ਅਮਰੀਕਾ ਦੇ ਇਮੀਗ੍ਰੇਸ਼ਨ ਹਿਰਾਸਤ ਕੇਂਦਰਾਂ ਵਿਚ ਧੱਕੇ ਨਾਲ ਖੁਆਉਣ ਪਿਆਉਣ ਤੇ ਮਾਨਵੀ ਹੱਕਾਂ ਦੀ ਉਲੰਘਣਾ ਵਿਰੁੱਧ ਭੁੱਖ ਹੜਤਾਲ

ਅਮਰੀਕਾ ਦੇ ਇਮੀਗ੍ਰੇਸ਼ਨ ਹਿਰਾਸਤ ਕੇਂਦਰਾਂ ਵਿਚ ਧੱਕੇ ਨਾਲ ਖੁਆਉਣ ਪਿਆਉਣ ਤੇ ਮਾਨਵੀ ਹੱਕਾਂ ਦੀ ਉਲੰਘਣਾ ਵਿਰੁੱਧ ਭੁੱਖ ਹੜਤਾਲ
ਕੈਪਸ਼ਨ : 16 ਜੁਲਾਈ 2018 ਨੂੰ ਸੈਨ ਡਇਏਗੋ, ਕੈਲੀਫੋਰਨੀਆ ਵਿਚ ਮੈਕਸੀਕੋ ਦੀ ਸਰਹੱਦ ਟੱਪ ਕੇ ਅਮਰੀਕਾ ਵਿਚ ਦਾਖਲ ਹੋਏ ਕੁੱਝ ਭਾਰਤੀਆਂ 'ਤੇ ਨਜਰ ਰਖਦਾ ਹੋਇਆ ਸਰਹੱਦ ਗਸ਼ਤੀ ਪਾਰਟੀ ਦਾ ਇਕ ਜਵਾਨ।

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ 30 ਜੂਨ (ਹੁਸਨ ਲੜੋਆ ਬੰਗਾ) ਅਮਰੀਕਾ ਵਿਚਲੇ ਇਮੀਗ੍ਰੇਸ਼ਨ ਹਿਰਾਸਤ ਕੇਂਦਰਾਂ ਵਿਚ ਧੱਕੇ ਨਾਲ ਖੁਆਉਣ ਪਿਆਉਣ ਤੇ ਮਾਨਵੀ ਹੱਕਾਂ ਦੀ ਉਲੰਘਣਾ ਨੂੰ ਲੈ ਕੇ ਭੁੱਖ ਹੜਤਾਲ ਕੀਤੀ ਗਈ ਹੈ। ਇਹ ਖੁਲਾਸਾ ਮਾਨਵੀ ਹੱਕਾਂ ਬਾਰੇ ਅਮਰੀਕਨ ਸਿਵਲ ਲਿਬਰਟੀਜ਼ ਯੁਨੀਅਨ ਐਂਡ ਫਿਜ਼ੀਸ਼ੀਅਨ ਵਲੋਂ ਜਾਰੀ ਇਕ ਰਿਪੋਰਟ ਵਿਚ ਕੀਤਾ ਗਿਆ ਹੈ। ਸੂਚਨਾ ਲੈਣ ਦੀ ਆਜ਼ਾਦੀ ਦੇ ਅਧਿਕਾਰ ਤਹਿਤ ਲਈ ਗਈ ਇਹ ਰਿਪੋਰਟ 10000 ਸਫਿਆਂ ਉਪਰ ਅਧਾਰਤ ਹੈ। ਰਿਪੋਰਟ ਅਨੁਸਾਰ ਧੱਕੇ ਨਾਲ ਨਾਸਾਂ ਰਾਹੀਂ ਤਰਲ ਦੇਣ ਤੇ ਜਬਰਦਸਤੀ ਖੁਆਉਣ ਪਿਆਉਣ ਨਾਲ ਘੱਟੋ ਘੱਟ 3 ਵਿਅਕਤੀ ਮਾਰੇ ਜਾ ਚੁੱਕੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ''ਇਮੀਗ੍ਰੇਸ਼ਨ ਹਿਰਾਸਤ ਕੇਂਦਰਾਂ ਵਿਚ ਭੁੱਖ ਹੜਤਾਲ ਰਖੇ ਜਾਣ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ। ਹਿਰਾਸਤ ਵਿਚ ਰਖੇ ਵਿਅਕਤੀ ਵੱਲੋਂ ਖਾਣ ਪੀਣ ਤੋਂ ਇਨਕਾਰ ਕਰਨਾ ਉਸ ਲਈ ਆਪਣੀ ਸ਼ਿਕਾਇਤ ਦਰਜ ਕਰਵਾਉਣ ਦਾ ਆਖਰੀ ਰਾਹ ਹੀ ਬੱਚਦਾ ਹੈ। ਉਹ ਇਹ ਕਦਮ ਉਸ ਸਮੇ ਚੁੱਕਦਾ ਹੈ ਜਦੋਂ ਉਸ ਦੀ ਸੁਣਵਾਈ ਲਈ ਸਾਰੇ ਰਾਹ ਬੰਦ ਹੋ ਜਾਂਦੇ ਹਨ।'' ਰਿਪੋਰਟ ਅਨੁਸਾਰ '' ਲੋਕਾਂ ਨੂੰ ਆਪਣੇ ਮਾਮਲਿਆਂ ਦੇ ਨਿਰਨੇ ਦੀ ਉਡੀਕ ਵਿਚ ਕਈ ਮਹੀਨੇ ਜਾਂ ਸਾਲਾਂ ਬੱਧੀ ਸਲਾਖਾਂ ਪਿਛੇ ਬਿਤਾਉਣੇ ਪੈਂਦੇ ਹਨ। ਉਹ ਗਲਤ ਵਿਵਹਾਰ ਦੇ ਸਿਸਟਮ ਵਿਚ ਫੱਸ ਕੇ ਰਹਿ ਜਾਂਦੇ ਹਨ ਜਿਥੇ ਉਨਾਂ ਨੂੰ ਡਾਕਟਰੀ ਸਹਾਇਤਾ ਨਹੀਂ ਦਿੱਤੀ ਜਾਂਦੀ ਤੇ ਲੋੜੀਂਦੀ ਪ੍ਰਕ੍ਰਿਆ ਤੋਂ ਵੀ ਨਾਂਹ ਕਰ ਦਿੱਤੀ ਜਾਂਦੀ ਹੈ। ਇਸ ਲਈ ਹਰ ਸਾਲ ਸੈਂਕੜੇ ਪ੍ਰਵਾਸੀ ਇਨਾਂ ਹਿਰਾਸਤੀ ਕੇਂਦਰਾਂ ਵਿਚ ਹੜਤਾਲ ਕਰਦੇ ਹਨ।'' ਇਥੇ ਜਿਕਰਯੋਗ ਹੈ ਕਿ ਭਾਰਤ ਖਾਸ ਕਰਕੇ ਪੰਜਾਬ ਦੇ ਵੀ ਅਨੇਕਾਂ ਵਿਅਕਤੀਆਂ ਨੂੰ ਇਨਾਂ ਹਿਰਾਸਤੀ ਕੇਂਦਰਾਂ ਵਿਚ ਰਖਿਆ ਗਿਆ ਹੈ ਜਿਥੇ ਉਹ ਅਕਸਰ ਆਪਣੇ ਨਾਲ ਹੁੰਦੀਆਂ ਵਧੀਕੀਆਂ ਵਿਰੁੱਧ ਆਵਾਜ਼ ਉਠਾਉਂਦੇ ਰਹਿੰਦੇ ਹਨ।