ਅਮਰੀਕੀ ਅਰਥ ਵਿਵਸਥਾ ਨੇ ਇਤਿਹਾਸਕ ਪ੍ਰਗਤੀ ਕੀਤੀ-ਜੋ ਬਾਇਡਨ

ਅਮਰੀਕੀ ਅਰਥ ਵਿਵਸਥਾ ਨੇ ਇਤਿਹਾਸਕ ਪ੍ਰਗਤੀ ਕੀਤੀ-ਜੋ ਬਾਇਡਨ

* ਜੂਨ ਵਿਚ ਸਾਢੇ 8 ਲੱਖ ਨੌਕਰੀਆਂ ਹੋਈਆਂ ਪੈਦਾ

* ਕੋਰੋਨਾ ਮਹਾਮਾਰੀ ਵਿਚੋਂ ਤੇਜੀ ਨਾਲ ਉਭਰ ਰਹੀ ਹੈ ਅਰਥ ਵਿਵਸਥਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ 3 ਜੁਲਾਈ (ਹੁਸਨ ਲੜੋਆ ਬੰਗਾ)ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕੋਰੋਨਾ ਮਹਾਮਾਰੀ ਤੋਂ ਉਭਰ ਰਹੀ ਅਰਥਵਿਵਸਥਾ ਬਾਰੇ ਗੱਲ ਕਰਦਿਆਂ ਕਿਹਾ ਕਿ ਜੂਨ ਵਿਚ 8,50,000 ਨੌਕਰੀਆਂ ਪੈਦਾ ਹੋਈਆਂ ਹਨ ਤੇ ਅਮਰੀਕੀ ਅਰਥ ਵਿਵਸਥਾ ਤੇਜੀ ਨਾਲ ਪ੍ਰਗਤੀ ਕਰ ਰਹੀ ਹੈ। ਵਾਇਟ ਹਾਊਸ ਵਿਖੇ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਇਹ ਇਤਿਹਾਸਕ ਪ੍ਰਗਤੀ ਹੈ ਤੇ ਪਿਛਲੇ 100 ਸਾਲਾਂ ਦੇ ਸਮੇ ਦੌਰਾਨ ਪਹਿਲੀ ਵਾਰ ਪੈਦਾ ਹੋਏ ਡੂੰਘੇ ਸੰਕਟ ਵਿਚੋਂ ਅਰਥ ਵਿਵਸਥਾ ਨੂੰ ਬਾਹਰ ਕੱਢਣਾ ਕੋਈ ਮਾਮੂਲੀ ਗੱਲ ਨਹੀਂ ਹੈ। ਬਾਇਡਨ ਨੇ ਕਿਹਾ ਕਿ ਅਮਰੀਕੀਆਂ ਦੇ ਟੀਕਾਕਰਣ ਰਿਕਾਰਡ ਪੱਧਰ ਉਪਰ ਹੋਇਆ ਹੈ ਤੇ  ਅਸੀਂ ਮਹਾਮਾਰੀ ਉਪਰ ਕਾਬੂ ਪਾਉਣ ਵਿੱਚ ਸਫਲ ਹੋਏ ਹਾਂ। ਉਨਾਂ ਕਿਹਾ ਜੂਨ ਵਿਚ ਅਰਥ ਸਾਸ਼ਤਰੀਆਂ ਦੀ ਆਸ ਨਾਲੋਂ ਵਧ ਨੌਕਰੀਆਂ ਪੈਦਾ ਹੋਈਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਅਰਥ ਵਿਵਸਥਾ ਕੋਰੋਨਾ ਮਹਾਮਾਰੀ ਤੋਂ ਉਭਰ ਰਹੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ ਹਫਤੇ ਬੁਨਿਆਦੀ ਢਾਂਚੇ ਵਿਚ 10 ਖਰਬ ਡਾਲਰ ਦੇ ਨਿਵੇਸ਼ ਦੀ ਤਜਵੀਜ਼ ਬਾਰੇ ਸੈਨੇਟਰਾਂ ਦੇ ਇਕ ਸਮੂੰਹ ਨਾਲ ਮੇਰੀ ਸਹਿਮਤੀ ਬਣੀ ਹੈ ।

