨਾ ਵਾਇਰਸ ਦਾ ਸੰਕਟ ਵੀ 'ਦੁੱਖ ਤੇ ਸੁੱਖ ਦੋਵੇਂ ਹੀ ਮਨੁੱਖੀ ਜੀਵਨ ਸਫ਼ਰ ਵਿਚ ਕੱਪੜੇ ਹਨ,ਜੋ ਕਿ ਮਨੁੱਖ ਬਦਲ - ਬਦਲ ਪਹਿਨਦਾ ਹੈ, ਅਨੁਸਾਰ ਹੀ ਮਾਨਵਵਾਦੀ ਸੋਚ ਨੂੰ ਚੜ੍ਹਦੀਕਲਾ ਦੀ ਲੀਹ ਤੇ ਪਾਉਣ ਦਾ ਆਧਾਰ ਬਣ ਰਿਹਾ ਹੈ। ਚਾਹੇ ਮਹਾਂ ਸ਼ਕਤੀਆਂ ਵੱਲੋਂ ਕੋਵਿਡ -19 ਜੈਵਿਕ ਜੰਗ ਦੀ ਮਸ਼ਕ ਹੋਵੇ, ਚਾਹੇ ਫਾਸ਼ੀਵਾਦੀ ਤਾਕਤਾਂ ਵੱਲੋਂ ਜਨਤਾ ਦਾ ਧਿਆਨ, ਉਨ੍ਹਾਂ ਦੀਆਂ ਅਸਫ਼ਲਤਾਵਾਂ ਅਤੇ ਲੋਕਮਾਰੂ ਨੀਤੀਆਂ ਤੋਂ ਹਟਾਉਣ ਦੀ ਸਾਜ਼ਿਸ਼ ਚੱਲ ਰਹੀ ਹੋਵੇ, ਚਾਹੇ ਆਰਥਿਕ ਮੰਦਵਾੜੇ ਤੋਂ ਜਨਤਾ ਦਾ ਧਿਆਨ ਹਟਾਉਣ ਲਈ ਵੀ ਇਸ ਦਾ ਸਹਾਰਾ ਲਿਆ ਦਾ ਰਿਹਾ ਹੈ, ਕੁਝ ਵੀ ਹੋਏ , ਪਰ ਇਸ ਸਮੇਂ ਕੌਮਾਂਤਰੀ ਪਧਰ 'ਤੇ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ , ਇਕ ਵਾਰ ਫਿਰ ਸਮੂਹ ਮਾਨਵ ਜਾਤੀ ਦੀ ਸੇਵਾਦਾਰ ਬਣ ਕੇ ਉਭਰੀ ਹੈ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।