5ਜੀ ਅਤੇ  ਉਸ ਨਾਲ ਜੁੜੀਆਂ ਅਫਵਾਹਾਂ

5ਜੀ ਅਤੇ  ਉਸ ਨਾਲ ਜੁੜੀਆਂ ਅਫਵਾਹਾਂ

ਕੰਪਨੀਆਂ ਤੇ ਪ੍ਰੋਮੋਟਰਾਂ ਦੀ ਆਪਸੀ ਖਹਿਬਾਜ਼ੀ

ਅਫ਼ਵਾਹ ਬਾਰੇ ਗੱਲ ਕਰਨ ਤੋਂ ਪਹਿਲਾਂ ਦੱਸ ਦਿਆਂ ਜਦੋਂ ਨੰਗਲ ਡੈਮ ਬਣਿਆ ਤਾਂ ਅਫਵਾਹ ਉੱਡੀ ਸੀ ਅਖਬਾਰਾਂ ਤੇ "ਸਿਆਣੇ ਲੋਕਾਂ " ਨੇ ਪ੍ਰਮੋਟ ਵੀ ਕੀਤੀ ਪਾਣੀ ਵਿਚੋਂ ਬਿਜ਼ਲੀ ਓਥੇ ਹੀ ਕੱਢ ਲਈ ਜਾਂਦੀ ਹੈ ਇਸ "ਫੋਕੇ ਪਾਣੀ" ਨੇ  ਕਿਥੇ ਫ਼ਸਲ ਉਗਾਉਣੀ ਹੈ।  ਲੋਕਾਂ ਨੇ ਉਸ ਤੇ ਵੀ ਵਿਸ਼ਵਾਸ਼ ਕੀਤਾ ਸੀ। 

5ਜੀ (5G) ਕੀ ਹੈ ?

