ਮੈਕਸੀਕੋ ਰਾਹੀਂ ਅਮਰੀਕਾ ਵਿਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਭਾਰੀ ਵਾਧਾ

ਮੈਕਸੀਕੋ ਰਾਹੀਂ ਅਮਰੀਕਾ ਵਿਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਭਾਰੀ ਵਾਧਾ
ਅਮਰੀਕਾ-ਮੈਕਸੀਕੋ ਸਰਹੱਦ ਨੇੜੇ ਜੰਗਲ ਵਿਚ ਨਜਰ ਆ ਰਹੇ ਮਨੁੱਖੀ ਪਿੰਜਰ

 * ਇਕ ਮਹੀਨੇ ਵਿਚ 1 ਲੱਖ ਤੋਂ ਵਧ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ

ਅੰਮ੍ਰਿਤਸਰ ਟਾਈਮਜ਼ ਬਿਉਰੋ 

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਅਮਰੀਕਾ-ਮੈਕਸੀਕੋ ਸਰਹੱਦ ਰਾਹੀਂ ਅਮਰੀਕਾ ਵਿਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗਰਮ ਰੁੱਤ ਦੌਰਾਨ ਇਹ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ ਜਿਸ ਕਾਰਨ ਸਰਹੱਦ ਉਪਰ ਹੋਰ ਜਵਾਨ ਤਾਇਨਾਤ ਕੀਤੇ ਗਏ ਹਨ।  ਅਮਰੀਕਾ ਵਿਚ ਦਾਖਲ ਹੋਣ ਵਾਲਿਆਂ ਵਿਚ ਜਿਆਦਾਤਰ ਬਾਲਗ ਹੁੰਦੇ ਹਨ। ਇਹ ਲੋਕ ਮਾਰਥਲ ਖੇਤਰਾਂ ਤੇ ਟੇਢੇ ਮੇਢੇ ਪਹਾੜੀ ਰਸਤਿਆਂ ਰਾਹੀਂ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ ਕਰਦੇ ਹਨ। ਇਸ ਕੋਸ਼ਿਸ਼ ਦੌਰਾਨ ਅੱਤ ਦੀ ਗਰਮੀ ਕਾਰਨ ਕਈਆਂ ਦੀ ਮੌਤ ਹੋ ਜਾਂਦੀ ਹੈ। ਰੂਰਲ ਬਰੁਕਸ ਕਾਉਂਟੀ ਟੈਕਸਸ ਦੇ ਡਿਪਟੀ ਸ਼ੈਰਿਫ ਡਾਨ ਵਾਈਟ ਅਨੁਸਾਰ ਇਸ ਸਾਲ 34 ਲਾਸ਼ਾਂ ਤੇ ਮਨੁੱਖੀ ਰਹਿੰਦ ਖੂੰਹਦ ਮਿਲੀ ਹੈ। ਇਹ ਲੋਕ 100 ਡਿਗਰੀ ਤਾਪਮਾਨ ਤੇ ਸਖਤ ਹਾਲਾਤ ਦਾ ਸਾਹਮਣਾ ਨਹੀਂ ਕਰ ਸਕੇ ਤੇ ਦਮ ਤੋੜ ਗਏ। ਉਨਾਂ ਕਿਹਾ ਕਿ ਮੈ ਅਮਰੀਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲਿਆਂ ਦੀ ਵਧੀ ਗਿਣਤੀ ਨੂੰ ਵੇਖ ਕੇ ਹੈਰਾਨ ਹਾਂ। ਇਸ ਸਾਲ ਇਕੱਲੇ ਅਪ੍ਰੈਲ ਮਹੀਨੇ ਵਿਚ ਰਖਿਆ ਅਧਿਕਾਰੀਆਂ ਨੇ 1,11,000 ਤੋਂ ਵਧ ਨਬਾਲਗਾਂ ਨੂੰ ਹਿਰਾਸਤ ਵਿਚ ਲਿਆ ਹੈ। ਪਿਛਲੇ ਇਕ ਦਹਾਕੇ ਦੌਰਾਨ ਇਕ ਮਹੀਨੇ ਵਿਚ ਅਮਰੀਕਾਵਿੱਚ ਦਾਖਲ ਹੋਣ ਵਾਲਿਆਂ ਦੀ ਇਹ ਗਿਣਤੀ ਸਭ ਤੋਂ ਵਧ ਹੈ। ਇਹ ਲੋਕ ਅਮਰੀਕਾ ਵਿਚ ਦਾਖਲ ਹੋਣ ਉਪਰੰਤ ਮਾਨਵੀ ਅਧਾਰ 'ਤੇ ਰਖਿਆ ਦੀ ਮੰਗ ਕਰਦੇ ਹਨ। ਮੁੱਢਲੇ ਇਨਫੋਰਸਮੈਂਟ ਡੈਟਾ ਅਨੁਸਾਰ ਮਈ ਮਹੀਨੇ ਵਿਚ ਇਹ ਗਿਣਤੀ ਹੋਰ ਵਧੀ ਹੈ।