ਅਮਰੀਕਾ ਦੀ ਅੱਧੀ ਬਾਲਗ ਵੱਸੋਂ ਨੂੰ ਲੱਗਾ ਕੋਵਿਡ ਤੋਂ ਬਚਾਅ ਲਈ ਟੀਕਾ ।

ਅਮਰੀਕਾ ਦੀ ਅੱਧੀ ਬਾਲਗ ਵੱਸੋਂ ਨੂੰ ਲੱਗਾ ਕੋਵਿਡ ਤੋਂ ਬਚਾਅ ਲਈ ਟੀਕਾ ।

*30% ਬਾਲਗਾਂ ਦਾ ਹੋਇਆ ਮੁਕੰਮਲ ਟੀਕਾਕਰਣ

ਅੰਮ੍ਰਿਤਸਰ ਬਿਊਰੋ

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)ਅਮਰੀਕਾ ਦੀ ਕੁੱਲ ਬਾਲਗ ਵੱਸੋਂ ਵਿਚੋਂ ਤਕਰੀਬਨ ਅੱਧੀ ਆਬਾਦੀ ਨੂੰ ਕੋਵਿਡ ਵੈਕਸੀਨ ਦਾ ਇਕ ਟੀਕਾ ਲੱਗ ਚੁੱਕਾ ਹੈ। ਯੂ ਐਸ ਸੈਂਟਰਜ ਫਾਰ ਡਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਤੋਂ ਪ੍ਰਾਪਤ ਅੰਕੜਿਆਂ ਵਿੱਚ ਇਹ ਖੁਲਾਸਾ ਹੋਇਆ ਹੈ। ਅੰਕੜਿਆਂ ਅਨੁਸਾਰ 30% ਬਾਲਗਾਂ ਨੂੰ ਦੋਨੋਂ ਟੀਕੇ ਲੱਗ ਚੁੱਕੇ ਹਨ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਬੇਲਗਾਮ ਹੁੰਦੇ ਜਾ ਰਹੇ ਕੋਵਿਡ-19 ਨੂੰ ਕਾਬੂ ਕਰਨ ਲਈ ਟੀਕਾਕਰਣ ਵਿਚ ਤੇਜੀ ਲਿਆਉਣ ਦੀ ਲੋੜ ਹੈ। ਅਮਰੀਕਾ ਦੇ ਚੋਟੀ ਦੇ ਲਾਗ ਦੀਆਂ ਬਿਮਾਰੀਆਂ ਬਾਰੇ ਮਾਹਿਰ ਡਾਕਟਰ ਐਨਟਨੀ ਫੌਕੀ ਅਨੁਸਾਰ 85% ਬਾਲਗ ਵੱਸੋਂ ਨੂੰ ਜਿੰਨੀ ਛੇਤੀ ਹੋ ਸਕੇ ਕੋਵਿਡ ਵੈਕਸੀਨ ਦਿੱਤੀ ਜਾਣੀ ਚਾਹੀਦੀ ਹੈ। ਵਧ ਰਹੇ ਮਾਮਲਿਆਂ ਦੇ ਮੱਦੇਨਜਰ ਤੇ ਕੋਵਿਡ ਦੇ ਸਾਹਮਣੇ ਆ ਰਹੇ ਨਵੇਂ ਰੂਪ ਨੂੰ ਵੇਖਦਿਆਂ ਹੋਇਆਂ ਟੀਕਾਕਰਣ ਛੇਤੀ ਹੋਣਾ ਚਾਹੀਦੀ ਹੈ। ਇਸੇ ਦੌਰਾਨ ਵਾਈਟ ਹਾਊਸ ਦੇ ਸਲਾਹਕਾਰ ਬੋਰਡ ਨੇ ਟੀਕਾਕਰਣ ਵਿੱਚ ਤੇਜੀ ਲਿਆਉਣ ਉਪਰ ਜੋਰ ਦਿੱਤਾ ਹੈ। ਇਸੇ ਦੌਰਾਨ ਕਈ ਰਾਜਾਂ ਨੇ ਹਵਾਈ ਅੱਡਿਆਂ ਸਮੇਤ ਹੋਰ  ਥਾਵਾਂ 'ਤੇ ਵੀ ਟੀਕਾਕਰਣ ਕੇਂਦਰ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਅਲਾਸਕਾ ਦੇ ਗਵਰਨਰ ਮਾਈਕ ਡੂਨਲੇਵੀ ਨੇ ਐਲਾਨ ਕੀਤਾ ਹੈ ਕਿ ਰਾਜ ਦੇ ਪ੍ਰਮੁੱਖ ਹਵਾਈ ਅੱਡਿਆਂ ਉਪਰ ਕੋਵਿਡ ਟੀਕਾਕਰਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਕੋਵਿਡ ਮਹਾਂਮਾਰੀ ਨਾਲ ਜੂਝ ਰਹੀ ਸੈਰ ਸਪਾਟਾ ਸਨਅੱਤ ਨੂੰ ਉਭਾਰਿਆ ਜਾ ਸਕੇ।