6 ਸਾਲਾ ਬੱਚੇ ਨੂੰ ਗੋਲੀ ਮਾਰਨ ਵਾਲੇ ਦੋਸ਼ੀ ਦੀ ਸੂਚਨਾ ਦੇਣ ਵਾਲੇ ਲਈ ਇਨਾਮ ਦੀ ਰਾਸ਼ੀ ਵਧਾ ਕੇ ਸਾਢੇ 4 ਲੱਖ ਡਾਲਰ ਕੀਤੀ

6 ਸਾਲਾ ਬੱਚੇ ਨੂੰ ਗੋਲੀ ਮਾਰਨ ਵਾਲੇ ਦੋਸ਼ੀ ਦੀ ਸੂਚਨਾ ਦੇਣ ਵਾਲੇ ਲਈ ਇਨਾਮ ਦੀ ਰਾਸ਼ੀ ਵਧਾ ਕੇ ਸਾਢੇ 4 ਲੱਖ ਡਾਲਰ ਕੀਤੀ
 ਬੱਚੇ ਦੀ ਤਸਵੀਰ

ਅੰਮ੍ਰਿਤਸਰ ਟਾਈਮਜ਼ ਬਿਉਰੋ 

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)ਕੈਲੀਫੋਰਨੀਆ ਵਿਚ ਪਿਛਲੇ ਮਹੀਨੇ 6 ਸਾਲਾ ਬੱਚੇ ਨੂੰ ਗੋਲੀ ਮਾਰ ਕੇ ਮਾਰ ਦੇਣ ਵਾਲੇ ਸ਼ੱਕੀ ਦੋਸ਼ੀ ਦੀ ਸੂਚਨਾ ਦੇਣ ਵਾਲੇ ਲਈ ਇਨਾਮ ਦੀ ਰਾਸ਼ੀ ਵਧਾ ਕੇ 4,50,000 ਡਾਲਰ ਕਰ ਦਿੱਤੀ ਗਈ ਹੈ ਜੋ ਪਹਿਲਾਂ 4 ਲੱਖ ਡਾਲਰ ਸੀ। ਵਧਾਈ ਗਈ  50 ਹਜਾਰ ਡਾਲਰ ਦੀ ਰਾਸ਼ੀ ਦੇਣ ਦਾ ਐਲਾਨ ਕੋਸਟਾ ਮੀਸਾ ਸਿਟੀ ਕੌਂਸਲ ਨੇ ਕੀਤਾ ਹੈ। ਸਿਟੀ ਕੌਂਸਲ ਦੇ ਮੇਅਰ ਜੌਹਨ ਸਟੀਫਨਜ ਨੇ ਕਿਹਾ ਹੈ ਕਿ 6 ਸਾਲਾ ਬੱਚੇ ਏਡਨ ਲੀਓਸ ਦੀ ਬੇਹੂਦਾ ਹੱਤਿਆ ਦਾ ਅਹਿਸਾਸ ਹਰ ਵਿਅਕਤੀ ਨੂੰ ਹੈ ਇਸ ਲਈ ਅਸੀਂ ਚਹੁੰਦੇ ਹਾਂ ਕਿ ਹੱਤਿਆਰੇ ਨੂੰ ਹਰ ਹਾਲਤ ਵਿਚ ਕਟਹਿਰੇ ਵਿਚ ਖੜਾ ਕੀਤਾ ਜਾਵੇ।

ਇਥੇ ਜਿਕਰਯੋਗ ਹੈ ਕਿ ਏਡਨ ਲੀਓਸ ਦੀ ਮਾਂ ਉਸ ਨੂੰ ਸਟੇਟ ਰੂਟ 55 ਉਪਰ ਆਪਣੀ ਕਾਰ ਵਿਚ ਸਕੂਲ ਛੱਡਣ ਜਾ ਰਹੀ ਸੀ ਜਦੋਂ ਨਾਲ ਜਾ ਰਹੇ ਇਕ ਵਾਹਣ ਵਿਚੋਂ ਚਲਾਈ ਗੋਲੀ ਉਸ ਦੇ ਢਿੱਡ ਵਿਚ ਵੱਜਣ ਨਾਲ ਉਹ ਗੰਭੀਰ ਜਖਮੀ ਹੋ ਗਿਆ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕੈਲੀਫੋਰਨੀਆ ਹਾਈ ਵੇਅ ਪੈਟਰੋਲ  ਦੇ ਅਧਿਕਾਰੀ ਫਲੋਰੇਨਟੀਨੋ ਉਲੀਵੇਰਾ ਨੇ ਦਸਿਆ ਕਿ ਸ਼ੱਕੀ ਵਾਹਣ ਜਿਸ ਵਿਚ ਦੋਸ਼ੀ ਸਵਾਰ ਸੀ ਦੀ ਫੋਟੋ ਵੀ ਜਾਰੀ ਕੀਤੀ ਗਈ ਹੈ।  ਇਹ ਇਕ ਚਿੱਟੇ ਰੰਗ ਦੀ ਵੋਲਕਸਵੈਗਨ ਗੋਲਫ ਸਪੋਰਟਸ ਵੈਗਨ ਹੈ। ਇਸ ਵਾਹਣ ਵਿਚ ਔਰਤ ਤੇ ਮਰਦ ਸਵਾਰ ਸਨ। ਅਧਿਕਾਰੀਆਂ ਅਨੁਸਾਰ ਫੋਟੋ ਜਾਰੀ ਕਰਨ ਉਪਰੰਤ ਸਾਨੂੰ ਬਹੁਤ ਸਾਰੀਆਂ ਗੁਪਤ ਸੂਚਨਾਵਾਂ ਮਿਲੀਆਂ ਹਨ। ਉਨਾਂ ਕਿਹਾ ਕਿ ਦੋਸ਼ੀ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।