ਸ਼ਰਾਬ ਮਾਫ਼ੀਏ ਦਾ ਆਤੰਕ ਤੇ ਦਲਿਤਾਂ ‘ਤੇ ਵੱਧ ਰਿਹਾ ਜ਼ੁਲਮ

ਸ਼ਰਾਬ ਮਾਫ਼ੀਏ ਦਾ ਆਤੰਕ ਤੇ ਦਲਿਤਾਂ ‘ਤੇ ਵੱਧ ਰਿਹਾ ਜ਼ੁਲਮ

ਭਾਰਤ ਦਾ ਕੋਈ ਵੀ ਹਿੱਸਾ ਦਲਿਤਾਂ ਲਈ ਕਦੇ ਸੁਰੱਖਿਅਤ ਨਹੀਂ ਰਿਹਾ। ਬੇਸ਼ੱਕ ਦਲਿਤਾਂ ਦੀ ਸੰਖਿਆ ਜ਼ਿਆਦਾ ਹੈ ਪਰ ਉਨ੍ਹਾਂ ਦੀਆਂ ਸਦੀਆਂ ਤੋਂ ਚੱਲੀਆਂ ਆ ਰਹੀਆਂ ਮੁਸ਼ਕਲਾਂ ਦਾ ਕਦੇ ਅੰਤ ਨਹੀਂ ਹੋਇਆ। ‘ਖ਼ੁਸ਼ਹਾਲ’ ਪੰਜਾਬ ਵੀ ਕਦੇ ਦਲਿਤਾਂ ਦਾ ਮਿਤ ਨਹੀਂ ਬਣ ਸਕਿਆ। ਖ਼ਾਸ ਤੌਰ ‘ਤੇ ਇਨ੍ਹੀਂ ਦਿਨੀਂ ਸ਼ਰਾਬ ਮਾਫ਼ੀਏ ਦੀ ਦਲਿਤਾਂ ‘ਤੇ ਦਰਿੰਦਗੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋਇਆ ਹੈ। ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਜਾਂ ਇਸ ਧੰਦੇ ਨੂੰ ਅਲਵਿਦਾ ਕਹਿਣ ਵਾਲਿਆਂ ਨੂੰ ਮਾਫ਼ੀਏ ਵਲੋਂ ਕੋਹ ਕੋਹ ਕੇ ਮਾਰਨ ਦੀ ਸਜ਼ਾ ਆਮ ਹੋ ਗਈ ਹੈ। ਇਸ ਸਬੰਧ ਵਿਚ ਸੀਨੀਅਰ ਪੱਤਰਕਾਰਾਂ ਦਵਿੰਦਰ ਪਾਲ, ਰਮੇਸ਼ ਭਾਰਦਵਾਜ ਅਤੇ ਗੁਰਸੇਵਕ ਸਿੰਘ ਪ੍ਰੀਤ ਨੇ ਵਿਸ਼ੇਸ਼ ਤੌਰ ‘ਤੇ ਅੰਕੜੇ ਇਕੱਠੇ ਕੀਤੇ ਹਨ ਕਿ ਕਿਵੇਂ ਅੱਜ ਦਾ ਮਾਹੌਲ ਦਲਿਤਾਂ ਲਈ ਅਸੁਖਾਵਾਂ ਬਣ ਗਿਆ ਹੈ। ਇਸ ਸਬੰਧ ਵਿਚ ਪੇਸ਼ ਹੈ ਵਿਸ਼ੇਸ਼ ਰਿਪੋਰਟ।

ਦਲਿਤਾਂ ਖ਼ਿਲਾਫ਼ ਜ਼ੁਲਮਾਂ ਦੀ ਲੰਬੀ ਦਾਸਤਾਨ
ਪੰਜਾਬ ਵਿਚ 2007 ਤੋਂ ਹੁਣ ਤੱਕ 8058 ਮਾਮਲੇ ਸਾਹਮਣੇ ਆਏ
ਕੈਪਸ਼ਨ-ਪਿੰਡ ਜਲੂਰ ਵਿੱਚ ਦਲਿਤਾਂ ਤੇ ਕਿਸਾਨਾਂ ਦੇ ਟਕਰਾਅ ਕਾਰਨ ਇੱਕ ਘਰ ਵਿੱਚ ਖਿੱਲਰੇ ਪਏ ਸਾਮਾਨ ਦੀ ਫਾਈਲ ਫੋਟੋ।
