ਬਿੱਲ ਗੇਟਸ ਨੇ 2.4 ਬਿਲੀਅਨ ਡਾਲਰ ਮੇਲਿੰਡਾ ਗੇਟਸ ਦੇ ਖਾਤੇ ਵਿਚ ਕੀਤੇ ਤਬਦੀਲ

ਬਿੱਲ ਗੇਟਸ ਨੇ 2.4 ਬਿਲੀਅਨ ਡਾਲਰ ਮੇਲਿੰਡਾ ਗੇਟਸ ਦੇ ਖਾਤੇ ਵਿਚ ਕੀਤੇ ਤਬਦੀਲ
9 ਜਨਵਰੀ 1994 ਨੂੰ ਇਕ ਸਵਾਗਤੀ ਪਾਰਟੀ ਦੌਰਾਨ ਬਿੱਲ ਗੇਟਸ ਤੇ ਮੇਲਿੰਡਾ ਗੇਟਸ ਹੋਰਨਾਂ ਨਾਲ (ਫਾਈਲ ਤਸਵੀਰ)

* ਬਿੱਲ ਗੇਟਸ ਅਜੇ ਵੀ ਦੁਨੀਆ ਦਾ ਚੌਥਾ ਅਮੀਰ ਵਿਅਕਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)ਇਸ ਹਫਤੇ ਦੇ ਸ਼ੁਰੂ ਵਿਚ ਵਿਸ਼ਵ ਦੇ ਅਮੀਰ ਵਿਅਕਤੀਆਂ ਵਿਚ ਸ਼ੁਮਾਰ ਬਿੱਲ ਗੇਟਸ ਤੇ ਮੇਲਿੰਡਾ ਗੇਟਸ ਵੱਲੋਂ ਤਲਾਕ ਦਾ ਐਲਾਨ ਕਰਨ ਉਪਰੰਤ ਉਸੇ ਦਿਨ ਹੀ ਮੇਲਿੰਡਾ ਗੇਟਸ ਅਰਬਪੱਤੀ ਬਣ ਗਈ ਸੀ। ਬਿੱਲ ਗੇਟਸ ਦੀ ਨਿਵੇਸ਼ ਕੰਪਨੀ 'ਕੈਸਕੇਡ ਇਨਵੈਸਟਮੈਂਟ ਨੇ ਮੇਲਿੰਡਾ ਗੇਟਸ ਦੀਆਂ ਸਕਿਉਰਟੀਜ਼ (ਸ਼ੇਅਰ ਬਜਾਰ) ਵਿਚ ਤਕਰੀਬਨ 2. 4 ਅਰਬ ਡਾਲਰ ਤਬਦੀਲ ਕੀਤੇ। ਫੋਰਬਸ ਅਨੁਸਾਰ ਇਸ ਨਾਲ ਬਿੱਲ ਗੇਟਸ ਦੀ ਅਸਲ ਪੂੰਜੀ 130.4 ਬਿਲੀਅਨ ਡਾਲਰ ਤੋਂ ਮਾਮੂਲੀ ਘੱਟ ਕੇ 128.1 ਬਿਲੀਅਨ ਡਾਲਰ ਰਹਿ ਗਈ ਪਰੰਤੂ ਇਸ ਦੇ ਬਾਵਜੂਦ ਉਸ ਦਾ ਵਿਸ਼ਵ ਵਿਚ ਚੌਥੇ ਅਮੀਰ ਵਜੋਂ ਸਥਾਨ ਕਾਇਮ ਹੈ। ਪਹਿਲੇ ਤਿੰਨ ਸਥਾਨਾਂ ਉਪਰ ਜੈਫ ਬੇਜੋਸ (177 ਬਿਲੀਅਨ ਡਾਲਰ), ਏਲਨ ਮਸਕ (157 ਬਿਲੀਅਨ ਡਾਲਰ), ਤੇ ਬਰਨਾਰਡ ਅਰਨੌਲਟ (150 ਬਿਲੀਅਨ ਡਾਲਰ) ਹਨ। ਫੋਰਬਸ ਅਨੁਸਾਰ ਮੇਲਿੰਡਾ ਨੂੰ ਆਟੋਨੇਸ਼ਨ ਦੇ 2.94 ਮਿਲੀਅਨ ਸ਼ੇਅਰ ਤੇ ਕੈਨੇਡੀਅਨ ਨੈਸ਼ਨਲ ਰੇਲਵੇ ਕੰਪਨੀ ਦੇ 14.1 ਮਿਲੀਅਨ ਸ਼ੇਅਰ ਮਿਲੇ ਹਨ। ਆਟੋ ਨੇਸ਼ਨ ਦੀ ਪੂੰਜੀ  309 ਮਿਲੀਅਨ ਡਾਲਰ ਤੇ ਕੈਨੇਡੀਅਨ ਨੈਸ਼ਨਲ ਰੇਲਵ ਕੰਪਨੀ ਦੀ ਪੂੰਜੀ ਅਨੁਮਾਨਤ 1.5 ਬਿਲੀਅਨ ਡਾਲਰ ਹੈ। ਇਸ ਤੋਂ ਇਲਾਵਾ ਮੇਲਿੰਡਾ ਗੇਟਸ ਨੂੰ ਮੈਕਸੀਕੋ ਵਿਚਲੀ ਕੰਪਨੀ ਕੋਕਾ-ਕੋਲਾ ਫੇਮਸਾ ਦੇ 25.8 ਮਿਲੀਅਨ ਸ਼ੇਅਰ (ਕੀਮਤ 120 ਮਿਲੀਅਨ ਡਾਲਰ) ਤੇ ਮੈਕਸੀਕਨ ਬਰਾਡਕਾਸਟਰ ਗਰੁਪੋ ਟੈਲੀਵੀਜਾ ਐਸ ਦੇ 155.4 ਮਿਲੀਅਨ ਸ਼ੇਅਰ ਮਿਲੇ ਹਨ ਜਿਨਾਂ ਦੀ ਕੀਮਤ 386 ਮਿਲੀਅਨ ਡਾਲਰ ਹੈ।