5 ਜੀ ਪੰਜਵੀਂ ਪੀੜੀ ਦਾ ਰੇਡੀਏਸ਼ਨ ਸਪੈਕਟ੍ਰਮ ਹੈ , ਜੋ ਕਿ ਸੰਚਾਰ ਮਾਧਿਅਮ ਦੇ ਤੌਰ ਤੇ ਵਰਤਿਆ ਜਾਣਾ ਹੈ। ਰੇਡੀਏਸ਼ਨ ਇੱਕ ਤਰ੍ਹਾਂ ਦੀਆਂ ਤਰੰਗਾਂ ਹੁੰਦੀਆਂ ਜਿਵੇਂ ਕਿ ਰੌਸ਼ਨੀ ਜਾਂ ਪ੍ਰਕਾਸ਼ ਵੀ ਇੱਕ ਤਰੰਗ ਹੈ , ਸੂਰਜ ਤੋਂ ਹੋਰ ਵੀ ਕਿੰਨੇ ਹੀ ਤਰ੍ਹਾਂ ਦੀਆਂ ਤਰੰਗਾਂ ਸਾਡੇ  ਆਉਂਦੀਆਂ ਹਨ ਜੋ ਦਿਸਦੀਆਂ ਨਹੀਂ। ਇਹ ਤਰੰਗਾਂ ਬਨਾਉਟੀ ਤਰੀਕੇ ਨਾਲ ਵੀ ਬਣਾਈਆਂ ਜਾਂਦੀਆਂ ਹਨ ਜਿਸ ਨਾਲ ਅਸੀਂ ਅੱਜ ਅਨੇਕਾਂ ਤਰ੍ਹਾਂ ਦੇ ਕੰਮ ਕਰਦੇ ਹਾਂ ਜਿਵੇਂ ਮਾਇਕਰੋਵੇਵ, ਐਕਸਰੇ ਵਗੈਰਾ। ਜਿਹੜੀਆਂ ਤਰੰਗਾਂ ਡਾਟਾ ਟਰਾਂਸਫਰ ਲਈ ਵਰਤੀਆਂ ਜਾਂਦੀਆਂ ਹਨ ਉਹਨਾਂ ਨੂੰ ਰੇਡੀਓ ਵੇਵਜ ਕਹਿੰਦੇ ਹਨ। ਟੀਵੀ, ਰੇਡੀਓ, ਸੈਟੇਲਾਈਟ, ਮੋਬਾਈਲ ਆਦਿ ਇਸੇ ਸਹਾਰੇ ਚਲਦੇ ਹਨ।  ਇਹਨਾਂ ਤਰੰਗਾਂ ਨੂੰ ਇਹਨਾਂ ਦੇ ਡਾਟਾ ਟਰਾਂਸਫਰ ਸਪੀਡ ਦੇ ਅਧਾਰ ਤੇ ਜਨਰੇਸ਼ਨ ਚ ਵੰਡਿਆ ਗਿਆ ਹੈ। ਸਭ ਤੋਂ ਘੱਟ ਸਪੀਡ ਸਭ ਤੋਂ ਛੋਟੀ ਜਨਰੇਸ਼ਨ। ਘੱਟ ਸਪੀਡ ਦਾ ਕਾਰਨ ਇਹਨਾਂ ਦੀ ਫਰੀਕੈਂਸੀ ਹੁੰਦਾ।  ਭਾਵ ਇਹ ਇੱਕ ਸਕਿੰਟ ਵਿੱਚ ਕਿੰਨੇ ਚੱਕਰ (ਉੱਪਰ-ਥੱਲੇ) ਪੂਰਾ ਕਰਦੀਆਂ ਹਨ। ਜਿੰਨੀ ਛੇਤੀ ਕਰਨਗੀਆਂ ਓਨੀ ਵੱਧ ਫ਼੍ਰੀਕੁਐਂਸੀ ਤੇ ਓਨਾ ਜ਼ਿਆਦਾ ਡਾਟਾ ਸਪੀਡ। 5G  ਹੁਣ ਤੱਕ ਦੀ ਸਭ ਤੋਂ ਵੱਧ ਫ਼੍ਰੀਕੁਐਂਸੀ ਵਾਲੀ ਸਪੈਕਟ੍ਰਮ ਹੈ , ਇਸ ਲਈ ਸਭ ਤੋਂ ਵੱਧ ਤੇਜ ਡਾਟਾ ਟਰਾਂਸਫਰ , ਇਹ ਸਮਝੋ ਕਿ ਇਹ ਐਨਾ ਤੇਜ਼ ਹੋਏਗਾ ਕਿ ਇੱਕ ਸਕਿੰਟ ਵਿੱਚ 10ਜੀਬੀ ਡਾਟਾ ਡਾਊਨਲੋਡ ਹੋ ਸਕੇਗਾ। ਪ੍ਰੰਤੂ ਜਿੰਨੀ ਜਿਆਦਾ ਫ਼੍ਰੀਕੁਐਂਸੀ ਓਨੀ ਨਜ਼ਦੀਕ ਟਾਵਰ , ਇੰਝ 5G ਦੇ ਟਾਵਰ ਬਹੁਤ ਨੇੜੇ ਨੇੜੇ ਹੋਣਗੇ ਹਰ ਇੱਕ ਘਰ , ਬੇਂਚ ਦੇ ਨੇੜੇ ਕਿਉਕਿ ਇਹ ਕੰਧਾਂ ਤੇ ਹੋਰ ਰੁਕਾਵਟਾਂ ਨੂੰ ਪਾਰ ਨਹੀਂ ਕਰ ਸਕਦੀ। ਬਿਲਕੁਲ ਉਵੇਂ ਜਿਵੇਂ ਵਾਈ ਫਾਈ ਦੀ ਰੇਂਜ਼ ਖਤਮ ਹੋ ਜਾਂਦੀ ਹੈ। 

ਕੀ ਇਹ ਖ਼ਤਰਨਾਕ ਹੈ ?

