ਪੰਜਾਬ ਵਧੀਆ ਮੁੱਖ ਮੰਤਰੀ ਦੇ ਚਿਹਰੇ ਦੀ ਉਡੀਕ ਵਿੱਚ

ਪੰਜਾਬ ਵਧੀਆ ਮੁੱਖ ਮੰਤਰੀ ਦੇ ਚਿਹਰੇ ਦੀ ਉਡੀਕ ਵਿੱਚ

 ਸਿਆਸੀ ਮੰਚ                                                

ਕਿਸਾਨ ਮੋਰਚੇ ਨੇ ਲੋਕਾਂ ਨੂੰ ਦੱਸ ਦਿੱਤਾ ਹੈ ਕਿ ਰਾਜਨੀਤਕ ਝੂਠ ਤੋਂ ਬਚੋ, ਆਪਣੀ ਹੋਣੀ ਖੁਦ ਤਹਿ ਕਰੋ। 

ਅਗਲੇ ਸਾਲ 2022 ਵਿੱਚ ਪੰਜਾਬ ਵਿੱਚ ਫਿਰ ਚੋਣਾਂ ਹੋਣੀਆਂ ਹਨ। ਇਨਾਂ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਕਈ ਸ਼ਖਸੀਅਤਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਦੇਖਿਆ ਜਾ ਰਿਹਾ ਹੈ। ਵਰਤਮਾਨ ਗੜ੍ਹਕ ਕੇ ਬੋਲਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਭਾਵੇਂ ਪਿਛਲੀਆਂ 2017 ਦੀਆਂ ਚੋਣਾਂ ਵਿੱਚ ਕਹਿ ਚੁੱਕੇ ਸਨ ਕਿ ਉਨਾਂ ਦੀ ਇਹ ਆਖਰੀ ਪਾਰੀ ਹੈ, ਪਰ ਸੱਤਾ ਦਾ ਨਸ਼ਾਂ, ਪਰਿਵਾਰ ਦਾ ਦਬਾਅ, ਵਿੱਤੀ ਅਮੀਰੀ, ਲੋਹੜੇ ਦਾ ਸੁੱਖ-ਅਰਾਮ, ਅਫਸਰਾਂ ਤੇ ਚਾਪਲੁਸਾਂ ਦੇ ਸਲੂਟ ਅਤੇ ਕਿਚਨ ਕੈਬਨਿਟ ਜਾਂ ਕੋਟਰੀ ਦੀ ਸਲਾਹ ਕਦੋਂ ਕਿਸੇ ਨੂੰ ਮਰਦੇ ਦਮ ਤੱਕ ਘਰ ਬੈਠਣ ਦਿੰਦੀ ਹੈ। ਇਹ ਭਾਰਤੀ ਰਾਜਨੀਤੀ ਦਾ ਖਾਸਾ ਹੈ। ਦੂਜੇ ਹਨ, ਮਿੱਠ ਬੋਲੜੇ, ਨਰਮ ਸਮਝੇ ਜਾਂਦੇ,93 ਸਾਲਾ ਪ੍ਰਕਾਸ਼ ਸਿੰਘ ਬਾਦਲ, ਛੇਵੀਂ ਵਾਰ ਮੁੱਖ ਮੰਤਰੀ ਬਣਨ ਦੀਆਂ ਤਿਆਰੀਆਂ ਵਿੱਚ ਲਗਦੇ ਹਨ। ਘੱਟੋ ਘੱਟ ਅਕਾਲੀ ਦਲ (ਬਾਦਲ) ਦੁਆਰਾ ਚੋਣਾਂ ਉਨਾਂ ਦਾ ਚੇਹਰਾ ਅੱਗੇ ਕਰਕੇ ਲੜੀਆਂ ਜਾ ਸਕਦੀਆਂ ਹਨ, ਚੋਣਾਂ ਜਿੱਤਣ ਤੋਂ ਬਾਅਦ ਭਾਵੇਂ ਸੁਖਬੀਰ ਸਿੰਘ ਬਾਦਲ ਨੂੰ ਹੀ ਸਹੁੰ ਕਿਉਂ ਨਾ ਚੁਕਾ ਦਿੱਤੀ ਜਾਵੇ। 