ਅਮਰੀਕਾ ਵੱਲੋਂ ਕਾਬੁਲ ਵਿਚਲਾ ਦੂਤ ਘਰ ਖਾਲੀ ਕਰਨ ਲਈ ਹੰਗਾਮੀ ਯੋਜਨਾ ਤਿਆਰ

ਅਮਰੀਕਾ ਵੱਲੋਂ ਕਾਬੁਲ ਵਿਚਲਾ ਦੂਤ ਘਰ ਖਾਲੀ ਕਰਨ ਲਈ ਹੰਗਾਮੀ ਯੋਜਨਾ ਤਿਆਰ
ਫੋਟੋ ਕੈਪਸ਼ਨ: ਅਫਗਾਨਿਸਤਾਨ ਵਿਚੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਤਕਰੀਬਨ ਮੁਕੰਮਲ ਹੋਣ ਦੇ ਨੇੜੇ  ਹੈ

* ਅਫਗਾਨਿਸਤਾਨ ਵਿਚੋਂ ਸੈਨਿਕਾਂ ਦੀ ਵਾਪਿਸੀ ਉਪਰੰਤ ਤਾਲਿਬਾਨ ਦੇ ਹਮਲੇ ਵਧਣ ਦੀ ਸੰਭਾਵਨਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)  ਅਫਗਾਨਿਸਤਾਨ ਵਿਚੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਤਕਰੀਬਨ ਮੁਕੰਮਲ ਹੋਣ ਦੇ ਨੇੜੇ  ਹੈ ਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਅਮਰੀਕੀ ਸੈਨਿਕਾਂ ਦੀ ਵਾਪਿਸੀ ਤੋਂ ਬਾਅਦ ਅਫਗਾਨਿਸਤਾਨ ਵਿਚ ਹਿੰਸਾ ਵਧ ਜਾਵੇਗੀ ਜਿਸ ਨਾਲ ਨਜਿੱਠਣ ਲਈ ਇਕ ਹੰਗਾਮੀ ਯੋਜਨਾ ਤਿਆਰ ਕੀਤੀ ਗਈ ਹੈ। ਇਹ ਪ੍ਰਗਟਾਵਾ ਅਮਰੀਕੀ ਅਧਿਕਾਰੀਆਂ ਤੇ ਸੂਤਰਾਂ ਨੇ ਕਰਦਿਆਂ ਕਿਹਾ ਹੈ ਕਿ ਅਮਰੀਕੀ ਸੈਨਿਕਾਂ ਦੀ ਮੁਕੰਮਲ ਵਾਪਸੀ ਉਪਰੰਤ ਪੈਦਾ ਹੋਣ ਵਾਲੇ ਹਾਲਾਤ ਦੇ ਮੱਦੇਨਜ਼ਰ ਕਾਬੁਲ ਵਿਚਲੇ ਅਮਰੀਕੀ ਸਫਾਰਤਖਾਨੇ ਨੂੰ ਖਾਲੀ ਕਰਨ ਲਈ ਇਕ ਹੰਗਾਮੀ ਯੋਜਨਾ ਨੂੰ ਪੂਰੀ ਸਰਗਰਮੀ ਨਾਲ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।  