ਹੋਬੋਕਨ, ਨਿਊਜਰਸੀ ਦੇ ਮੇਅਰ ਰਵੀ ਭੱਲਾ ਵੱਲੋਂ ਮੁੜ ਚੋਣ ਲੜਨ ਦਾ ਐਲਾਨ

ਹੋਬੋਕਨ, ਨਿਊਜਰਸੀ ਦੇ ਮੇਅਰ ਰਵੀ ਭੱਲਾ ਵੱਲੋਂ ਮੁੜ ਚੋਣ ਲੜਨ ਦਾ ਐਲਾਨ
ਰਵਿੰਦਰ ਰਵੀ ਭੱਲਾ ਦੁਬਾਰਾ ਚੋਣ ਲੜਨ ਦਾ ਐਲਾਨ ਕਰਨ ਸਮੇ

ਅੰਮ੍ਰਿਤਸਰ ਟਾਈਮਜ਼ ਬਿਉਰੋ 

ਸੈਕਰਾਮੈਂਟੋ :(ਹੁਸਨ ਲੜੋਆ ਬੰਗਾ) ਹੋਬੋਕਨ, ਨਿਊਜਰਸੀ ਦੇ ਮੇਅਰ ਰਵਿੰਦਰ ਰਵੀ ਭੱਲਾ ਨੇ ਮੁੜ ਚੋਣ ਲੜਨ ਦਾ ਐਲਾਨ ਕੀਤਾ ਹੈ। ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਰਵੀ ਭੱਲਾ ਨੇ ਚੋਣ ਲੜਨ ਦਾ ਰਸਮੀ ਐਲਾਨ ਕਰਦਿਆਂ ਖੇਤਰੀ ਤੇ ਕੌਮੀ ਲੀਡਰ ਵਜੋਂ ਸਮਾਜ ਦੀ ਸੇਵਾ ਕਰਨ ਦਾ ਪ੍ਰਣ ਲਿਆ। ਉਨਾਂ ਕਿਹਾ ਕਿ ਰਸਮੀ ਤੌਰ 'ਤੇ ਚੋਣ ਮੁਹਿੰਮ ਦੀ ਸ਼ੁਰੂਆਤ 24 ਜੂਨ ਨੂੰ ਹੋਵੇਗੀ ਤੇ ਉਸ ਦਿਨ ਪਿਲਸੇਨਰ, ਹੌਸ ਤੇ ਬੀਰਗਾਰਟਨ ਵਿਖੇ ਸਮਾਗਮ ਕੀਤੇ ਜਾਣਗੇ। ਭੱਲਾ ਅਜਿਹੇ ਪਹਿਲੇ ਅਮਰੀਕੀ ਸਿੱਖ ਹਨ ਜੋ 2017 ਵਿਚ ਸਿੱਧੇ ਤੌਰ 'ਤੇ ਮੇਅਰ ਦੀ ਚੋਣ ਜਿੱਤੇ ਸਨ। ਉਨਾਂ ਨੇ 6 ਉਮੀਦਵਾਰਾਂ ਨੂੰ ਹਰਾ ਕੇ ਚੋਣ ਜਿੱਤੀ ਸੀ। ਉਸ ਸਮੇ ਸਾਬਕਾ ਮੇਅਰ ਡਾਨ ਜ਼ਿਮਰ ਨੇ ਚੋਣ ਨਾ ਲੜਨ ਦਾ ਐਲਾਨ ਕੀਤਾ ਸੀ ਤੇ ਮੇਅਰ ਦੇ ਅਹੁੱਦੇ ਲਈ ਭੱਲਾ ਦਾ ਸਮਰਥਨ ਕੀਤਾ ਸੀ। ਉਹ ਪਹਿਲੇ ਮੇਅਰ ਹਨ ਜਿਨਾਂ ਨੇ ਮਾਰਚ 2020 ਵਿਚ 'ਸ਼ੈਲਟਰ ਇਨ ਪਲੇਸ' ਆਦੇਸ਼ ਜਾਰੀ ਕੀਤਾ ਸੀ । ਇਸ ਤੋਂ ਪਹਿਲਾਂ ਉਹ ਹੋਬੋਕਨ ਸ਼ਹਿਰ ਦੀ ਕੌਂਸਲ ਵਿਚ 6 ਸਾਲ ਕੌਂਸਲਰ ਵਜੋਂ ਵੀ ਕੰਮ ਕਰਦੇ ਰਹੇ ਹਨ। ਹੋਬੋਕਨ ਸ਼ਹਿਰ ਦੀ ਵਸੋਂ 55000 ਹੈ ਤੇ ਇਹ ਇਕ ਵਰਗ ਮੀਲ ਵਿਚ ਵਸਿਆ ਹੋਇਆ ਹੈ। ਭੱਲਾ ਨੇ ਕਿਹਾ  ਕਿ ਉਨਾਂ ਦੀ ਮੁੱਢਲੀ ਚਿੰਤਾ ਆਉਂਦੇ ਤੂਫਾਨ ਤੇ ਖਰਾਬ ਮੌਸਮ ਕਾਰਨ ਹੁੰਦੀ ਤਬਾਹੀ ਨੂੰ ਘਟਾਉਣਾ ਹੈ ਜਿਨਾਂ ਨਾਲ ਸ਼ਹਿਰ ਦੀ 85% ਆਬਾਦੀ ਪ੍ਰਭਾਵਿਤ ਹੁੰਦੀ ਹੈ। ਕਰੋੜਾਂ ਡਾਲਰਾਂ ਦੀ ਜਾਇਦਾਦ ਦਾ ਨੁਕਸਾਨ ਹੁੰਦਾ ਹੈ। ਉਨਾਂ ਕਿਹਾ ਕਿ 2014 ਵਿਚ ਵਿਗਿਆਨੀਆਂ ਨੇ ਇਕ ਰਿਪੋਰਟ ਵਿਚ ਕਿਹਾ ਸੀ ਕਿ ਇਸ ਤੱਟੀ ਸ਼ਹਿਰ ਦੀ ਅੱਧੀ ਆਬਾਦੀ ਔਸਤ ਸਮੁੰਦਰੀ ਪੱਧਰ ਤੋਂ 5 ਫੁੱਟ ਹੇਠਲੇ ਖੇਤਰਾਂ ਵਿਚ ਰਹਿੰਦੀ ਹੈ ਜਿਸ ਕਾਰਨ ਸਭ ਤੋਂ ਵਧ ਖਤਰਾ ਇਸ ਆਬਾਦੀ ਨੂੰ ਰਹਿੰਦਾ ਹੈ। ਉਨਾਂ ਕਿਹਾ ਕਿ ਅਸੀਂ ਹੜਾਂ ਤੋਂ ਬਚਾਅ ਲਈ ਸ਼ਹਿਰ ਨੂੰ ਵਧੇਰੇ ਸੁਰੱਖਿਅਤ ਬਣਾਇਆ ਹੈ ਤੇ ਇਸ ਸਬੰਧੀ ਭਵਿੱਖ ਵਿਚ ਵੀ ਕੋਸ਼ਿਸ਼ਾਂ ਜਾਰੀ ਰਹਿਣਗੀਆਂ।