2017 ਵਿੱਚ ਪੰਜਾਬ ਵਿੱਚ ਕੈਪਟਨ ਨੇ ਕਾਂਗਰਸ ਪਰਾਂ ਕਰਕੇ, ਅਮਰਿੰਦਰ ਸਿੰਘ ਨੂੰ ਹੀ ਕਾਂਗਰਸ ਬਣਾ ਦਿੱਤਾ ਸੀ। ਦੂਜੇ ਅਰਥਾਂ ਵਿੱਚ ਕਹਿ ਸਕਦੇ ਹਾਂ ਕਿ ਹੁਣ ਨਾ ਤਾਂ ਪੁਰਣਾ ਅਕਾਲੀ ਦਲ ਹੈ, ਅਤੇ ਨਾ ਹੀ ਪੁਰਾਣੀ ਕਾਂਗਰਸ । ਬਾਦਲ ਅਕਾਲੀ ਦਲ ਤੇ ਅਮਰਿੰਦਰ ਕਾਂਗਰਸ ਹੀ ਹੋਂਦ ਵਿੱਚ ਹਨ। ਅਮਰਿੰਦਰ ਸਿੰਘ ਦੀਆਂ ਪ੍ਰਪਤੀਆਂ ਪੰਜਾਬੀ ਵੇਖ ਰਹੇ ਹਨ ਅਤੇ ਉਨਾਂ ਹੀ ਇਨਾਂ ਦਾ ਵਿਸ਼ਲੇਸ਼ਣ ਕਰਨਾ ਹੈ। ਪ੍ਰਕਾਸ਼ ਸਿੰਘ ਬਾਦਲ ਦੀਆਂ ਪ੍ਰਾਪਤੀਆਂ ਅਤੇ ਉਨਾਂ ਦੀ ਪੰਜਾਬ ਨੂੰ ਦੇਣ ਤਾਂ ਪੰਜਾਬੀ ਪਿਛਲੇ ਤਕਰੀਬਨ ਪੰਜ ਦਹਾਕਿਆਂ ਤੋਂ ਹੀ ਵੇਖ ਰਹੇ ਹਨ। ਬਾਕੀ ਸੰਭਾਵੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸਮਰੱਥਾ ਵੀ ਪੰਜਾਬੀ ਕਾਫੀ ਹੱਦ ਤੱਕ ਪਿਛਲੀ ਅਕਾਲੀ ਸਰਕਾਰ ਵਿੱਚ ਵੇਖ ਚੁੱਕੇ ਹਨ। ਬਾਕੀ ਰਹੀ ਤੀਜੀ ਮੁੱਖ ਧਿਰ, ਆਮ ਆਦਮੀ ਪਾਰਟੀ, ਜਿਸ ਦਾ ਹਾਲੇ ਬਹੁਤਾ ਵੱਡਾ ਇਤਿਹਾਸ ਨਹੀਂ ਹੈ, ਪੰਜਾਬ ਵਿੱਚ ਇਨਾਂ ਕਦੇ ਹਕੂਮਤ ਕੀਤੀ ਨਹੀਂ। ਇਸ ਲਈ ਇਨਾਂ ਪਾਸ ਫਿਲਹਾਲ ਕੋਈ ਲੋਕ ਪ੍ਰਵਾਨਤ ਮੁੱਖ ਮੰਤਰੀ ਦਾ ਚੇਹਰਾ ਨਹੀਂ ਹੈ। ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਨ ਦਾ ਨਾਮ ਕਈ ਵਾਰੀ ਕੁੱਝ ਲੋਕਾਂ ਵੱਲੋਂ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਜਾਂਦਾ ਹੈ, ਪਰ ਉਨਾਂ ਨੂੰ ਪੰਜਾਬੀਆਂ ਨੇ ਹਾਲੇ ਪਰਖਿਆ ਨਹੀਂ, ਦੂਜੇ ਪੰਜਾਬ ਲਈ ਕਿਸੇ ਵੱਡੇ ਸੰਘਰਸ਼ ਦੀ ਵੀ ਉਨਾਂ ਕਦੀ ਅਗਵਾਈ ਨਹੀਂ ਕੀਤੀ। ਹਾਂ, 2017 ਦੀਆਂ ਚੋਣਾਂ ਵਿੱਚ ਉਨਾਂ ਨੇ ਜੋ ਕੁੱਝ ਕੀਤਾ, ਉਸ ਤੋਂ ਲਗਦਾ ਉਹ ਚੋਣ ਮੁਹਿੰਮ ਵਿੱਚ ਤਾਂ ਵਧੀਆ ਰੋਲ ਅਦਾ ਕਰ ਸਕਦੇ ਹਨ, ਪਰ ਸਾਰਿਆਂ ਨੂੰ ਨਾਲ ਲੈਕੇ ਅਗਵਾਈ ਕਰਨ ਅਤੇ ਪੰਜਾਬ ਲਈ ਚੰਗੀ ਵਿਜ਼ਨ ਦੇਣ ਦੀ ਸ਼ਾਇਦ ਉਹ ਸਮਰੱਥਾਂ ਨਹੀਂ ਰਖਦੇ। ਕੁੱਝ ਲੋਕ ਨਵਜੋਤ ਸਿੰਘ ਸਿੱਧੂ ਨੂੰ ਵੀ ਮੁੱਖ ਮੰਤਰੀ ਵਜੋਂ ਵੇਖਦੇ ਹਨ। ਉਨਾਂ ਪਾਸ ਕਰਿਕਟ ਅਤੇ ਰੀਅਲਟੀ ਸੌ਼ਅ ਕਰਨ ਦਾ ਤਜਰਬਾ ਬਹੁਤ ਹੈ, ਲੋਕਾਂ ਨੂੰ ਭਰਮਾਉਣ ਲਈ ਸਟੇਜੀ ਸਮਰੱਥਾ ਵੀ ਹੈ, ਚੋਣ ਪ੍ਰਚਾਰ ਲਈ ਵਧੀਆ ਮੁਹਾਰਤ ਹੈ, ਭਾਜਪਾ ਤੇ ਕਾਂਗਰਸ ਉਨਾਂ ਦੀ ਇਸ ਮੁਹਾਰਤ ਦੀ ਵਰਤੋਂ ਵੀ ਕਰਦੀਆਂ ਰਹੀਆਂ ਹਨ ਜਿਸ ਕਾਰਨ ਉਹ ਉਨਾਂ ਨੂੰ ਐਮ ਪੀ ਜਾਂ ਵਧਾੲਕਿ ਬਣਾਕੇ ਨਵਾਜਦੀਆਂ ਵੀ ਰਹੀਆਂ ਹਨ। ਪਰ ਸਾਰਿਆਂ ਨੂੰ ਨਾਲ ਲੈਕੇ ਚੱਲਣ ਦੀ ਸਮਰੱਥਾ ਅਤੇ ਰਾਜਨੀਤਕ ਸਟੇਟਸਮੈਨਂ ਵਾਲਾ ਠਹਿਰਾ ਸ਼ਾਇਦ ਉਨਾਂ ਪਾਸ ਵੀ ਨਹੀਂ ਹੈ। ਇਨਾਂ ਵਿੱਚ ਵੀ ਬਹੁਤੀਆਂ ਖੁਬੀਆਂ ਭਗਵੰਤ ਮਾਨ ਵਾਲੀਆਂ ਹੀ ਹਨ। ਅੱਜ ਦੇ ਸੰਕਟਮਈ ਦੌਰ ਵਿੱਚ, ਪੰਜਾਬ, ਦੋ ਪਰਖੇ ਹੋਏ ਮੁੱਖ ਮੰਤਰੀਆਂ ਅਤੇ ਦੋ ਪਰਖ ਕਰਾਉਣ ਦੀ ਇੱਛਾ ਰੱਖਣ ਵਾਲੇ, ਲੱਛੇਦਾਰ ਸ਼ਬਦਾਂ, ਸ਼ੇਅਰਾਂ ਅਤੇ ਚੁਟਕਲਿਆਂ ਦੀ ਵਰਤੋਂ ਦੇ ਮਾਹਰ ਲੀਡਰਾਂ ਤੋਂ ਕੁੱਝ ਵੱਧ ਡੀਜਰਵ ਕਰਦਾ ਹੈ। 