ਚੰਡੀਗੜ੍ਹ : ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਦਲਿਤਾਂ ‘ਤੇ ਅੱਤਿਆਚਾਰ ਵਧਣ ਦੀ ਗਵਾਹੀ ਸਰਕਾਰੀ ਰਿਕਾਰਡ ਵੀ ਭਰਦਾ ਹੈ। ਬਾਦਲ ਸਰਕਾਰ ਦੇ ਕਾਰਜਕਾਲ ਸਾਲ 2007 ਤੋਂ 2016 ਦੇ ਅੱਧ ਤੱਕ ਦਲਿਤਾਂ ‘ਤੇ ਅੱਤਿਆਚਾਰ ਦੇ 8058 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਸੰਗੀਨ ਅਪਰਾਧ ਦੀ ਸ਼ਾਮਲ ਹਨ। ਇਹ ਤੱਥ ਪੰਜਾਬ ਦੇ ਐਸ.ਸੀ. ਕਮਿਸ਼ਨ ਦੇ ਰਿਕਾਰਡ ਵਿੱਚ ਦਰਜ ਹਨ। ਦਲਿਤਾਂ ਨਾਲ ਵਿਤਕਰਾ ਜਾਂ ਹੋਰ ਜ਼ਿਆਦਤੀਆਂ ਹੋਣ ਦੀਆਂ ਹੋਰ 5 ਹਜ਼ਾਰ ਤੋਂ ਵੱਧ ਘਟਨਾਵਾਂ ਨੂੰ ਵੱਖਰੇ ਤੌਰ ‘ਤੇ ਦਰਜ ਕੀਤਾ ਗਿਆ ਹੈ। ਇਨ੍ਹਾਂ ਘਟਨਾਵਾਂ ਵਿਚ ਹਰ ਸਾਲ ਵਾਧਾ ਹੋ ਰਿਹਾ ਹੈ।
ਕਮਿਸ਼ਨ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੰਜਾਬ ਵਿਚ ਦਲਿਤਾਂ ਖ਼ਿਲਾਫ਼ ਅੱਤਿਆਚਾਰਾਂ ਦੀਆਂ ਘਟਨਾਵਾਂ ਦੇ ਜੋ ਵੇਰਵੇ ਕਮਿਸ਼ਨ ਕੋਲ ਦਰਜ ਹਨ, ਉਨ੍ਹਾਂ ਨੂੰ ਅੱਧੇ ਹੀ ਮੰਨਿਆ ਜਾਂਦਾ ਹੈ ਕਿਉਂਕਿ ਇਹ ਮਾਮਲੇ ਉਹ ਹਨ, ਜਿਨ੍ਹਾਂ ਸਬੰਧੀ ਲੋਕਾਂ ਨੇ ਕਮਿਸ਼ਨ ਤੱਕ ਪਹੁੰਚ ਕਰ ਲਈ ਜਾਂ ਫਿਰ ਮੀਡੀਆ ਰਿਪੋਰਟ ਦੇ ਆਧਾਰ ‘ਤੇ ਕਮਿਸ਼ਨ ਨੇ ਨੋਟਿਸ ਲੈ ਲਿਆ। ਅਬੋਹਰ ਵਿਚ ਭੀਮ ਟਾਂਕ ਹੱਤਿਆ ਕਾਂਡ ਤੋਂ ਬਾਅਦ ਦਲਿਤਾਂ ਵਿਰੁੱਧ ਅਪਰਾਧ ਦੇ ਨਵੇਂ ਸਫ਼ੇ ਭਰੇ ਜਾਣ ਲੱਗੇ ਹਨ। ਭੀਮ ਟਾਂਕ ਕਤਲ ਕਾਂਡ ਦੇ ਦੋਸ਼ੀਆਂ ਉੱਤੇ ਕਥਿਤ ਤੌਰ ‘ਤੇ ਹਾਕਮਾਂ ਦੀ ਛਤਰਛਾਇਆ ਪ੍ਰਾਪਤ ਹੋਣ ਕਾਰਨ ਅਪਰਾਧੀਆਂ ਦੇ ਹੌਸਲੇ ਏਨੇ  ਜ਼ਿਆਦਾ ਵਧ ਗਏ ਕਿ ਕੁਝ ਦਿਨ ਪਹਿਲਾਂ ਮੁਕਤਸਰ ਵਿੱਚ ਇੱਕ  ਦਲਿਤ ਨੌਜਵਾਨ ਨੂੰ ਕੋਹ-ਕੋਹ ਕੇ ਮਾਰਿਆ ਗਿਆ।