ਇਸ ਤੋਂ ਇਲਾਵਾ ਸਮਾਜਿਕ ਸੁਰੱਖਿਆ ਦਾ ਦਾਇਰਾ ਹੋਰ ਮੋਕਲਾ ਕਰਨ ਲਈ ਨਿਵੇਸ਼ ਕੀਤਾ ਜਾ ਰਿਹਾ ਹੈ। ਬਾਇਡਨ ਨੇ ਕਿਹਾ ਕਿ 'ਸਾਡੇ ਕੋਲ ਹੁਣ ਆਰਥਕ ਪ੍ਰਗਤੀ ਨੂੰ ਹੋਰ ਮਜਬੂਤੀ ਨਾਲ ਅੱਗੇ ਵਧਾਉਣ ਦਾ ਅਵਸਰ ਹੈ। ਹੁਣ ਇਹ ਸਪੱਸ਼ਟ ਹੈ ਕਿ ਅਸੀਂ ਪੱਟੜੀ ਉਪਰ ਪੈ ਗਏ ਹਾਂ ਤੇ ਸਹੀ ਦਿਸ਼ਾ ਵੱਲ ਅੱਗੇ ਵਧ ਰਹੇ ਹਾਂ। ਸਾਡੀ ਯੋਜਨਾ ਕੰਮ ਕਰ ਰਹੀ ਹੈ ਤੇ ਹੁਣ ਅਸੀਂ ਰੁਕਾਂਗੇ ਨਹੀਂ।' ਰਾਸ਼ਟਰਪਤੀ ਨੇ ਕਿਹਾ '' ਆਰਥਕ ਪੁਨਰ ਸੁਰਜੀਤੀ 'ਬਚਾਅ ਯੋਜਨਾ' ਦਾ ਸਿੱਟਾ ਹੈ। 19 ਖਰਬ ਡਾਲਰਾਂ ਦੇ ਕੋਵਿਡ ਐਮਰਜੈਂਸੀ ਰਾਹਤ ਪੈਕਜ਼ ਨੇ ਇਸ ਨੂੰ ਸੰਭਵ ਬਣਾਇਆ ਹੈ ਜੋ ਰਿਪਬਲੀਕਨਾਂ ਦੇ ਸਮਰਥਨ ਤੋਂ ਬਿਨਾਂ ਕਾਂਗਰਸ ਵੱਲੋਂ ਪਾਸ ਕੀਤਾ ਗਿਆ ਸੀ।'' ਉਨਾਂ ਕਿਹਾ ਅਜੇ ਬਹੁਤ ਕੁੱਝ ਕਰਨਾ ਬਾਕੀ ਹੈ। ਰਹਿੰਦੇ ਅਮਰੀਕਨਾਂ ਦੇ ਕੋਵਿਡ-19  ਟੀਕਾਕਰਣ ਕਰਨਾ ਹੈ ਤੇ ਹੋਰ ਅਮਰੀਕੀਆਂ ਨੂੰ ਕੰਮ ਉਪਰ ਵਾਪਿਸ ਲਿਆਉਣਾ ਹੈ। ਇਥੇ ਜਿਕਰਯੋਗ ਹੈ ਕਿ ਨਵੀਆਂ ਨੌਕਰੀਆਂ ਪੈਦਾ ਹੋਣ ਦੇ ਬਾਵਜੂਦ ਬੇਰੁਜ਼ਗਾਰੀ ਦਰ ਘਟਣ ਦੀ ਬਜਾਏ ਵਧੀ ਹੈ। 'ਬਿਊਰੋ ਆਫ ਲੇਬਰ ਸਟੈਟਿਸਟਿਕਸ' ਅਨੁਸਾਰ ਮਈ ਵਿਚ ਬੇਰੁਜ਼ਗਾਰੀ ਦਰ 5.8% ਸੀ ਜੋ ਵਧ ਕੇ 5.9% ਹੋ ਗਈ ਹੈ। ਮਹਿਮਾਨ ਨਿਵਾਜ਼ੀ ਤੇ ਐਸ਼ ਅਰਾਮ ਦੇ ਖੇਤਰ ਵਿਚ ਤੇਜੀ ਨਾਲ ਵਿਕਾਸ ਹੋਇਆ ਹੈ। ਜੂਨ ਵਿਚ ਅਧਿਉਂ ਵਧ ਨੌਕਰੀਆਂ ਰੈਸਟੋਰੈਂਟਾਂ ਤੇ ਬਾਰਾਂ ਵਿਚ ਪੈਦਾ ਹੋਈਆਂ ਹਨ।