5ਜੀ ਦੀ ਫ਼੍ਰੀਕੁਐਂਸੀ 4ਜੀ ਨਾਲੋਂ ਕਰੀਬ 30-40 ਗੁਣਾ ਤੱਕ ਵੱਧ ਹੈ , ਪਰ ਐਨੇ ਚ ਹੀ ਹੈ 100 ਗੁਣਾ ਵਧਦਾ ਕੁਨੈਕਸ਼ਨ ਦੇ ਸਕਦੀ ਹੈ। ਨੈੱਟ ਰੇਡੀਏਸ਼ਨ ਕਰੀਬ ਕਰੀਬ ਓਨੀ ਹੀ ਰਹੇਗੀ। ਜਿਵੇਂ ਮੈਂ ਉੱਪਰ ਦੱਸਿਆ ਕਿ ਇਹ ਰੇਡੀਓ ਵੇਵਜ ਹਨ ਇਹਨਾਂ ਨੂੰ ਸਿਰਫ ਇਸੇ ਲਈ ਸੰਚਾਰ ਲਈ ਵਰਤਿਆ ਜਾਂਦਾ ਕਿਉਂਕ ਇਹ ਸਾਡੇ ਸਰੀਰ ਦੇ ਸੈਲਾਂ ਨੂੰ ਕੋਈ ਨੁਕਸਾਨ ਨਹੀਂ ਕਰਦਿਆਂ ਉਹਨਾਂ ਨੂੰ ਤੋੜਦੀਆਂ ਨਹੀਂ।  ਨਾ ਹੀ ਡੀਐਨਏ ਤੱਕ ਪਹੁੰਚ ਸਕਦੀਆਂ ਹਨ।  ਤੇ ਨਾ ਹੀ ਗਰਮੀ ਕਰਦੀਆਂ ਹਨ।  ਇਸ ਲਈ ਇਹਨਾਂ ਨੂੰ non-ionised ਤੇ non-thermal ਕਿਹਾ ਜਾਂਦਾ ਹੈ।  ਇਸ ਲਈ ਦੁਨੀਆਂ ਭਰ ਚ ਹਰ ਵਿਗਿਆਨੀ ਦਾ ਇਹੋ ਮੰਨਣਾ ਹੈ ਕਿ ਇਹਨਾਂ ਦਾ ਕੋਈ ਖ਼ਤਰਾ ਨਹੀਂ ਹੈ ਨਾ ਹੋ ਕੋਈ ਮੈਡੀਕਲ ਸਟੱਡੀ ਅਜਿਹਾ ਕੁਝ ਦੱਸ ਸਕੀ ਹੈ।  ਕਿਉਂਕਿ ਇਹ ਭਰਮ ਸਿਰਫ 5ਜੀ ਨੂੰ ਲੈ ਕੇ ਨਹੀਂ ਸਗੋਂ ਹਰ ਜਨਰੇਸ਼ਨ ਦੇ ਸਪੈਕਟ੍ਰਮ ਉੱਪਰ ਉੱਠੇ ਸੀ ਤੇ ਕਿਤੇ ਵੀ ਇਹ ਸਾਬਿਤ ਨਹੀਂ ਹੋ ਸਕਿਆ। 

ਅਫਵਾਹਾਂ ਕੀ ਹਨ ?

ਮੁੱਖ ਅਫਵਾਹ ਪਹਿਲੀ ਇਹ ਉੱਡੀ ਕਿ ਇਹਦੇ ਨਾਲ ਪੰਛੀ ਮਰ ਰਹੇ ਹਨ , ਮਗਰੋਂ ਇਹਨੂੰ ਕਰੋਨਾ ਦਾ ਇੱਕ ਕਾਰਨ ਦੱਸ ਕੇ ਅਫਵਾਹ ਉਡਾਈ ਗਈ। 

 

ਅਫਵਾਹਾਂ ਕਿਉਂ ਹਨ ? 