ਉਸ ਤੋਂ ਬਾਅਦ ਹਾਲ ਵਿੱਚ ਵਾਧਾ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਣਾ ਵਿੱਚ ਵੀ ਇੱਕ ਦਲਿਤ ਨੌਜਵਾਨ ਦੀ ਵੱਢ-ਟੁੱਕ ਕੀਤੀ ਗਈ।
ਐਸ.ਸੀ. ਕਮਿਸ਼ਨ ਮੁਤਾਬਕ ਸਾਲ 2007 ਵਿਚ ਦਲਿਤਾਂ ‘ਤੇ ਅੱਤਿਆਚਾਰ ਦੀਆਂ 473 ਘਟਨਾਵਾਂ ਵਾਪਰੀਆਂ। ਇਸ ਤੋਂ ਅਗਲੇ ਸਾਲ 2008 ਵਿੱਚ 322, ਸਾਲ 2009 ਵਿੱਚ 517, 2010 ਵਿੱਚ 788, 2011 ਵਿੱਚ 745, 2012 ਤੋਂ ਦਲਿਤਾਂ ਵਿਰੁੱਧ ਅਪਰਾਧਾਂ ਵਿਚ ਇੱਕ ਦਮ ਵਾਧਾ ਹੋਣ ਲੱਗਿਆ। ਸਾਲ 2012 ਵਿੱਚ 1055, 2013 ਵਿੱਚ 1299, 2014 ਵਿੱਚ 1232 ਤੇ ਸਾਲ 2015 ਵਿੱਚ 1278 ਘਟਨਾਵਾਂ ਵਾਪਰੀਆਂ। ਕਮਿਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਲ 2016 ਵਿਚ ਵਾਪਰੀਆਂ ਘਟਨਾਵਾਂ ਦੇ ਅੰਕੜੇ ਫਿਲਹਾਲ ਇਕੱਤਰ ਕਰਨੇ ਬਾਕੀ ਹਨ ਤੇ ਕਮਿਸ਼ਨ ਕੋਲ ਦਲਿਤਾਂ ‘ਤੇ ਅੱਤਿਆਚਾਰ ਦੀਆਂ ਹੁਣ ਤੱਕ 349 ਘਟਨਾਵਾਂ ਦਰਜ ਹੋਈਆਂ ਹਨ।
ਕਮਿਸ਼ਨ ਦੇ ਅੰਕੜਿਆਂ ਮੁਤਾਬਕ ਅਕਾਲੀ ਦਲ-ਭਾਜਪਾ ਗੱਠਜੋੜ ਦੇ 2007 ਵਿੱਚ ਸੱਤਾ ਵਿਚ ਆਉਣ ਤੋਂ ਪਹਿਲਾਂ ਸਾਲ 2004 ਵਿੱਚ ਦਲਿਤਾਂ ‘ਤੇ ਅੱਤਿਅਚਾਰ ਦੇ 236, ਸਾਲ 2005 ਵਿੱਚ 329 ਅਤੇ ਸਾਲ 2006 ਵਿੱਚ 573 ਮਾਮਲੇ ਸਾਹਮਣੇ ਆਏ ਸਨ। ਕਮਿਸ਼ਨ ਮੁਤਾਬਕ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ 5 ਹਜ਼ਾਰ ਤੋਂ ਵੱਧ ਮਾਮਲੇ ਅਜਿਹੇ ਹਨ, ਜਿਨ੍ਹਾਂ ਵਿੱਚ ਦਲਿਤਾਂ ਉੱਤੇ ਅੱਤਿਆਚਾਰ ਤੋਂ ਇਲਾਵਾ ਜਾਤ-ਪਾਤ ਦੇ ਆਧਾਰ ‘ਤੇ ਵਿਤਕਰੇ ਦੀਆਂ ਘਟਨਾਵਾਂ ਵਾਪਰੀਆਂ।
ਕਮਿਸ਼ਨ ਦਾ ਇਹ ਵੀ ਦਾਅਵਾ ਹੈ ਕਿ ਜ਼ਿਆਦਤੀਆਂ ਦਾ ਸ਼ਿਕਾਰ ਵੱਡੀ ਗਿਣਤੀ ਲੋਕ ਪੁਲੀਸ ਜਾਂ ਆਰਥਿਕ ਪੱਖੋਂ ਮਜ਼ਬੂਤ ਬੰਦਿਆਂ ਦੇ ਦਬਾਅ ਕਾਰਨ ਕਮਿਸ਼ਨ ਤੱਕ ਪਹੁੰਚ ਨਹੀਂ ਕਰ ਸਕਦੇ ਤੇ ਅਜਿਹੀਆਂ ਘਟਨਾਵਾਂ ਕਿਸੇ ਵੀ ਰਿਕਾਰਡ ‘ਤੇ ਨਹੀਂ ਆਉਂਦੀਆਂ। ਅਹਿਮ ਤੱਥ ਇਹ ਵੀ ਹੈ ਕਿ ਪੰਜਾਬ ਵਿੱਚ ਦਲਿਤਾਂ ਦੀ ਆਬਾਦੀ ਦੇਸ਼ ਦੇ ਸਾਰੇ ਸੂਬਿਆਂ ਨਾਲੋਂ ਜ਼ਿਆਦਾ ਹੈ। ਐਸਸੀ ਕਮਿਸ਼ਨ ਵੱਲੋਂ ਦਲਿਤ ਅੱਤਿਆਚਾਰ ਦੀ ਘਟਨਾ ‘ਤੇ ਪੁਲੀਸ ਜਾਂ ਸਿਵਲ ਪ੍ਰਸ਼ਾਸਨ ਨੂੰ ਨੋਟਿਸ ਤਾਂ ਭੇਜਿਆ ਜਾਂਦਾ ਹੈ ਪਰ ਇਹ ਮਹਿਜ਼ ਰਸਮੀ ਕਾਰਵਾਈ ਹੀ ਬਣ ਕੇ ਰਹਿ ਗਈ ਹੈ।
ਐਸ.ਸੀ. ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਦਾ ਦਾਅਵਾ ਹੈ ਕਿ ਕਮਿਸ਼ਨ ਦੇ ਦਖ਼ਲ ਕਾਰਨ ਦਲਿਤਾਂ ‘ਤੇ ਹੁੰਦੇ ਅੱਤਿਆਚਾਰ ਦੇ ਮਾਮਲਿਆਂ ‘ਤੇ ਕਾਰਵਾਈ ਹੁੰਦੀ ਹੈ। ਉਨ੍ਹਾਂ ਮੰਨਿਆ ਕਿ ਰਾਜ ਵਿੱਚ ਦਲਿਤਾਂ ‘ਤੇ ਅੱਤਿਆਚਾਰ ਦੀਆਂ ਘਟਨਾਵਾਂ ਵਧ ਰਹੀਆਂ ਹਨ। ਸ੍ਰੀ ਬਾਘਾ ਨੇ ਕਿਹਾ ਕਿ ਸਰਕਾਰ ਨੂੰ ਦਲਿਤਾਂ ਵਿਰੁੱਧ ਹੁੰਦੇ ਅਪਰਾਧ ਰੋਕਣ ਲਈ ਸਖ਼ਤੀ ਕਰਨੀ ਚਾਹੀਦੀ ਹੈ ਤੇ ਗੁੰਡਿਆਂ ਨੂੰ ਨੱਥ ਪਾਉਣ ਦੀ ਲੋੜ ਹੈ।

ਪਿੰਡ ਜਲੂਰ ਵਿੱਚ ਪ੍ਰਸ਼ਾਸਨਿਕ ਅਣਗਹਿਲੀਆਂ ਕਾਰਨ ਵਧਿਆ ਟਕਰਾਅ
ਦਲਿਤਾਂ ਲਈ ਰਾਖ਼ਵੀਂ ਜ਼ਮੀਨ ਨੂੰ ਲੈ ਕੇ ਬਣਿਆ ਤਣਾਅ
