ਸ਼ੋਸ਼ਲ ਮੀਡੀਆ 'ਤੇ  ਮਾਨ, ਸਿੱਧੂ ਤੇ ਕੈਪਟਨ ਉਪਰ ਸੁਖਬੀਰ ਭਾਰੂ 

ਸ਼ੋਸ਼ਲ ਮੀਡੀਆ 'ਤੇ  ਮਾਨ, ਸਿੱਧੂ ਤੇ ਕੈਪਟਨ ਉਪਰ ਸੁਖਬੀਰ ਭਾਰੂ 

*ਸੁਖਬੀਰ  ਬਾਦਲ ਦੇ ਫੇਸਬੁੱਕ 'ਤੇ 23,57,029 ਫਾਲੋਅਰਜ਼ ,ਮੁੱਖ ਮੰਤਰੀ ਚੰਨੀ ਦੇ ਫੇਸਬੁੱਕ ਪੇਜ 'ਤੇ  ਫਾਲੋਅਰਜ਼ ਤੇ ਲਾਈਕਸ ਦੀ ਗਿਣਤੀ 2,75,108 

ਅੰਮ੍ਰਿਤਸਰ ਟਾਈਮਜ਼

 ਜਲੰਧਰ : ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਦਿੱਗਜ ਆਗੂ ਵੀ ਘਰ-ਘਰ ਪ੍ਰਚਾਰ ਕਰਨ ਦੇ ਨਾਲ ਇੰਟਰਨੈੱਟ ਮੀਡੀਆ 'ਤੇ ਚੋਣ ਪ੍ਰਚਾਰ ਕਰ ਰਹੇ ਹਨ। ਇੰਟਰਨੈੱਟ ਤੇ।ਸ਼ੋਸ਼ਲ ਮੀਡੀਆ 'ਤੇ ਧਾਵਾ ਬੋਲਣ ਵਾਲਿਆਂ ਵਿਚ ਸੁਖਬੀਰ ਬਾਦਲ ਪਹਿਲੇ ਨੰਬਰ 'ਤੇ, ਭਗਵੰਤ ਮਾਨ ਦੂਜੇ ਨੰਬਰ 'ਤੇ ਅਤੇ ਨਵਜੋਤ ਸਿੰਘ ਸਿੱਧੂ ਤੀਜੇ ਨੰਬਰ 'ਤੇ ਹਨ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇੰਟਰਨੈੱਟ ਮੀਡੀਆ 'ਤੇ ਚੋਣ ਹਲਚਲ ਦੌਰਾਨ ਇੱਕ-ਦੂਜੇ ਨੂੰ ਘੇਰਨ ਦੀ ਹਰ ਸੰਭਵ ਕੋਸ਼ਿਸ਼ ਵਿਚ ਜੁਟੇ ਹੋਏ ਹਨ।ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਦੇ ਇੰਟਰਨੈੱਟ ਮੀਡੀਆ (ਫੇਸਬੁੱਕ) 'ਤੇ 23,57,029 ਫਾਲੋਅਰਜ਼ ਹਨ। ਸੁਖਬੀਰ ਬਾਦਲ 24 ਘੰਟਿਆਂ ਵਿਚ ਆਪਣੇ ਫੇਸਬੁੱਕ ਪੇਜ 'ਤੇ ਤਿੰਨ ਤੋਂ ਚਾਰ ਪੋਸਟਾਂ ਪਾ ਕੇ ਵੋਟਰਾਂ ਨੂੰ ਲੁਭਾ ਰਹੇ ਹੈ। ਕਿਸਾਨਾਂ ਤੋਂ ਲੈ ਕੇ ਪਾਰਟੀ ਦੇ ਚੋਣ ਐਲਾਨ ਤਕ ਸੁਖਬੀਰ ਸਭ ਤੋਂ ਅੱਗੇ ਹਨ। ਰੋਜ਼ਾਨਾ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਸੁਖਬੀਰ ਨੇ ਆਪਣੇ ਪੇਜ 'ਤੇ ਵੱਧ ਤੋਂ ਵੱਧ ਐਲਾਨ ਅਤੇ ਵਾਅਦਿਆਂ ਸਬੰਧੀ ਪੋਸਟ ਪਾਈ ਹੈ।