ਜੱਜ ਨੂੰ ਕੀਤੀ ਬੇਨਤੀ- ਬਿੱਲ ਗੇਟਸ ਤੇ ਮੇਲਿੰਡਾ ਗੇਟਸ ਨੇ ਵਾਸ਼ਿੰਗਟਨ ਰਾਜ ਦੇ ਇਕ ਜੱਜ ਨੂੰ ਕਿਹਾ ਹੈ ਕਿ ਉਹ ਤਲਾਕ ਦੇ ਸਮਝੌਤੇ ਅਨੁਸਾਰ ਅਸਾਸਿਆਂ ਦੀ ਵੰਡ ਕਰ ਦੇਣ। ਇਹ ਬੇਨਤੀ ਉਸ ਹਾਲਾਤ ਵਿਚ ਕੀਤੀ ਜਾਂਦੀ ਹੈ ਜਦੋਂ ਪਤੀ-ਪਤਨੀ ਅਲੱਗ ਰਹਿੰਦੇ ਹੋਣ ਪਰੰਤੂ ਤਲਾਕ ਨਾ ਹੋਇਆ ਹੋਵੇ। ਦੋਨਾਂ ਵਿਚਾਲੇ ਤਲਾਕ ਦੀਆਂ ਸ਼ਰਤਾਂ ਤੇ ਨਿਯਮਾਂ ਨੂੰ ਜਨਤਿਕ ਨਹੀਂ ਕੀਤਾ ਗਿਆ ਹੈ। ਇਥੇ ਜਿਕਰਯੋਗ ਹੈ ਕਿ 27 ਸਾਲ ਪਹਿਲਾਂ 1994 ਵਿਚ ਮੇਲਿੰਡਾ ਗੇਟਸ ਜੋ ਮਾਈਕਰੋਸਾਫਟ ਵਿਚ ਪ੍ਰੋਡੱਕਟ ਮੈਨੇਜਰ ਵਜੋਂ ਕੰਮ ਕਰਦੀ ਸੀ, ਬਿੱਲ ਗੇਟਸ ਨੂੰ ਨਿਊਯਾਰਕ ਵਿਚ ਕਾਰੋਬਾਰੀਆਂ ਦੇ ਰਾਤ ਦੇ ਖਾਣੇ 'ਤੇ ਮਿਲੀ ਸੀ। ਦੋਨਾਂ ਨੇ ਇਸੇ ਸਾਲ ਹੀ ਵਿਆਹ ਕਰਵਾ ਲਿਆ ਸੀ।