ਸੂਤਰਾਂ ਅਨੁਸਾਰ ਹਾਲਾਂ ਕਿ ਵਿਦੇਸ਼ ਵਿਭਾਗ ਵਿਸ਼ਵ ਵਿਆਪੀ ਆਪਣੇ ਦੂਤਘਰਾਂ ਲਈ ਹੰਗਾਮੀ ਯੋਜਨਾ ਦਾ ਨਿਰੰਤਰ ਜਾਇਜ਼ਾ ਲੈਂਦਾ ਰਹਿੰਦਾ ਹੈ ਪਰੰਤੂ ਕਾਬੁਲ ਵਿਚਲੇ ਦੂਤ ਘਰ ਲਈ ਹੰਗਾਮੀ ਯੋਜਨਾ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਕਿਉਂਕਿ ਅਮਰੀਕੀ ਸੈਨਿਕਾਂ ਦੀ ਵਾਪਿਸੀ ਕਾਰਨ ਹਾਲਾਤ ਬਦਲ ਸਕਦੇ ਹਨ ਤੇ ਤਾਲਿਬਾਨ ਦੇ ਹਮਲੇ ਵਧ ਸਕਦੇ ਹਨ। ਸੂਤਰਾਂ ਨੇ ਦਸਿਆ ਕਿ ਦੂਤ ਘਰ ਦੀ ਰਖਿਆ ਲਈ ਅਮਰੀਕੀ ਸੈਨਿਕ ਤਾਇਨਾਤ ਹਨ ਤੇ ਜਮੀਨੀ ਪੱਧਰ ਉਪਰ ਨਿੱਜੀ ਸੁਰੱਖਿਆ ਵੀ ਮੌਜੂਦ ਹੈ। ਇਸ ਤੋਂ ਇਲਾਵਾ ਕਾਬੁਲ ਹਵਾਈ ਅੱਡੇ ਸਮੇਤ ਨਾਲ ਲੱਗਦੇ ਕਤਰ ਵਰਗੇ ਦੇਸ਼ਾਂ ਵਿਚ ਤਾਇਨਾਤ ਅਮਰੀਕੀ ਸੈਨਿਕ ਹੰਗਾਮੀ ਸਥਿੱਤੀ ਵਿਚ ਮੱਦਦ ਕਰਨ ਲਈ ਤਿਆਰ ਬਰ ਤਿਆਰ ਹਨ। ਸੂਤਰਾਂ ਅਨੁਸਾਰ ''ਹੰਗਾਮੀ ਯੋਜਨਾ ਨੂੰ ਬਗਰਾਮ ਹਵਾਈ ਟਿਕਾਣੇ ਤੋਂ ਸਾਰੇ ਅਮਰੀਕੀ ਫੌਜੀਆਂ ਦੀ ਵਾਪਿਸੀ ਸੰਕਟ ਵਿਚ ਪਾ ਰਹੀ ਹੈ ਕਿਉਂਕਿ ਹੁਣ ਵਿਦੇਸ਼ ਵਿਭਾਗ ਇਸ ਫੌਜੀ ਟਿਕਾਣੇ ਉਪਰ ਨਿਰਭਰ ਨਹੀਂ ਕਰ ਸਕਦਾ। ਪਹਿਲਾਂ ਹੀ ਹਵਾਈ ਟਿਕਾਣਿਆਂ ਦੀ ਵਰਤੋਂ ਨਹੀਂ ਹੋ ਰਹੀ ਤੇ ਕਾਬੁਲ ਹਵਾਈ ਅੱਡੇ ਉਪਰ ਵੀ ਸੁਰੱਖਿਆ ਸਬੰਧੀ ਬੇਯਕੀਨੀ ਵਾਲੇ ਹਾਲਾਤ ਹਨ ਤੇ ਹੁਣ ਬਗਰਾਮ ਟਿਕਾਣਾ ਬੰਦ ਹੋਣ ਨਾਲ ਹੰਗਾਮੀ ਯੋਜਨਾ ਬਾਰੇ ਨਾ ਸੋਚਣਾ ਮੂਰਖਾਂ ਵਾਲੀ ਗੱਲ ਹੋਵੇਗੀ।'' ਇਕ ਸੀਨੀਅਰ ਅਮਰੀਕੀ ਰਖਿਆ ਅਧਿਕਾਰੀ ਨੇ ਕਿਹਾ ਕਿ  ਕਾਬੁਲ ਵਿਚਲਾ ਦੂਤ ਘਰ ਖਾਲੀ ਕਰਨ ਬਾਰੇ ਯੋਜਨਾ ਜ਼ਮੀਨ ਉਪਰ ਪੈਦਾ ਹੋਣ ਵਾਲੇ ਹਾਲਾਤ ਨੂੰ ਮੁੱਖ ਰਖਦਿਆਂ ਲਾਗੂ ਕੀਤੀ ਜਾਵੇਗੀ ਤੇ ਇਸ ਵਿਚ ਨਿਰੰਤਰ ਤਬਦੀਲੀ ਹੋ ਸਕਦੀ ਹੈ। ਯੋਜਨਾ ਦਾ ਹਰ ਦਿਨ ਦੀਆਂ ਤਬਦੀਲੀਆਂ ਦੇ ਆਧਾਰ 'ਤੇ ਜਾਇਜ਼ਾ ਲਿਆ ਜਾ ਰਿਹਾ ਹੈ।