ਅਫਵਾਹ ਨਵੀਂ ਤਕਨੀਕ ਬਾਰੇ ਹਮੇਸ਼ਾਂ ਹੁੰਦੀ ਹੈ ਰਹੇਗੀ , ਲੋਕ ਨਵੇਂ ਨੂੰ ਅਪਨਾਉਣ ਤੋਂ ਪਹਿਲਾਂ ਡਰਦੇ ਹਨ।  ਇੰਟਰਨੈੱਟ ਤੋਂ ਅੱਜ ਵੀ ਸਾਡੇ ਲੋਕ ਡਰਦੇ ਹਨ। ਅਮਰੀਕਾ ਇਸੇ ਕਰਕੇ ਪੂਰੀ ਦੁਨੀਆਂ ਤੇ ਰਾਜ ਕਰ ਰਿਹਾ।!!! ਅਫਵਾਹਾਂ ਪਿੱਛੇ ਮੁੱਖ ਕਾਰਨ ਵੱਡੇ ਮੁਲਕਾਂ ਤੇ ਵੱਡੀਆਂ ਕੰਪਨੀਆਂ ਦੀ ਆਪਸੀ ਖਹਿਬਾਜ਼ੀ ਹੈ।  ਇਸ ਵਿੱਚ ਮੁੱਖ ਕੰਪਨੀਆਂ ਜੋ ਰੇਸ ਵਿੱਚ ਹਨ ਉਹ ਹਨ ਹੁਵਾਈ , ਨੋਕੀਆ , ਅਰਿਕਸ਼ਨ ਤੇ ਸੈਮਸੰਗ।  ਹੁਵਾਈ ਰੇਸ ਵਿੱਚ ਸਭ ਤੋਂ ਅੱਗੇ ਹੈ ਉਸਦੀ ਤਕਨੀਕ ਪਰਖੀ ਹੋਈ ਹੈ , ਉਹ ਕੁਝ ਮੁਲਕਾਂ ਵਿੱਚ ਸ਼ੁਰੂ ਕਰਨ ਲਈ ਤਿਆਰ ਸੀ ਆਪਣਾ ਕੰਮ ਪਰ ਅਮਰੀਕਾ ਨੇ ਪੰਗਾ ਪਾ ਦਿੱਤਾ। 

ਕਾਰਨ ਹੁਵਾਈ ਇੱਕ ਚੀਨੀ ਕੰਪਨੀ ਹੈ , ਅਮਰੀਕਾ ਕਦੇ ਨਹੀਂ ਚਾਹੁੰਦਾ ਕਿ ਚੀਨੀ ਕੰਪਨੀ ਇਸ ਸੈਕਟਰ ਚ ਬੇਤਾਜ ਬਾਦਸ਼ਾਹ ਹੋਏ ਨਹੀਂ ਤਾਂ ਇੰਟਰਨੇਟ ਦਾ ਪੂਰਾ ਕੰਟਰੋਲ ਅਮਰੀਕਾ ਤੋਂ ਸ਼ਿਫਟ ਹੋਕੇ ਚੀਨ ਕੋਲ ਚਲਾ ਜਾਏਗਾ।  ਅੱਜ ਦੇ ਵੇਲੇ ਇੰਟਰਨੈੱਟ ਦੀ ਹਰ ਵੱਡੀ ਕੰਪਨੀ ਅਮਰੀਕੀ ਹੈ ਚਾਹੇ ਉਹ ਵੈਬਸਾਈਟ ਹੋਵੇ , ਫੇਸਬੁੱਕ, ਗੂਗਲ , ਚਿਪਸੈੱਟ ਬਣਾਉਣ ਵਾਲੀ ਹੋਵੇ , ਵਿੰਡੋਜ ਸਾਫਟਵੇਅਰ , ਲੈਪਟੌਪ ਵਗੈਰਾ ਜਾਂ ਅਮਰੀਕਾ ਵੱਲੋਂ ਸਪਾਂਸਰ ਦੱਖਣੀ ਕੋਰੀਆ ਕੰਪਨੀਆਂ ਜਿਵੇਂ ਸੈਮਸੰਗ ( ਤੁਸੀਂ ਸਮਝ ਗਏ ਹੋਵੋਗੇ ਟਿੱਕ ਟੌਕ ਵਰਗੀਆਂ ਐਪਸ ਕਿਉਂ ਬੰਦ ਹੋਈਆਂ ) ( ਸਿਰਫ ਸੋਚੋ ਅਮਰੀਕਾ ਕਿੰਨਾ ਤਾਕਤਵਰ ਹੈ !!! )