ਪੰਜਾਬ ਦੇ ਲੋਕ ਬਹੁਤ ਹਿੰਮਤੀ ਹਨ, ਮਿਹਨਤੀ ਹਨ ਤੇ ਹਰ ਨਵੀਂ ਤਬਦੀਲੀ ਨੂੰ ਜਲਦ ਜੀ ਆਇਆਂ ਕਹਿਣ ਦੀ ਇੱਛਾ ਰਖਦੇ ਹਨ, ਪਰ ਬਦਕਿਸਮਤੀ ਨੂੰ ਪਿਛਲੇ ਪੰਜਾਹ ਸਾਲਾਂ ਤੋਂ ਇਸ ਨੂੰ ਘਸੀ ਪਿਟੀ ਸਾਮੰਤੀ ਸੋਚ ਵਾਲੇ ਸਰਦਾਰ ਹੀ ਅਗਵਾਈ ਲਈ ਮਿਲਦੇ ਰਹੇ ਹਨ ਜੋ ਪੰਜਾਬ ਨੂੰ ਅੱਗੇ ਲਿਜਾਣ ਦੀ ਥਾਂ ਪਿਛੇ ਵੱਲ ਹੀ ਲੈਕੇ ਗਏ ਹਨ। ਤਰਾਸਦੀ ਇਹ ਹੈ ਕਿ ਇਥੋਂ ਦਾ ਵੋਟਰ ਚੋਣਾਂ ਨਜ਼ਦੀਕ ਆਕੇ ਭਰਮਾਇਆ ਜਾਂਦਾ ਹੈ। ਛੋਟੇ ਛੋਟੇ ਲਾਲਚ ਅਤੇ ਭਾਵੁਕਤਾ ਉਸ ਦੇ ਮਨ ਨੂੰ ਗੁਮਰਹ ਕਰ ਦਿੰਦੀ ਹੈ। 2017 ਵਿੱਚ ਛਾਤਰ ਤਿਕੜਮਬਾਜ ਚੋਣਨੀਤੀ ਘਾੜੇ, ਪ੍ਰਸ਼ਾਂਤ ਕਿਸ਼ੋਰ ਕੁੱਝ ਕਰੋੜਾਂ ਵਿੱਚ ਇਸ ਨੂੰ ਸੁਪਨੇ ਵੇਚ ਗਿਆ। ਲੋਕ ਉਸ ਦੇ ਛਲਾਵੇ ਵਿੱਚ ਆ ਗਏ। ਉਸ ਨੇ ਦੇਸ਼ ਅਤੇ ਕਈ ਸੂਬਿਆਂ ਦਾ ਘਾਣ ਕੀਤਾ ਹੈ। ਹੁਣ ਇਕ ਵਾਰ ਫਿਰ ਸਾਰੀਆਂ ਪਾਰਟੀਆਂ ਅਜਿਹੇ ਕਿਸ਼ੋਰੀ ਜੁਮਲੇ ਵੇਚਣ ਲਈ ਤਿਆਰ ਹਨ, ਪਰ ਕੀ ਪੰਜਾਬੀ ਇਕ ਵਾਰ ਫਿਰ ਇਨਾਂ ਜੁਮਲਿਆਂ ਦੇ ਸਿ਼ਕਾਰ ਹੋ ਜਾਣਗੇ?

ਇਸ ਵਾਰ ਸ਼ਾਇਦ ਹਾਲਤ ਕੁੱਝ ਬਦਲ ਜਾਣ। ਪੰਜਾਬ ਵਿੱਚ ਪਿਛਲੇ ਇਕ ਸਾਲ ਤੋਂ ਚੱਲ ਰਹੇ ਕਿਸਾਨ ਸੰਘਰਸ਼ ਨੇ ਇਥੋਂ ਦੇ ਰਾਜਨੀਤਕ ਧਰਾਤਲ ਅਤੇ ਸਮਾਜੀਕਰਨ ਨੂੰ ਬਹੁਤ ਬਦਲਿਆ ਹੈ। ਇਸ ਨੇ ਸਾਰੇ ਦੇਸ਼ ਦੀ ਰਾਜਨੀਤੀ ਅਤੇ ਸੋਚ ਨੂੰ ਨਵਾਂ ਹਲੂਣਾ ਦਿੱਤਾ ਹੈ। ਇਸ ਵੱਲ ਅਮਰੀਕਾ ਦੇ ਮਸ਼ਹੂਰ ਸਮਾਜ ਵਿਗਿਆਨੀ ਨੋਮ ਚੋਮਸਕੀ, ਸਵੱਲੀ ਨਜ਼ਰ ਨਾਲ ਵੇਖ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਹ ਅੰਦੋਲਨ ਦੁਨੀਆਂ ਦੇ ਕਿਸਾਨਾ, ਕਾਮਿਆਂ ਅਤੇ ਆਮ ਲੋਕਾਂ ਨੂੰ ਸੇਧ ਦੇ ਸਕਦਾ ਹੈ ਅਤੇ ਕਾਰਪੋਰੇਟ ਅਜਾਰੇਦਾਰੀ ਨੂੰ ਚਣੌਤੀ ਦੇ ਸਕਦਾ ਹੈ। ਸਮਾਜਿਕ ਇਨਕਲਾਬਾਂ ਤੋਂ ਬਾਅਦ, ਪਹਿਲੀ ਵਾਰ ਦੁਨੀਆਂ ਵਿੱਚ ਕਿਸੇ ਨੇ ਭਾਰੂ ਕਾਰਪੋਰੇਟ ਸੈਕਟਰ ਨਾਲ ਆਡ੍ਹਾ ਲਿਆ ਹੈ। ਕਿਸਾਨ ਸੰਘਰਸ਼ ਦੀ ਸੁਲਝੀ ਹੋਈ ਲੀਡਰਸਿ਼ਪ ਅੱਜ ਮੱਛੀ ਦੀ ਅੱਖ ਵਿੱਚ ਤੀਰ ਮਾਰਨ ਲਈ ਤਿਆਰ ਬੈਠੀ ਹੈ। ਪੰਜਾਬੀਆਂ ਦੀ ਭਾਵੁਕਤਾ ਨੂੰ ਭਰਮਾਉਣ ਲਈ ਧਾਰਮਕਿ ਮੁੱਦਿਆਂ ਨੂੰ ਬਹੁਤ ਹਵਾ ਦਿੱਤੀ ਜਾ ਰਹੀ ਹੈ, ਸਾਰੀਆਂ ਰਾਜਨੀਤਕ ਪਾਰਟੀਆਂ ਅਤੇ ਉਨਾਂ ਦੇ ਲੀਡਰ ਇਸ ਨੂੰ ਹੀ ਅਸਲ ਮੁੱਦੇ ਵਜੋਂ ਪ੍ਰਚਾਰ ਰਹੀਆਂ ਹਨ। ਸਰਕਾਰੀ ਏਜੰਸੀਆਂ ਅਤੇ ਸੰਸਥਾਵਾਂ ਵੀ ਇਸੇ ਪਾਸੇ ਕਦਮ ਵਧਾ ਰਹੀਆਂ ਹਨ, ਪਰ ਕਿਸਾਨਾ ਅਤੇ ਆਮ ਲੋਕਾਂ ਵਿੱਚ ਅੱਜ  ਆਰਥਕ ਮੁੱਦੇ ਭਾਰੂ ਹਨ। ਕਿਸਾਨ ਵਿਰੋਧੀ ਏਜੰਸੀਆਂ ਨੇ ਦੇਸ਼ ਅਤੇ ਵਿਦੇਸ਼ ਤੋਂ, ਕਿਸਾਨ ਅੰਦੋਲਨ ਵਿੱਚ ਵੀ ਧਾਰਮਿਕ, ਸੰਪਰਦਾੲਕਿ ਅਤੇ ਭਾਵੁਕ ਮੁੱਦਿਆਂ ਨੂੰ ਭਾਰੀ ਕਰਾਉਣ ਲਈ ਅੱਡੀ ਚੋਟੀ ਦਾ ਜੋਰ ਲਾਇਆ, ਪਰ ਉਹ ਅਸਫਲ ਰਹੀਆਂ। ਇਸ ਤੋਂ ਇਕ ਗੱਲ ਸਾਫ ਹੋ ਰਹੀ ਹੈ ਕਿ ਧਾਰਮਿਕ, ਸੰਪਰਦਾੲਕਿ ਅਤੇ ਜਾਤੀਵਾਦ ਆਦਿ ਦੇ ਮੁੱਦੇ ਬਹੁਤੇ ਉਸ ਸਮੇਂ ਹੀ ਕੰਮ ਕਰਦੇ ਹਨ ਜਦੋਂ ਲੋਕਾਂ ਨੂੰ ਆਰਥਕ ਸੁਰੱਖਿਆ ਹੁੰਦੀ ਹੈ। ਇਕੱਲੇ ਧਾਰਮਕਿ ਮੁੱਦਿਆਂ ਨਾਲ ਕੋਈ ਵੀ ਪਾਰਟੀ ਸੱਤਾ ਨਹੀਂ ਹਥਿਆ ਸਕਦੀ, ਉਸ ਨੂੰ ਆਰਥਕ ਲੌਲੀਪਾਪ, ਜਿਵੇਂ ਕਰੋੜਾਂ ਨੌਕਰੀਆਂ ਦੇਣ ਦਾ ਝਾਂਸਾ, ਜ਼ਮੀਨਾ ਦੀ ਰੱਖਿਆ ਕਰਨ ਦਾ ਵਾਅਦਾ, ਆਮਦਨ ਵਧਾਉਣ ਦਾ ਵਾਅਦਾ, ਕਰਜ਼ੇ ਮਾਫ ਕਰਨ ਤੇ ਬਿਜਲੀ ਮੁਫਤ ਦੇਣ ਦਾ ਵਾਅਦਾ ਆਦਿ ਵੀ ਨਾਲ ਕਰਨੇ ਪੈਂਦੇ ਹਨ। ਪਰ ਕੀ ਹੁਣ ਕੇਵਲ ਵਾਦਿਆਂ ਜਾਂ ਜੁਮਲਿਆਂ ਨਾਲ ਨਾਲ ਲੋਕਾਂ ਨੂੰ ਭਰਮਾਇਆ ਜਾ ਸਕਦਾ ਹੈ? ਸ਼ਾਇਦ ਹੁਣ ਇਹ ਫਾਰਮੂਲਾ ਵੀ ਫੇਲ ਹੁੰਦਾ ਲਗਦਾ ਹੈ। ਸ਼ਾਇਦ ਇਸ ਲਈ ਹੀ ਪ੍ਰਸ਼ਾਂਤ ਕਿਸ਼ੋਰ ਹੁਣ ਸੁਪਨਾ ਰਾਜਨੀਤੀ ਤਿਆਗ ਰਿਹਾ ਹੈ। ਕਿਸਾਨ ਮੋਰਚੇ ਨੇ ਲੋਕਾਂ ਨੂੰ ਦੱਸ ਦਿੱਤਾ ਹੈ ਕਿ ਰਾਜਨੀਤਕ ਝੂਠ ਤੋਂ ਬਚੋ, ਆਪਣੀ ਹੋਣੀ ਖੁਦ ਤਹਿ ਕਰੋ। 

ਕਿਸਾਨ ਮੋਰਚੇ ਦੇ ਲੀਡਰ ਹਰ ਰੋਜ ਸੱਤਾ ਤੇ ਕਾਬਜ਼ ਵਿਅਕਤੀ ਵਿਸ਼ੇਸ਼ ਅਖੌਤੀ ਨੇਤਾਵਾਂ ਅਤੇ ਪਾਰਟੀ ਲੀਡਰਾਂ ਦੇ ਪਰਦੇ ਫਾਸ਼ ਕਰ ਰਹੇ ਹਨ, ਇਨਾ ਨੇ ਲੀਡਰਾਂ ਦੇ ਝੂਠ ਅਤੇ ਕਾਰਪੋੇਰੇਟ ਲੁੱਟ ਨੂੰ ਕਾਫੀ ਹੱਦ ਤੱਕ ਨੰਗਾ ਕੀਤਾ ਹੈ, ਇਨਾਂ ਕਾਰਪੋਰੇਟ ਮੀਡੀਆ ਦੇ ਝੁਠ ਦਾ ਧੂਆਂ ਕੱਢਿਆ ਹੈ, ਲੋਕ ਕਿਸਾਨ ਮੋਰਚੇ ਦੀ ਸਾਈਟ ਤੇ ਜਾਕੇ ਉਨਾ ਦੇ ਭਾਸ਼ਣ ਸੁਣ ਰਹੇ ਹਨ। ਇਸ ਕਾਰਨ  ਪੰਜਾਬ, ਹਰਿਆਣਾ, ਯੂਪੀ ਅਤੇ ਰਾਜਸਥਾਨ ਤੋਂ ਇਲਾਵਾ ਦੇਸ਼ ਦੇ ਲੋਕ ਰਾਜਨੀਤਕ ਤੌਰ ਤੇ ਕਾਫੀ ਸੁਚੇਤ ਹੋ ਰਹੇ ਹਨ। ਪਿਛੇ ਹੋਈਆਂ ਕੁੱਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਇਸ ਦਾ ਵੱਡਾ ਸਬੂਤ ਹਨ। ਲੋਕ ਇਨਾਂ ਦੀ ਗੱਲ ਤੇ ਵਿਸ਼ਵਾਸ਼ ਕਰ ਰਹੇ ਹਨ ਇਸ ਕਰਕੇ ਹੀ ਤਾਂ ਸਰਕਾਰ ਅਤੇ ਮੀਡੀਆ ਦਾ ਦੁਰਪ੍ਰਚਾਰ ਕਿਸਾਨਾ ਤੇ ਕੋਈ ਲੇਬਲ ਨਹੀਂ ਲਾ ਸਕਿਆ ਤੇ ਲੱਖ ਕੋਸਿ਼ਸ਼ਾਂ ਦੇ ਬਾਵਜੂਦ ਇਸ ਵਿੱਚ ਹਿੰਸਾ ਨਹੀਂ ਵਾੜ ਸਕਿਆ। ਕਿਸਾਨ ਲੀਡਰਾਂ ਦੇ ਠਰੰਮੇ, ਸ਼ਹਿਣਸ਼ੀਲਤਾ, ਸਮਝਦਾਰੀ ਅਤੇ ਸਾਝੀ ਰਾਇ ( ਜਨਰਲ ਵਿਲ) ਦੀ ਧਾਰਨਾ ਨੂੰ ਦਾਦ ਦੇਣੀ ਬਣਦੀ ਹੈ। ਸੰਯੁਕਤ ਕਿਸਾਨ ਮੋਰਚੇ ਦੀ ਇਸ ਧਾਰਨਾ ਪਿਛੇ ਮੁੱਖ ਰੋਲ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਦਾ ਹੈ। ਇਸ ਲਈ ਰਾਕੇਸ਼ ਟਕੈਤ ਵੀ ਹਰ ਥਾ ਇਹੀ ਕਹਿੰਦਾ ਹੈ ਕਿ ਅਗਵਾਈ ਸਿੰਘੂ ਬਾਰਡਰ ਤੇ ਹੀ ਰਹੇਗੀ ਅਤੇ ਇਹ ਸੰਯੁਕਤ ਕਿਸਾਨ ਮੋਰਚੇ ਪਾਸ ਹੀ ਰਹੇਗੀ। ਇਸ ਦਾ ਅਰਥ ਹੈ ਕਿ ਪੰਜਾਬ ਦੀ ਕਿਸਾਨ ਲੀਡਰਸ਼ੀਪ ਬਹੁਤ ਸੁਲਝੀ ਹੋਈ ਅਤੇ ਸੁਹਿਰਦ ਹੈ। ਇਹ ਕੋਈ ਹਿੰਸਕ ਇਨਕਲਾਬੀ ਪਲਟਾ ਕਰਨ ਦਾ ਇਰਾਦਾ ਨਹੀਂ ਰਖਦੀ, ਇਹ ਵਰਤਮਾਨ ਸੰਵਧਿਾਨਕ ਅਤੇ ਰਾਜਨੀਤਕ ਸਿਸਟਮ ਵਿੱਚ ਰਹਿਕੇ ਹੀ ਸ਼ਾਤਮਈ ਢੰਗ ਨਾਲ ਲੋਕ ਪੱਖੀ ਤਬਦੀਲੀਆਂ ਦੀ ਹਾਮੀਂ ਭਰਦੀ ਹੈ। ਇਹ ਹੰਡੀ ਹੋਈ ਲੀਡਰਸਿ਼ਪ ਅੱਜ ਪੰਜਾਬ ਨੂੰ ਵਰਤਮਾਨ ਪ੍ਰਸਥਿਤੀਆਂ ਵਿੱਚ ਅਗਵਾਈ ਦੇਣ ਦੀ ਸਮਰੱਥਾ ਰਖਦੀ ਹੈ। ਇਹ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਦਾ ਚੇਹਰਾ ਦੇਣ ਦੇ ਵੀ ਸਮਰੱਥ ਹੈ। ਪੰਜਾਬ ਦੇ ਲੋਕ ਇਸ ਦੇ ਮੁੱਖ ਲੀਡਰਾਂ ਦੀ ਪੰਜਾਬ ਦੇ ਅਖੌਤੀ ਮੁੱਖ ਮੰਤਰੀ ਚਿਹਰਿਆਂ ਨਾਲ ਤੁਲਨਾ ਕਰ ਸਕਦੇ ਹਨ ।

