ਸੈਨਟ ਵੱਲੋਂ ਨਫ਼ਰਤੀ ਅਪਰਾਧ ਬਿੱਲ ਪਾਸ

ਸੈਨਟ ਵੱਲੋਂ ਨਫ਼ਰਤੀ ਅਪਰਾਧ ਬਿੱਲ ਪਾਸ

ਬਿੱਲ ਦੇ ਹੱਕ ਵਿਚ 94 ਤੇ ਵਿਰੋਧ ਵਿਚ ਕੇਵਲ 1 ਵੋਟ ਪਈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)-ਸੈਨਟ ਨੇ ਇਕਜੁੱਟਤਾ ਨਾਲ ਕੋਵਿਡ-19 ਮਹਾਂਮਾਰੀ ਦੌਰਾਨ ਏਸ਼ੀਅਨ ਮੂਲ ਦੇ ਅਮਰੀਕਨਾਂ ਵਿਰੁੱਧ ਵਧੀ ਹਿੰਸਾ ਤੇ ਭੇਦਭਾਵ ਨਾਲ ਨਜਿੱਠਣ ਲਈ ਇਕ ਨਫ਼ਰਤੀ ਅਪਰਾਧ ਬਿੱਲ ਪਾਸ ਕਰ ਦਿੱਤਾ। ਕੇਵਲ ਇਕ ਮੈਂਬਰ ਨੇ ਬਿੱਲ ਦੇ ਵਿਰੁੱਧ ਵੋਟ ਪਾਈ ਤੇ 94 ਵੋਟਾਂ ਬਿੱਲ ਦੇ ਹੱਕ ਵਿਚ ਪਈਆਂ। ਇਸ ਬਿੱਲ ਤਹਿਤ ਨਿਆਂ ਵਿਭਾਗ ਵੱਲੋਂ ਨਫ਼ਰਤੀ ਅਪਰਾਧਾਂ ਦੇ ਮਾਮਲਿਆਂ ਉਪਰ ਨਜਰਸਾਨੀ ਵਿਚ ਤੇਜੀ ਆਵੇਗੀ ਤੇ ਅਜਿਹੇ ਮਾਮਲਿਆਂ ਨੂੰ ਇਕ ਨਿਸ਼ਚਤ ਸਮੇਂ ਵਿਚ ਨਿਪਟਾਉਣ ਵਿੱਚ ਮੱਦਦ ਮਿਲੇਗੀ। ਨਿਆਂ ਵਿਭਾਗ , ਸਥਾਨਕ ਲਾਅ ਇਨਫੋਰਸਮੈਂਟ ਏਜੰਸੀਆਂ ਤੇ ਸਮਾਜਿਕ ਸੰਸਥਾਵਾਂ ਵਿਚਾਲੇ ਤਾਲਮੇਲ ਵਧੇਗਾ ਤੇ ਨਫ਼ਰਤੀ ਅਪਰਾਧਾਂ ਬਾਰੇ ਜਾਗਰੂਕਤਾ ਵਧੇਗੀ। ਵੱਖ ਵੱਖ ਭਾਸ਼ਾਵਾਂ ਵਿਚ ਆਨ ਲਾਈਨ ਹੇਟ ਕਰਾਈਮ ਰਿਪੋਰਟਿੰਗ ਸਿਸਟਮ ਕਾਇਮ ਕੀਤਾ ਜਾਵੇਗਾ ਤਾਂ ਜੋ ਨਫ਼ਰਤੀ ਅਪਰਾਧ ਦਾ ਮਾਮਲਾ ਤੁਰੰਤ ਦਰਜ ਹੋ ਸਕੇ। ਹੁਣ ਇਹ ਬਿੱਲ ਡੈਮੋਕਰੈਟਿਕ ਦੇ ਬਹੁਮਤ ਵਾਲੇ ਪ੍ਰਤੀਨਿੱਧ ਸਦਨ ਵਿਚ ਜਾਵੇਗਾ ਜਿਥੇ ਇਹ ਆਸਾਨੀ ਨਾਲ ਪਾਸ ਹੋ ਜਾਵੇਗਾ। ਉਂਝ ਵੀ ਜਿਆਦਾਤਰ ਰਿਪਬਲੀਕਨ ਇਸ ਬਿੱਲ ਦਾ ਸਮਰਥਨ ਕਰ ਰਹੇ ਹਨ। ਸੈਨਟਰ ਮਾਜ਼ੀ ਹਿਰੋਨੋ ਨੇ ਸੈਨਟ ਵਿਚ ਬੋਲਦਿਆਂ ਕਿਹਾ ਕਿ ਇਹ ਬਿੱਲ ਪਾਸ ਕਰਕੇ ਅਸੀਂ ਏਸ਼ੀਅਨ ਮੂਲ ਦੇ ਅਮਰੀਕਨਾਂ ਨੂੰ ਇਕਜੁੱਟਤਾ ਦਾ ਇਕ ਸ਼ਕਤੀਸ਼ਾਲੀ ਸੁਨੇਹਾ ਦਿੱਤਾ ਹੈ ਕਿ ਸੈਨਟ ਏਸ਼ੀਅਨ ਮੂਲ ਦੇ ਲੋਕਾਂ ਵਿਰੁੱਧ ਹਿੰਸਾ ਨੂੰ ਮੂਕ ਦਰਸ਼ਕ ਬਣਕੇ ਨਹੀਂ ਵੇਖ ਸਕਦੀ। ਸੈਨਟ ਉਨਾਂ ਦੇ ਨਾਲ ਖੜੀ ਹੈ। ਸੈਨਟ ਵਿਚ ਬਹੁਗਿਣਤੀ ਆਗੂ ਚੁੱਕ ਸ਼ੂਮਰ ਨੇ ਕਿਹਾ ਕਿ ਏਸ਼ੀਅਨ ਨਫ਼ਰਤੀ ਅਪਰਾਧ ਬਿੱਲ ਉਪਰ ਜਿਸ ਢੰਗ ਤਰੀਕੇ ਨਾਲ ਮੈਂਬਰਾਂ ਨੇ ਵੋਟਾਂ ਪਾਈਆਂ ਹਨ ਉਹ ਇਸ ਗੱਲ ਦਾ ਸਬੂਤ ਹੈ ਕਿ ਸੈਨਟ ਅਹਿਮ ਮੁੱਦਿਆਂ ਨਾਲ ਨਜਿੱਠਣ ਦੀ ਸਮਰਥਾ ਰਖਦੀ ਹੈ। ਉਨਾਂ ਕਿਹਾ ਕਿ ਨਿਸ਼ਚਤ ਤੌਰ 'ਤੇ ਇਹ ਬਿੱਲ ਨਫ਼ਰਤੀ  ਅਪਰਾਧ ਰੋਕਣ ਵਿਚ ਸਹਾਈ ਹੋਵੇਗਾ ਤੇ ਦੋਸ਼ੀਆਂ ਨੂੰ ਸਖਤ ਸਜਾਵਾਂ ਹੋਣਗੀਆਂ।