ਦੁਨੀਆਂ ਦੇ ਕਿਸੇ ਕੋਨੇ ਵਿੱਚ ਕੰਪਿਊਟਰ/ਮੋਬਾਈਲ  ਉੱਤੇ ਇੱਕ ਟੱਚ ਵੀ ਕੀਤਾ ਜਾਂਦਾ ਉਹ ਵੀ ਅਮਰੀਕਾ ਹੋਕੇ ਹੀ ਜਾਂਦਾ।  ਸੋ ਅਮਰੀਕਾ ਨੇ ਹੁਵਾਈ ਕੰਪਨੀ ਤੇ ਪਾਬੰਦੀ ਲਗਾ ਦਿੱਤੀ, ਉਹਦੇ ਹੋਰ ਸਹਿਯੋਗੀ ਮੁਲਕਾਂ ਨੇ ਵੀ , ਇਹਦੇ ਖ਼ਿਲਾਫ਼ ਇੰਟਰਨੈਸ਼ਨਲ ਕੋਰਟ ਕੇਸ ਚੱਲ ਰਹੇ ਹਨ।  ਦੱਖਣੀ ਕੋਰੀਆ 5ਜੀ ਚਾਲੂ ਕਰ ਚੁੱਕਾ ਹੈ , ਹੋਰ ਕੋਈ ਦੇਸ਼ ਪਿੱਛੇ ਨਹੀਂ ਰਹਿਣਾ ਚਾਹੁੰਦਾ ਇਸ ਲਈ ਸਭ ਨੇ ਹੋਰ ਕੰਪਨੀਆਂ ਕੋਲੋਂ ਸੇਵਾਵਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ।  ਟੈਸਟਿੰਗ ਤੇ ਕਮਰਸ਼ੀਅਲ ਪੱਧਰ ਉੱਤੇ। ਇੰਝ ਇਹ ਲੜਾਈ ਸ਼ੁਰੂ ਹੋਈ। ਸਭ ਤੋਂ ਪਹਿਲੀ ਅਫਵਾਹ ਇੰਟਰਨੈੱਟ ਤੋਂ  ਇੱਕ ਟਵਿੱਟਰ ਖਾਤੇ ਤੋਂ ਆਈ। ਆਮ ਤੌਰ ਤੇ ਇਹ ਟਵਿਟਰ ਖਾਤਾ ਰਸ਼ੀਅਨ ਸਮਰਥਕ ਪੋਸਟਾਂ ਕਰਦਾ ਹੈ।  ਮਗਰੋਂ ਇਹਦੇ ਨਾਲ ਸਬੰਧਿਤ ਹੋਰ ਉਸ ਵਰਗੇ ਖਾਤਿਆਂ ਤੇ ਵੈਬਸਾਈਟ ਨੇ ਜਿਹਨਾਂ ਦਾ ਮੁੱਖ ਕੰਮ ਹੀ ਅਫਵਾਹਾਂ ਨੂੰ ਹਵਾ ਦੇਣਾ ਰਿਹਾ ਇਹੋ ਜਿਹੀਆਂ ਰਿਪੋਰਟਾਂ ਕਰਨੀਆਂ ਸ਼ੁਰੂ ਕੀਤੀਆਂ। 

ਕਰੋਨਾ ਨਾਲ ਜੋੜਨ ਮਗਰੋਂ ਇਹ ਅਫਵਾਹ ਕਈ ਦੇਸ਼ਾਂ ਚ ਫੈਲਣ ਲੱਗੀ। 

ਸਭ ਤੋਂ ਵੱਡਾ ਸ਼ਿਕਾਰ ਆਸਟਰੇਲੀਆ ਹੋਇਆ ਕਿਉਂਕਿ ਉਹ 5ਜੀ ਸ਼ੁਰੂ ਕਰਨ ਲੱਗਾ ਸੀ।  ਦੇਖਦੇ ਹੀ ਦੇਖਦੇ ਆਸਟ੍ਰੇਲੀਆ ਵਿੱਚ ਲੋਕਾਂ ਦੇ ਫੇਸਬੁੱਕ ਤੇ ਵਟਸਐਪ ਇਹਨਾਂ ਮੈਸੇਜ ਨਾਲ ਭਰ ਗਏ।  ਕਿਉਂਕਿ ਉਹ ( ਹੁਵਾਈ ਤੋਂ ਅੱਲਗ ਕੰਪਨੀ ਤੋਂ ਸ਼ੁਰੂ ਕੀਤਾ ਸੀ ) .ਇਸਦਾ ਵਿਰੋਧ ਹੋਇਆ ਇਵੇਂ ਹੀ ਹੋਰ ਕਈ ਮੁਲਕਾਂ ਵਿੱਚ ਵੀ। ਅਫਵਾਹਾਂ ਦਾ ਮੁੱਖ ਮਕਸਦ 5ਜੀ ਤਕਨੀਕ ਦੇ ਕੰਮ ਨੂੰ ਰੋਕਣਾ ਹੈ ਤਾਂ ਜੋ ਬਾਕੀ ਕੰਪਨੀਆਂ ਨੂੰ ਮੌਕਾ ਮਿਲ ਸਕੇ. ਹੁਵਾਈ ਆਪਣੇ ਕੇਸ ਲੜਕੇ ਮੌਕਾ ਹਾਸਿਲ ਕਰ ਸਕੇ। ਇਹਨਾਂ ਕੰਪਨੀਆਂ ਦੇ ਪ੍ਰੋਮੋਟਰ ਅਰਬਪਤੀ ਲੋਕ ਹਨ ਜੋ ਹੋਰ ਪਾਸੇ ਵੋ ਪ੍ਰੋਮੋਟਰ ਹਨ ਉਹਨਾਂ ਲਈ ਇਹ ਕੰਮ ਸੌਖਾ। 5ਜੀ ਤੋਂ ਬਿਲਕੁਲ ਐਲਨ ਹਸਕ ਸਿੱਧਾ ਬ੍ਰਾਡਬੈੰਡ ਲੈ ਕੇ ਆ ਰਿਹਾ ਸੈਟੇਲਾਈਟ ਰਾਹੀਂ।  ਫਿਰ ਟਾਵਰ ਦੀ ਲੋੜ ਨਹੀਂ ਰਹਿਣੀ , ਨਾ 5ਜੀ ਦੀ।  ਇਸ ਲਈ ਹੋ ਸਕਦਾ ਕਿ ਉਹ ਵੀ ਇਸੇ ਰੇਸ ਚ ਹੋਏ ਕਿਉਕਿ ਇਸ ਵੇਲੇ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਵਿਚੋਂ ਹੈ ਉਹ ਚਾਹੇਗਾ ਸਿੱਧਾ ਬੁਰਕ ਉਹ ਭਰੇ। ਆਖਿਰਕਾਰ ਉਹ ਵੀ ਅਮਰੀਕੀ ਹੈ। ਸੋ ਜੋ ਅਫਵਾਹਾਂ ਸਾਡੇ ਕੋਲ ਆਈਆਂ ਹਨ ਇਹ ਦੋ ਕੁ ਸਾਲ ਤੋਂ ਅੰਗਰੇਜ਼ੀ ਵਿੱਚ ਸੀ ਹੁਣ ਇਹ ਹਿੰਦੀ ਤੋਂ ਪੰਜਾਬੀ ਹੋ ਗਈਆਂ ਹਨ। ਸਭ ਤੋਂ ਪਹਿਲਾਂ ਆਸਟਰੇਲੀਆ ਵਿੱਚ ਸ਼ੁਰੂ ਹੋਈਆਂ।ਦੁਨੀਆਂ ਦੀ ਹਰ ਵੱਡੀ ਅਫਵਾਹ ਦਾ ਕਾਰਨ ਰਾਜਨੀਤਿਕ ਜਾਂ , ਕਾਰਪੋਰੇਟ ਤੇ ਦੇਸ਼ਾਂ ਦੀ ਆਪਸੀ ਖਿਹਬਾਜ਼ੀ ਹੀ ਹੁੰਦਾ। ਜੋ ਕਿ ਅਧਾਰਹੀਣ ਤੇ ਬਿਨਾਂ ਤੱਥਾਂ ਤੋਂ ਹੁੰਦੀ ਹੈ। 

5 ਜੀ ਕੀ ਬਦਲੇਗੀ ?