ਪੰਜਾਬ ਨੂੰ ਇਸ ਮਸੇਂ ਬਹੁਤ ਸੁਲਝੇ ਹੋਏ, ਠਹਰਿਾਅ ਵਾਲੇ, ਇਮਾਨਦਾਰ, ਸੱਤਾ ਨਾਲ ਚਿਪਕਣ ਦੇ ਲਾਲਚ ਤੋਂ ਦੂਰ, ਪੰਜਾਬ ਨੂੰ ਘੋਰ ਆਰਥਕ ਦਲਦਲ ਵਿੱਚੋਂ ਕੱਢਣ ਵਾਲੇ ਲੀਡਰ ਦੀ ਲੋੜ ਹੈ। ਉਸ ਪਾਸ ਸਾਰਿਆਂ ਨੂੰ ਨਾਲ ਲੈਕੇ ਚੱਲਣ ਦੀ ਸਮਰੱਥਾ ਹੋਵੇ ਤੇ ਪੰਜਾਬ ਨੂੰ ਇਸ ਨਵੇਂ ਤਕਨੀਕੀ ਯੁੱਗ ਵਿੱਚ ਅੱਗੇ ਲਿਜਾਣ ਦਾ ਜਜ਼ਬਾ ਹੋਵੇ। ਉਸ ਨੂੰ ਆਪਣੇ ਸੁੱਖ ਅਰਾਮ ਨਾਲੋਂ ਪੰਜਾਬ ਦੇ ਸੁੱਖ ਅਰਾਮ ਦੀ ਬਹੁਤੀ ਚਿੰਤਾ ਹੋਵੇ। ਉਹ ਚਾਪਲੁਸਾਂ ਅਤੇ ਸੁਆਰਥੀ ਵਿਅਕਤੀਆਂ ਦੀ ਟੋਲੀ ਜਾਂ ਕੋਟਰੀ ਤੋਂ ਪ੍ਰਭਾਵਤ ਨਾ ਹੋਵੇ। ਉਹ ਕਲੋਨੀਅਲ ਅਤੇ ਸਾਮੰਤੀ ਸੋਚ ਵਾਲੀ ਕੁਰੱਪਟ ਅਫਸਰਸ਼ਾਹੀ ਤੋਂ ਦੂਰ ਰਹਿਕੇ, ਉਸ ਨੂੰ ਕੰਟਰੋਲ ਕਰਨ ਦੀ ਸਮਰੱਥਾ ਰਖਦਾ ਹੋਵੇ। ਉਸ ਨੂੰ ਆਪਣੇ ਆਮ ਲੋਕਾਂ ਤੇ ਵਿਸ਼ਵਾਸ ਹੋਵੇ। ਉਸ ਨੂੰ ਪੰਜਾਬ ਦੀਆਂ ਸਮੱਸਿਆਵਾਂ ਦੀ ਸਮਝ ਹੋਵੇ ਅਤੇ ਇਨਾ ਦੇ ਹੱਲ ਬਾਰੇ ਪਤਾ ਹੋਵੇ ਜਾਂ ਹੱਲ ਲਈ ਸੁਝਾE ਲੈਣ ਦੀ ਇੱਛਾ ਸ਼ਕਤੀ ਹੋਵੇ। ਉਸ ਨੂੰ ਅਤੀਤ ਵਿੱਚ ਪੰਜਾਬ ਦੇ ਮੁੱਖ ਮੰਤਰੀਆਂ ਅਤੇ ਪਾਰਟੀਆਂ ਦੁਆਰਾ ਕੀਤੀਆਂ ਵੱਡੀਆਂ ਗਲਤੀਆਂ ਦਾ ਗਿਆਨ ਹੋਵੇ। ਉਸ ਨੂੰ ਕੇਂਦਰ ਸਰਕਾਰ ਨਾਲ ਵਰਤਣ ਅਤੇ ਉਸ ਤੋਂ ਕੰਮ ਲੈਣ ਦਾ ਸਲੀਕਾ ਅਤੇ ਦਲੇਰੀ ਹੋਵੇ। ਅੱਜ ਦਾ ਗਲੋਬਲ, ਸਰਬੱਤ ਦਾ ਭਲਾ ਚਾਹੁਣ ਵਾਲਾ ਪੰਜਾਬੀ ਭਾਈਚਾਰਾ, ਇਸ ਤਰਾਂ ਦੀ ਲੀਡਰਸਿ਼ੱਪ ਦਾ ਹੱਕ ਰਖਦਾ ਹੈ। ਸ਼ਾਲਾ, ਇਸ ਵਾਰ ਅਜਿਹਾ ਹੀ ਹੋਵੇ! 

ਪ੍ਰਿਥੀਪਾਲ ਸਿੰਘ ਸੋਹੀ