ਲਹਿਰਾਗਾਗਾ :
ਪਿੰਡ ਜਲੂਰ ਵਿੱਚ ਪੁਲੀਸ ਪ੍ਰਸ਼ਾਸਨ ਨੇ ਕਿਸਾਨਾਂ ਅਤੇ ਦਲਿਤਾਂ ਦੇ ਟਕਰਾਅ ਨੂੰ ਦਲਿਤਾਂ ਦੇ ਦੋ ਹਿੱਸਿਆਂ ਵਿੱਚ ਹੋਏ ਟਕਰਾਅ ਵਜੋਂ ਪੇਸ਼ ਕੀਤਾ ਹੈ ਪਰ ਹਕੀਕਤ ਕੁਝ ਹੋਰ ਹੈ, ਜਿਸ ਕਰ ਕੇ ਪ੍ਰਸਾਸ਼ਨ ਦੇ ਰੋਲ ‘ਤੇ ਸਵਾਲ ਖੜ੍ਹੇ ਹੋਣੇ ਸੁਭਾਵਕ ਹਨ। ਕਿਸਾਨ ਧਿਰ ਨੇ ਦਲਿਤ ਸਰਪੰਚ ਸਣੇ ਕੁਝ ਦਲਿਤਾਂ ਨੂੰ ਆਪਣੇ ਨਾਲ ਰਲਾ ਕੇ ਜ਼ਮੀਨ ਦੀ ਬੋਲੀ ਕਰਵਾਈ।   ਸੂਤਰਾਂ ਅਨੁਸਾਰ ਦਰਅਸਲ ਇਸ ਟਕਰਾਅ ਦਾ ਮੁੱਢ 10 ਮਈ 2016 ਨੂੰ ਪਿੰਡ ਵਿੱਚ ਬੀ.ਡੀ.ਪੀ.ਓ. ਵੱਲੋਂ ਪੁਲੀਸ ਸੁਰੱਖਿਆ ਵਿੱਚ ਦਲਿਤਾਂ ਲਈ ਰਾਖਵੀਂ ਜ਼ਮੀਨ ਦੀ ਬੋਲੀ ਕਰਵਾਉਣ ਤੋਂ ਬੱਝਾ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਲਾਕੇ ਅੰਦਰ ਕਈ ਪਿੰਡਾਂ ਵਿੱਚ ਰਾਖਵੀਂ ਜ਼ਮੀਨ ਸਿਰਫ਼ ਦਲਿਤਾਂ ਨੂੰ ਹੀ ਸਸਤੇ ਭਾਅ ‘ਤੇ ਦੇਣ ਲਈ ਮਾਰਚ ਮਹੀਨੇ ਤੋਂ ਹੀ ਸੰਘਰਸ਼ ਕਰ ਰਹੀ ਸੀ। ਇਸ 12 ਮਈ ਨੂੰ ਬੋਲੀ ਵਾਲੇ ਦਿਨ ਸੰਘਰਸ਼ ਕਮੇਟੀ ਨੇ ਪਿੰਡ ਜਲੂਰ ਦੀ ਬੋਲੀ ਨੂੰ ਡਮੀ ਦੱਸਦੇ ਹੋਏ ਬਾਕਾਇਦਾ ਲਹਿਰਾਗਾਗਾ-ਪਾਤੜਾਂ ਸੜਕ ਜਾਮ ਕੀਤੀ ਅਤੇ ਐਲਾਨ ਕੀਤਾ ਕਿ ਇਹ ਜ਼ਮੀਨ ਇੱਕ ਦਲਿਤ ਵਿਅਕਤੀ ਦੇ ਨਾਂ ‘ਤੇ ਇੱਕ ਕਿਸਾਨ ਨੇ ਲਈ ਹੈ। ਉਨ੍ਹਾਂ ਨੇ ਸਖ਼ਤ  ਰੋਸ ਪ੍ਰਗਟ ਕੀਤਾ ਪਰ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਨਹੀਂ ਲਿਆ। ਇਸ ਮਗਰੋਂ ਸੰਘਰਸ਼ ਕਮੇਟੀ ਦੇ ਕਾਰਕੁਨਾਂ ਨੇ 26/27 ਮਈ ਨੂੰ ਪੰਚਾਇਤੀ ਜ਼ਮੀਨ ‘ਤੇ ਬਾਕਾਇਦਾ ਆਪਣਾ ਕਬਜ਼ਾ ਕਰ ਲਿਆ ਅਤੇ ਸੈਂਕੜੇ ਦਲਿਤਾਂ ਨੇ ਕਰੀਬ 15 ਦਿਨ ਖੇਤ ਵਿਚ ਹੀ ਡੇਰੇ ਲਾਏ।