ਇਹੀ ਹਾਲ ਆਪ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਦਾ ਹੈ, ਜੋ ਇੰਟਰਨੈੱਟ ਮੀਡੀਆ 'ਤੇ ਦੂਜੇ ਨੰਬਰ 'ਤੇ ਹਨ। ਭਗਵੰਤ ਮਾਨ ਦੇ 21,31,571 ਫਾਲੋਅਰਜ਼ ਹਨ। ਭਗਵੰਤ ਮਾਨ ਨੇ ਵੀ ਆਪਣੇ ਫੇਸਬੁੱਕ ਪੇਜ 'ਤੇ ਅਜਿਹਾ ਕੋਈ ਮੌਕਾ ਨਹੀਂ ਛੱਡਿਆ ਜਿਸ ਨੂੰ ਕਵਰ ਨਾ ਕੀਤਾ ਹੋਵੇ। ਜ਼ਿਆਦਾਤਰ ਵੀਡੀਓਜ਼ ਤੇ ਤਸਵੀਰਾਂ 'ਚ ਮਾਨ ਪੀਲੀ ਪੱਗ ਬੰਨ੍ਹ ਕੇ ਆਪਣੇ ਆਪ ਨੂੰ ਬਾਕੀ ਚੋਣ ਉਮੀਦਵਾਰਾਂ ਤੋਂ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਇਨਕਲਾਬ ਜ਼ਿੰਦਾਬਾਦ ਵਰਗੇ ਨਾਅਰਿਆਂ ਵਾਲੇ ਗੀਤਾਂ ਨਾਲ ਭਗਵੰਤ ਮਾਨ ਨੇ ਪਿਛਲੇ ਕੁਝ ਦਿਨਾਂ 'ਚ ਫੇਸਬੁੱਕ ਪੇਜ 'ਤੇ ਆਪਣੇ ਫਾਲੋਅਰਜ਼ ਵਧਾਏ ਹਨ। ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬਣਨ ਤੋਂ ਬਾਅਦ ਰੋਜ਼ਾਨਾ ਉਨ੍ਹਾਂ ਦੇ ਫਾਲਅਰਜ਼ ਵਿਚ ਵਾਧਾ ਵੀ ਹੋ ਰਿਹਾ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੋ ਕਿ ਇੰਟਰਨੈੱਟ ਮੀਡੀਆ 'ਤੇ ਆਪਣੇ-ਆਪ ਨੂੰ ਸਟਾਰ ਸਮਝਦੇ ਹਨ, ਤੀਜੇ ਨੰਬਰ 'ਤੇ ਚੱਲ ਰਹੇ ਹਨ। ਨਵਜੋਤ ਸਿੰਘ ਸਿੱਧੂ ਦੇ ਫੇਸਬੁੱਕ ਪੇਜ 'ਤੇ 16,96,348 ਫਾਲੋਅਰਜ਼ ਹਨ। ਨਵਜੋਤ ਸਿੱਧੂ ਆਪਣੇ ਫੇਸਬੁੱਕ ਪੇਜ 'ਤੇ ਪੰਜਾਬ ਮਾਡਲ ਨੂੰ ਸਭ ਤੋਂ ਵੱਧ ਪ੍ਰਮੋਟ ਕਰ ਰਹੇ ਹਨ। ਸਿੱਧੂ ਜਾਂ ਸਿੱਧੂ ਦੀ ਟੀਮ ਵੱਲੋਂ ਹਰ ਰੋਜ਼ 5 ਤੋਂ 6 ਚੋਣ ਪ੍ਰਚਾਰ ਸੰਬੰਧੀ ਸਮੱਗਰੀ ਆਪਣੇ ਪੇਜ 'ਤੇ ਪਾਈ ਜਾ ਰਹੀ ਹੈ। ਇਸ ਦੇ ਨਾਲ ਹੀ ਆਪਣੀ ਵਿਚਾਰਧਾਰਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਵੀ ਸਿੱਧੂ ਚੋਣ ਗੜਬੜ ਵਿੱਚ ਵੀ ਕਿਸੇ ਤੋਂ ਪਿੱਛੇ ਨਜ਼ਰ ਨਹੀਂ ਆ ਰਹੇ ਹਨ। ਹਾਲਾਂਕਿ, ਨੰਬਰ ਇੱਕ ਅਤੇ ਤਿੰਨ ਵਿੱਚ ਲਗਭਗ ਛੇ ਲੱਖ ਫਾਲੋਅਰਜ਼ ਦਾ ਅੰਤਰ ਹੈ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹਾਕੀ ਸਟਿੱਕ ਦੇ ਪ੍ਰਚਾਰ ਦੇ ਨਾਲ-ਨਾਲ ਆਪਣੇ ਫੇਸਬੁੱਕ ਪੇਜ 'ਤੇ ਲੋਕ ਕਾਂਗਰਸ ਪਾਰਟੀ ਲਈ ਖੁੱਲ੍ਹ ਕੇ ਪ੍ਰਚਾਰ ਕਰ ਰਹੇ ਹਨ। ਕੈਪਟਨ ਦੇ ਪੇਜ 'ਤੇ 13,72,929 ਫਾਲੋਅਰਜ਼ ਹਨ। ਕੈਪਟਨ ਅਮਰਿੰਦਰ ਵੱਲੋਂ ਹਰ ਰੋਜ਼ ਤਿੰਨ ਤੋਂ ਚਾਰ ਪੋਸਟਾਂ ਪਾਈਆਂ ਜਾ ਰਹੀਆਂ ਹਨ। ਕੈਪਟਨ ਨੇ ਵੀ ਆਪਣੇ ਪੇਜ 'ਤੇ ਲੋਕਾਂ ਨੂੰ ਖਾਸ ਦਿਨਾਂ ਬਾਰੇ ਜਾਗਰੂਕ ਕੀਤਾ ਹੈ।ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੇ ਫੇਸਬੁੱਕ ਪੇਜ 'ਤੇ ਉਨ੍ਹਾਂ ਦੇ ਫਾਲੋਅਰਜ਼ ਤੇ ਲਾਈਕਸ ਦੀ ਗਿਣਤੀ 2,75,108 ਹੋ ਗਈ ਹੈ। ਪਹਿਲਾਂ ਚੰਨੀ ਦੇ ਫਾਲੋਅਰਜ਼ ਹਜ਼ਾਰਾਂ ਦੀ ਗਿਣਤੀ ਵਿਚ ਸਨ।