ਅਮਰੀਕਾ ਵਿਚ ਹੁਣ ਕੋਰੋਨਾ ਟੀਕਾਕਰਣ ਹੋਇਆ ਮੁਸ਼ਕਿਲ

ਅਮਰੀਕਾ ਵਿਚ ਹੁਣ ਕੋਰੋਨਾ ਟੀਕਾਕਰਣ ਹੋਇਆ ਮੁਸ਼ਕਿਲ

 *ਕਈ ਰਾਜਾਂ ਨੇ ਵਧੇਰੇ ਮਾਤਰਾ ਵਿਚ ਵੈਕਸੀਨ ਲੈਣ ਤੋਂ ਕੀਤਾ ਇਨਕਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਮਰੀਕਾ ਦੀ 40% ਤੋਂ ਵਧ ਆਬਾਦੀ ਨੂੰ ਮੁਕੰਮਲ ਰੂਪ ਵਿਚ ਜਾਂ ਅੰਸ਼ਕ ਰੂਪ ਵਿਚ ਕੋਰੋਨਾ ਟੀਕਾਕਰਣ ਹੋ ਚੁੱਕਾ ਹੈ।  ਸਭ ਤੋਂ ਵਧ ਜੋਖਮ ਵਾਲੇ ਲੋਕਾਂ ਦੇ ਟੀਕਾਕਰਣ ਹੋ ਚੁੱਕਾ ਹੈ ਤੇ ਆਪਣੀ ਇੱਛਾ ਅਨੁਸਾਰ ਟੀਕਾ ਲਵਾਉਣ ਲਈ ਅੱਗੇ ਆਏ ਲੋਕਾਂ ਦੇ ਵੀ ਟੀਕਾ ਲੱਗਾ ਚੁੱਕਾ ਹੈ। ਰਹਿੰਦੀ ਵੱਸੋਂ ਦੇ ਟੀਕਾਕਰਣ ਵਿਚ ਮੁਸ਼ਕਿਲਾਂ ਰਹੀਆਂ ਹਨ ਤੇ ਲੋਕ ਟੀਕਾ ਲਵਾਉਣ ਲਈ ਖੁਦ ਅੱਗੇ ਨਹੀਂ ਰਹੇ। ਵਾਈਟ ਹਾਊਸ ਨੇ ਵੈਕਸੀਨ ਲਵਾਉਣ ਵਿਚ ਝਿਝਕ ਵਿਖਾ ਰਹੇ ਲੋਕਾਂ ਤੱਕ ਪਹੁੰਚ ਕਰਨ ਲਈ ਲੋਕਾਂ ਤੱਕ ਸਿੱਧੀ ਪਹੁੰਚ ਕਰਨ ਦੀ ਯੋਜਨਾ ਬਣਾਈ ਹੈ। ਇਸ ਮਕਸਦ ਲਈ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾਵੇਗੀ। ਸਿਹਤ ਮਾਹਿਰ ਤੇ ਫਿਲਮੀ ਅਦਾਕਾਰ ਲੋਕਾਂ ਨੂੰ ਟੀਕਾ ਲਵਾਉਣ ਵਾਸਤੇ ਪ੍ਰੇਰਤ ਕਰਨਗੇ। ਵਾਈਟ ਹਾਊਸ ਦੇ ਕੋਵਿਡ-19 ਰਿਸਪਾਂਸ ਕੋਆਰਡੀਨੇਟਰ ਜੈਫ ਜ਼ੀਨਟਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਜਿੰਨੀ ਛੇਤੀ ਸੰਭਵ ਹੋ ਸਕਿਆ ਕੋਰੋਨਾ ਤੋਂ ਬਚਾਅ ਲਈ ਜੋਖਮ ਵਾਲੇ ਵਰਗ ਤੇ ਆਪਣੀ ਇੱਛਾ ਅਨੁਸਾਰ ਅੱਗੇ ਆਏ ਲੋਕਾਂ ਦੇ ਟੀਕਾ ਲਾ ਚੁੱਕੇ ਹਾਂ ਪਰੰਤੂ ਹੁਣ ਸਾਨੂੰ ਪਤਾ ਹੈ ਕਿ ਰਹਿੰਦੀ ਆਬਾਦੀ ਤੱਕ ਪਹੁੰਚ ਕਰਨ ਵਿੱਚ ਸਮਾਂ ਲੱਗੇਗਾ ਤੇ ਅਸੀਂ ਹੁਣ ਇਸ ਪਾਸੇ ਆਪਣਾ ਸਾਰਾ ਧਿਆਨ ਲਾ ਰਹੇ ਹਾਂ। ਜਿਨਾਂ ਰਾਜਾਂ ਨੇ ਵੈਕਸੀਨ ਲੈਣੀ ਬੰਦ ਕਰ ਦਿੱਤੀ ਹੈ ਜਾਂ ਘਟਾ ਦਿੱਤੀ ਹੈ ਉਨਾਂ ਵਿਚ ਲੁਇਸਿਆਨਾ ਤੇ ਮਿਸੀਸਿਪੀ ਸ਼ਾਮਿਲ ਹਨ। ਮਿਸੀਸਿਪੀ ਨੇ ਛੋਟੇ ਪੈਕਟਾਂ ਵਿਚ ਵੈਕਸੀਨ ਭੇਜਣ ਲਈ ਕਿਹਾ ਹੈ ਤਾਂ ਜੋ ਉਹ ਖਰਾਬ ਨਾ ਹੋਵੇ। ਤਿੰਨ ਚੌਥਾਈ ਕਨਸਾਸ ਕਾਊਂਟੀਆਂ ਪਿਛਲੇ ਇਕ ਮਹੀਨੇ ਦੌਰਾਨ ਘੱਟੋ ਘੱਟ ਇਕ ਵਾਰ ਵੈਕਸੀਨ ਲੈਣ ਤੋਂ ਇਨਕਾਰ ਕਰ ਚੁੱਕੀਆਂ ਹਨ। ਇਸੇ ਦੌਰਾਨ ਜੌਹਨਸਨ ਐਂਡ ਜੌਹਨਸਨ ਦੀ ਵੈਕਸੀਨ ਮੁੜ ਬਜਾਰ ਵਿਚ ਗਈ ਹੈ ਤੇ ਇਸ ਨੂੰ ਲੋਕਾਂ ਦੇ ਲਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਖੂਨ ਜੰਮਣ ਦੀਆਂ ਸ਼ਿਕਾਇਤਾਂ ਕਾਰਨ 12 ਦਿਨ ਪਹਿਲਾਂ ਇਸ ਨੂੰ ਲਾਉਣਾ ਬੰਦ ਕਰ ਦਿੱਤਾ ਗਿਆ ਸੀ। ਸਿਹਤ ਮਾਹਿਰਾਂ ਨੇ ਕਿਹਾ ਹੈ ਕਿ ਇਹ ਵੈਕਸੀਨ ਬਹੁਤ ਕਾਰਗਰ  ਹੈ ਤੇ ਜੋਖਮ ਦੀ ਸੰਭਾਵਨਾ ਨਾ ਦੇ ਬਰਾਬਰ ਹੈ।