ਪੁਲੀਸ ਮਜ਼ਦੂਰਾਂ ਤੋਂ ਕਬਜ਼ਾ ਛੁਡਵਾਉਣ ਵੀ ਗਈ ਪਰ ਸਫ਼ਲ ਨਹੀਂ ਹੋਈ। ਦਲਿਤਾਂ ਨੇ ਜ਼ਮੀਨ ਵਿਚ ਬਾਜਰਾ ਬੀਜ ਦਿੱਤਾ ਸੀ। ਸੰਘਰਸ਼ ਕਮੇਟੀ ਨੇ ਬੋਲੀ ਰੱਦ ਕਰਵਾਉਣ ਲਈ ਬੀਡੀਪੀਓ, ਐਸਡੀਐਮ ਅਤੇ ਡੀਸੀ ਸੰਗਰੂਰ ਅੱਗੇ ਕਈ ਵਾਰ ਪ੍ਰਦਰਸ਼ਨ ਕੀਤੇ। ਆਖਰ 10 ਜੂਨ ਨੂੰ ਪ੍ਰਸ਼ਾਸਨ ਨੇ ਪੁਲੀਸ ਮਦਦ ਨਾਲ ਖੇਤ ਵਿਚ ਬੈਠੇ ਦਲਿਤਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਅਤੇ ਉਸ ਜ਼ਮੀਨ ਦਾ ਕਬਜ਼ਾ ਦਲਿਤ ਵਿਅਕਤੀ ਨੂੰ ਕਰਵਾ ਦਿੱਤਾ ਅਤੇ ਜ਼ਮੀਨ ਵਿੱਚ ਬਿਜਾਈ ਇੱਕ ਕਿਸਾਨ ਨੇ ਕੀਤੀ। ਇਸ ਨੂੰ ਲੈ ਕੇ 3 ਜੁਲਾਈ ਨੂੰ ਸੰਘਰਸ਼ ਕਰ ਰਹੀ ਕਮੇਟੀ ਅਤੇ ਕਿਸਾਨ ਸਮਰਥਕ ਦਲਿਤ ਮਹਿਲਾ ਸਰਪੰਚ ਵਿਚਕਾਰ ਸਿੱਧੀ ਲੜਾਈ ਵੀ ਹੋਈ ਅਤੇ ਦੋਹੇ ਧਿਰਾਂ ਹਸਪਤਾਲ ਵਿੱਚ ਦਾਖ਼ਲ ਹੋਈਆਂ।
ਕਿਸਾਨ ਨੇ ਉਸ ਜ਼ਮੀਨ ਵਿੱਚ ਜੀਰੀ ਬੀਜੀ ਅਤੇ ਦਲਿਤ ਸਰਪੰਚ ਸਮੇਤ ਹੋਰ ਧਿਰਾਂ ਉਸ ਦੇ ਸਮਰਥਨ ‘ਤੇ ਰਹੀਆਂ। ਸੰਘਰਸ਼ ਕਮੇਟੀ ਲਗਾਤਾਰ ਬੋਲੀ ਰੱਦ ਕਰਨ ਨੂੰ ਲੈ ਕੇ ਮੁਜ਼ਾਹਰੇ ਕਰਦੀ ਰਹੀ। ਮਸਲਾ ਮੁੱਖ ਮੰਤਰੀ ਤੱਕ ਵੀ ਪਹੁੰਚਿਆ ਪਰ ਹੋਇਆ ਕੁਝ ਨਹੀਂ।
ਉਧਰ ਜ਼ਮੀਨ ਸੰਘਰਸ਼ ਕਮੇਟੀ ਦੇ ਕਾਰਕੁਨਾਂ ਨੇ 30 ਸਤੰਬਰ ਦੀ ਰਾਤ ਨੂੰ ਜੀਰੀ ਵੱਢ ਦਿੱਤੀ ਤਾਂ ਪੁਲੀਸ ਨੇ ਕਮੇਟੀ ਦੇ ਕਾਰਕੁਨਾਂ ‘ਤੇ ਮੁਕੱਦਮਾ ਦਰਜ ਕੀਤਾ। ਪੁਲੀਸ ਵੱਲੋਂ ਗੰਭੀਰਤਾ ਨਾ ਦਿਖਾਉਣ ਕਰ ਕੇ ਦੋਹਾਂ ਧਿਰਾਂ ਵਿੱਚ ਹੋਈ ਲੜਾਈ ਵਿੱਚ ਦੋਹਾਂ ਧਿਰਾਂ ਦੇ 6 ਜਣੇ ਜਖ਼ਮੀ ਹੋਏ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕੀਤੇ ਪਰ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ।
ਸੰਘਰਸ਼ ਕਮੇਟੀ ਨੇ 5 ਸਤੰਬਰ ਨੂੰ ਲਹਿਰਾਗਾਗਾ ਐਸਡੀਐਮ ਦਫ਼ਤਰ ਅੱਗੇ ਧਰਨਾ ਦੇ ਕੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਧਰਨੇ ਦੌਰਾਨ ਦਲਿਤ ਆਗੂਆਂ ਨੇ ਅਧਿਕਾਰੀਆਂ ਨੂੰ ਪਿੰਡ ਵਿਚ ਟਕਰਾਅ ਬਾਰੇ ਸੁਚੇਤ ਕੀਤਾ ਸੀ। ਜ਼ਿਕਰਯੋਗ ਹੈ ਕਿ ਉਸ ਦਿਨ ਐਸਡੀਐਮ ਦਫ਼ਤਰ ਦੇ ਬਾਹਰ ਪਿੰਡ ਦੇ ਕਿਸਾਨ ਡਾਂਗਾਂ ਲੈ ਕੇ ਪੁੱਜੇ ਸਨ।
ਇਨ੍ਹਾਂ ਗੱਲਾਂ ਕਾਰਨ ਪਿੰਡ ਜਲੂਰ ਵਿੱਚ ਖ਼ੂਨੀ ਟਕਰਾਅ ਹੋਇਆ। ਪ੍ਰਸ਼ਾਸਨ ਜੇ ਮੁੱਢ ਤੋਂ ਇਸ ਨੂੰ ਗੰਭੀਰਤਾ ਨਾਲ ਲੈਂਦਾ ਤਾਂ ਹਿੰਸਕ ਟਕਰਾਅ ਟੱਲ ਸਕਦਾ ਸੀ। ਹੁਣ ਤੱਕ ਦਲਿਤਾਂ ਦੇ 17 ਅਤੇ ਕਿਸਾਨਾਂ ਦੇ ਦੋ ਸਾਥੀ ਪੁਲੀਸ ਨੇ ਗ੍ਰਿਫ਼ਤਾਰ ਕੀਤੇ ਹਨ।

ਭੀਮ ਟਾਂਕ ਦੇ ਮਾਪਿਆਂ ਨੂੰ ਹਾਲੇ ਤਕ ਨਹੀਂ ਮਿਲਿਆ ਇਨਸਾਫ਼
ਸ੍ਰੀ ਮੁਕਤਸਰ ਸਾਹਿਬ/ਅਬੋਹਰ : ਅਬੋਹਰ ਦਾ ਦਲਿਤ ਨੌਜਵਾਨ ਜਿਸ ਨੂੰ ਪਿਛਲੇ ਸਾਲ 11 ਦਸੰਬਰ ਨੂੰ ਵੱਢ-ਟੁਕ ਕੇ ਕਤਲ ਕਰ ਦਿੱਤਾ ਗਿਆ ਸੀ, ਦੇ ਪਿਤਾ ਕਪੂਰ ਚੰਦ ਤੇ ਮਾਤਾ ਕੌਸ਼ਲਿਆ ਦੇਵੀ ਨੇ ਦੱਸਿਆ ਕਿ ਉਨ੍ਹਾਂ ਦਾ ਦੁੱਖ ਵੰਡਾਉਣ ਲਈ ਵੱਡੀ ਗਿਣਤੀ ਲੋਕ ਉਨ੍ਹਾਂ ਦੇ ਘਰ ਆਏ, ਪਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹਾਲੇ ਤੱਕ ਉਨ੍ਹਾਂ ਦੇ ਘਰ ਨਹੀਂ ਆਏ ਤੇ ਨਾ ਹੀ ਫੋਨ ‘ਤੇ ਉਨ੍ਹਾਂ ਨਾਲ ਕੋਈ ਹਮਦਰਦੀ ਪ੍ਰਗਟਾਈ।
