ਸੈਨੇਟ ਨੇ ਵਨੀਤਾ ਗੁਪਤਾ ਦੀ ਐਸੋਸੀਏਟ ਅਟਾਰਨੀ ਜਨਰਲ ਵਜੋਂ ਨਿਯੁਕਤੀ ਦੀ ਕੀਤੀ ਪੁਸ਼ਟੀ

ਸੈਨੇਟ ਨੇ ਵਨੀਤਾ ਗੁਪਤਾ ਦੀ ਐਸੋਸੀਏਟ ਅਟਾਰਨੀ ਜਨਰਲ ਵਜੋਂ ਨਿਯੁਕਤੀ ਦੀ ਕੀਤੀ ਪੁਸ਼ਟੀ
ਵਨੀਤਾ ਗੁਪਤਾ ਭਾਸ਼ਣ ਦਿੰਦੀ ਹੋਈ ਜਦ ਕਿ ਕਮਲਾ ਹੈਰਿਸ ਬੈਠੀ ਹੋਈ ਨਜਰ ਆ ਰਹੀ ਹੈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)- ਲੰਘੇ ਦਿਨ ਸੈਨਟ ਨੇ ਵਨੀਤਾ ਗੁਪਤਾ ਦੀ ਅਮਰੀਕਾ ਦੇ ਐਸੋਸੀਏਟ ਅਟਾਰਨੀ ਜਨਰਲ ਵਜੋਂ ਨਿਯੁਕਤੀ ਦੀ ਪੁਸ਼ਟੀ ਕਰ ਦਿੱਤੀ। ਉਹ ਪਹਿਲੀ ਭਾਰਤੀ ਮੂਲ ਦੀ ਅਮਰੀਕਨ ਔਰਤ ਹੈ ਜੋ ਐਸੋਸੀਏਟ ਅਟਾਰਨੀ ਜਨਰਲ ਵਜੋਂ ਸੇਵਾਵਾਂ ਨਿਭਾਵੇਗੀ। ਗੁਪਤਾ ਨੂੰ ਐਸੋਸੀਏਟ ਅਟਾਰਨੀ ਜਨਰਲ ਨਿਯੁਕਤ ਕਰਨ ਸਬੰਧੀ ਪੇਸ ਮਤੇ ਦੇ ਹੱਕ ਵਿਚ 51 ਵੋਟਾਂ ਪਈਆਂ ਜਦ ਕਿ 49 ਵੋਟਾਂ ਵਿਰੋਧ ਵਿਚ ਪਈਆਂ। ਰਿਪਬਲੀਕਨ ਸੈਨੇਟਰ ਲੀਸਾ ਮੁਰੋਕਵਸਕੀ ਨੇ ਰਾਸ਼ਟਰਪਤੀ ਜੋਅ ਬਾਇਡੇਨ ਦੇ ਨਿਆਂ ਵਿਭਾਗ ਦੁਆਰਾ ਨਾਮਜ਼ਦ ਵਨੀਤਾ ਗੁਪਤਾ ਦੇ ਹੱਕ ਵਿਚ ਵੋਟ ਪਾਈ। ਜੇਕਰ ਵੋਟਾਂ ਬਰਾਬਰ 50-50 ਪੈਂਦੀਆਂ ਤਾਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਸਦਨ ਵਿਚ ਮੌਜੂਦ ਸੀ ਤੇ ਉਹ ਆਪਣੀ ਵੋਟ ਦੀ ਵਰਤੋਂ ਗੁਪਤਾ ਦੇ ਹੱਕ ਵਿਚ ਕਰ ਸਕਦੀ ਸੀ ਪਰੰਤੂ ਲੀਸਾ ਮੁਰੋਕਵਸਕੀ ਨੇ ਇਹ ਨੌਬਤ ਨਹੀਂ ਆਉਣ ਦਿੱਤੀ। ਲੀਸਾ ਨੇ ਸੈਨਟ ਵਿਚ ਬੋਲਦਿਆਂ ਕਿਹਾ ਕਿ ਉਹ ਗੁਪਤਾ ਦੇ ਕੁਝ ਬਿਆਨਾਂ ਤੋਂ ਪਰੇਸ਼ਾਨ ਜਰੂਰ ਹੋਈ ਸੀ ਪਰੰਤੂ ਇਸ ਸਬੰਧੀ ਗੁਪਤਾ ਨਾਲ ਲੰਬੇ ਵਿਚਾਰ ਵਟਾਂਦਰੇ ਉਪਰੰਤ ਉਸ ਨੇ ਉਸ ਦੇ ਹੱਕ ਵਿਚ ਵੋਟ ਪਾਉਣ ਦਾ ਫੈਸਲਾ ਕੀਤਾ ਹੈ। ਵਨੀਤਾ ਗੁਪਤਾ ਨੇ  ਸਦਨ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਹੈ। ਇਥੇ ਜਿਕਰਯੋਗ ਹੈ ਕਿ ਗੁਪਤਾ ਓਬਾਮਾ ਪ੍ਰਸ਼ਾਸ਼ਨ ਤਹਿਤ ਨਿਆਂ ਵਿਭਾਗ ਦੀ ਸਿਵਲ ਰਾਈਟਸ ਡਵੀਜ਼ਨ ਵਿਚ ਕੰਮ ਕਰ ਚੁੱਕੀ ਹੈ।