ਸਭ ਕੁਝ ਬਦਲ ਦੇਵੇਗੀ , ਤੇਜ਼ ਇੰਟਰਨੇਟ ਨਾਲ ਹਰ ਮਸ਼ੀਨ ਬੋਲਣ ਲੱਗੇਗੀ ਗੱਲਾਂ ਕਰੇਗੀ , ਕਾਰ ਬਿਨਾਂ ਡਰਾਈਵਰ ਤੋਂ ਚੱਲ ਸਕੇਗੀ , ਤੁਹਾਡਾ ਫਰਿੱਜ ਤੁਹਾਨੂੰ ਦੱਸੇਗਾ ਕਿ ਸਬਜ਼ੀ/ ਦੁੱਧ ਖਤਮ ਹੈ।  ਮਾਇਕਰੋਵੇਵ ਉਬਲਣ ਤੋਂ ਪਹਿਲਾਂ ਬੰਦ ਹੋ ਜਾਏਗਾ।ਪ੍ਰਿੰਟਰ ਸਿਰਫ ਕਾਗਜ ਨਹੀਂ ਸਗੋਂ  ਚੀਜ਼ਾਂ ਵੀ ਬਣਾ ਦਿਆ ਕਰਨਗੇ ਇਹ ਰੋਬੋਟ ਵਰਗੇ ਦਿਸਣਗੇ।  ਵੀਡੀਓ ਕਾਲ 3ਡੀ ਹੋ ਜਾਏਗੀ ਬਿਲਕੁਲ ਜਿਵੇਂ ਸਿਨੇਮੇ ਵਿੱਚ ਫਿਲਮ ਵੇਖਦੇ ਹੋ 3ਡੀ ਵਿੱਚ। ਤੇ ਹੋਰ ਵੀ ਕਿੰਨਾ ਕੁਝ ਬਦਲ ਜਾਏਗਾ।ਅਖੀਰ ਗੱਲ ਇਹੋ ਕਿ ਹੁਣ ਤੱਕ ਦੀ ਸਾਇੰਸ ਦੀ ਖੋਜ ਤੇ ਗਿਆਨ ਮੁਤਾਬਿਕ 5ਜੀ ਕੋਰੋਨਾ ਜਾਂ ਕਿਸੇ ਵੀ ਹੋਰ ਸ਼ਾਇਦ ਇਫ਼ੇਕਟ ਲਈ ਜਿੰਮੇਵਾਰ ਨਹੀਂ , ਇਹ ਅਫਵਾਹਾਂ ਹਮੇਸ਼ਾਂ ਤੋਂ ਹੀ ਹਰ ਤਕਨੀਕ ਨਾਲ ਉਡਦੀਆਂ ਰਹੀਆਂ ਹਨ , ਅਸਲ ਕਾਰਨ ਕੁਝ ਦੇਸ਼ਾਂ ਤੇ ਉਹਨਾਂ ਦੀਆਂ ਕੰਪਨੀਆਂ ਤੇ ਪ੍ਰੋਮੋਟਰਾਂ ਦੀ ਆਪਸੀ ਖਹਿਬਾਜ਼ੀ ਹੈ। 

5ਜੀ ਦੇ ਤਾਵਲ 4ਜੀ ਨਾਲੋਂ ਬੇਹੱਦ ਨਿੱਕੇ ਵਾਈ ਫਾਈ ਰੂਟਰ ਵਰਗੇ ਹਰ 100 ਮੀਟਰ ਦੇ ਘੇਰੇ ਚ ਹੋਣਗੇ ਕਿਉਕਿ ਇਹ ਕੰਧਾਂ ਤੇ ਹੋਰ ਚੀਜ਼ਾਂ ਵਿਚੋਂ ਨਹੀਂ ਲੰਘ ਸਕਦੀ। 

 

ਹਰਜੋਤ ਸਿੰਘ

MOB-7009452602