ਐਫ ਬੀ ਆਈ ਨੇ ਸਨ ਫਰਾਂਸਿਸਕੋ ਵਿਚ ਨਫਰਤੀ ਅਪਰਾਧ ਰੋਕਣ ਲਈ ਅਪਣਾਈ ਨਵੀਂ ਰਣਨੀਤੀ

ਐਫ ਬੀ ਆਈ ਨੇ ਸਨ ਫਰਾਂਸਿਸਕੋ ਵਿਚ ਨਫਰਤੀ ਅਪਰਾਧ ਰੋਕਣ ਲਈ ਅਪਣਾਈ ਨਵੀਂ ਰਣਨੀਤੀ
ਸਨ ਫਰਾਂਸਿਸਕੋ ਵਿਚ ਇਕ ਮੂਨੀ ਟਰੇਨ ਉਪਰ ਨਫਰਤੀ ਅਪਰਾਧਾਂ ਬਾਰੇ ਰਿਪੋਰਟ ਲਿਖਵਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਲਾਇਆ ਇਕ ਬੈਨਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਇਸ ਹਫਤੇ ਦੇ ਸ਼ੁਰੂ ਵਿਚ ਏਸ਼ੀਅਨ ਮੂਲ ਦੀਆਂ ਦੋ ਔਰਤਾਂ ਉਪਰ ਹੋਏ ਹਮਲੇ ਉਪਰੰਤ ਨਫਰਤੀ ਅਪਰਾਧਾਂ ਨਾਲ ਨਜਿੱਠਣ ਲਈ ਸਨ ਫਰਾਂਸਿਸਕ ਵਿਚ ਐਫ ਬੀ ਆਈ ਨੇ ਨਵੀਂ ਰਣਨੀਤੀ ਅਪਣਾਈ ਹੈ। ਐਫ ਬੀ ਆਈ ਦੀ ਸਨ ਫਰਾਂਸਿਸਕੋ ਡਵੀਜਨ ਨੇ ਐਲਾਨ ਕੀਤਾ ਹੈ ਕਿ ਉਹ ਨਫਰਤੀ ਅਪਰਾਧਾਂ ਸਬੰਧੀ ਜਾਂਚ ਸਾਧਨਾਂ ਨੂੰ ਵਧਾਵੇਗੀ, ਲਾਅ ਇਨਫੋਰਸਮੈਂਟ ਭਾਈਵਾਲਾਂ ਨਾਲ ਤਾਲਮੇਲ ਵਿਚ ਸੁਧਾਰ ਕੀਤਾ ਜਾਵੇਗਾ, ਏਸ਼ੀਅਨ ਭਾਈਚਾਰੇ ਨਾਲ ਮੇਲ ਮਿਲਾਪ ਵਧਾਇਆ ਜਾਵੇਗਾ ਤੇ ਨਫਰਤੀ ਅਪਰਾਧਾਂ ਬਾਰੇ ਜਨਤਿਕ ਜਾਗਰੂਕਤਾ ਵਧਾਈ ਜਾਵੇਗੀ। ਐਫ ਬੀ ਆਈ ਦੇ ਅਸਿਸਟੈਂਟ ਸਪੈਸ਼ਲ ਏਜੰਟ ਇੰਚਾਰਜ ਸਿਡ ਪਟੇਲ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਐਫ ਬੀ ਆਈ ਨਫਰਤੀ ਅਪਰਾਧਾਂ ਨਾਲ ਨਜਿੱਠਣ ਲਈ ਆਪਣੇ ਸਾਧਨਾਂ ਵਿਚ ਵਾਧਾ ਕਰੇਗੀ ਤੇ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਮਾਮਲਿਆਂ ਦੀ ਜਾਂਚ ਲਈ ਸੰਘੀ ਕਾਨੂੰਨ ਦੁਆਰਾ ਦਿੱਤੇ ਸਾਰੇ ਅਧਿਕਾਰਾਂ ਦੀ ਵਰਤੋਂ ਸਖਤੀ ਨਾਲ ਕੀਤੀ ਜਾਵੇਗੀ। ਉਨਾਂ ਕਿਹਾ ਕਿ ਮੈ ਆਪਣੇ ਭਾਈਚਾਰੇ ਨੂੰ ਬੇਨਤੀ ਕਰਦਾ ਹਾਂ ਕਿ ਉਹ ਨਫਰਤੀ ਅਪਰਾਧ ਦੀਆਂ ਘਟਨਾਵਾਂ ਸਬੰਧੀ ਸਥਾਨਕ ਜਾਂ ਸੰਘੀ ਲਾਅ ਇਨਫੋਰਸਮੈਂਟ ਏਜੰਸੀ ਕੋਲ ਰਿਪੋਰਟ ਦਰਜ ਕਰਵਾਉਣ ਤਾਂ ਜੋ ਦੋਸ਼ੀਆਂ ਨੂੰ ਕਟਹਿਰੇ ਵਿਚ ਖੜਾ ਕੀਤਾ ਜਾ ਸਕੇ।