ਕਪੂਰ ਚੰਦ ਨੇ ਦੱਸਿਆ ਕਿ 10 ਮਾਰਚ ਤੇ 22 ਅਗਸਤ ਨੂੰ ਉਹ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਤਾਂ ਸ੍ਰੀ ਬਾਦਲ ਨੇ ਕਿਹਾ, ‘ਬਹੁਤ ਕੁਝ ਕਰਤਾ ਹੁਣ ਹੋਰ ਕੀ ਕਰੀਏ, ਮੇਰੇ ਤਾਂ ਹੱਥ ਖੜ੍ਹੇ ਨੇ।’ ਇਸ ਤੋਂ ਸਪਸ਼ਟ ਜ਼ਾਹਰ ਹੈ ਕਿ ਬਾਦਲ ਪਰਿਵਾਰ ਨੂੰ ਉਨ੍ਹਾਂ ਦੇ ਕੋਹ-ਕੋਹ ਕੇ ਮਾਰੇ ਪੁੱਤ ਦੀ ਮੌਤ ਦਾ ਕੋਈ ਅਫਸੋਸ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਅਫ਼ਸਰਸ਼ਾਹੀ ਦੋਸ਼ੀਆਂ ਦੀ ਮਦਦ ਕਰ ਰਹੀ ਹੈ। ਭੀਮ ਕਤਲ ਕਾਂਡ ਦਾ ਮੁਲਜ਼ਮ ਸ਼ਿਵ ਲਾਲ ਡੋਡਾ ਤੇ ਉਸ ਦਾ ਭਤੀਜਾ ਅਮਿਤ ਡੋਡਾ ਫਾਜ਼ਿਲਕਾ ਦੀ ਸਬ ਜੇਲ੍ਹ ਵਿਚ ਬੰਦ ਹਨ, ਜਿਥੇ ਉਨ੍ਹਾਂ ਨੂੰ ਹਰ ‘ਸਹੂਲਤ’ ਦਿੱਤੀ ਜਾ ਰਹੀ ਹੈ ਤੇ ਉਹ ਆਪਣਾ ਕਾਰੋਬਾਰ ਵੀ ਚਲਾ ਰਹੇ ਹਨ। ਜਦਕਿ ਕਾਨੂੰਨ ਅਨੁਸਾਰ ਇਹ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਬੰਦ ਹੋਣੇ ਚਾਹੀਦੇ ਸਨ। ਭੀਮ ਦੀ ਮਾਤਾ ਨੇ ਕਿਹਾ ਕਿ ਜੇਕਰ ਸ਼ਿਵ ਲਾਲ ਡੋਡਾ ਤੇ ਅਮਿਤ ਡੋਡਾ ਨੂੰ ਫਾਜ਼ਿਲਕਾ ਤੋਂ ਫਿਰੋਜ਼ਪੁਰ ਜੇਲ੍ਹ ਵਿਚ ਨਾ ਬਦਲਿਆ ਗਿਆ ਤਾਂ ਉਹ 17 ਅਕਤੂਬਰ ਤੋਂ ਫਾਜ਼ਿਲਕਾ ਜੇਲ੍ਹ ਦੇ ਬਾਹਰ ਮਰਨ ਵਰਤ ‘ਤੇ ਬੈਠੇਗੀ।
‘ਭੀਮ ਕਤਲ ਕਾਂਡ ਸੰਘਰਸ਼ ਕਮੇਟੀ’ ਦੇ ਕਨਵੀਨਵਰ ਇੰਜਨੀਅਰ ਗੋਪੀ ਚੰਦ ਸਾਂਦੜ ਨੇ ਦੱਸਿਆ ਕਿ ਜੇਕਰ ਲੋਕਾਂ ਦਾ ਸਾਥ ਨਾ ਮਿਲਦਾ ਤਾਂ ਇਸ ਕਤਲ ਕਾਂਡ ਨੂੰ ਪੁਲੀਸ ਨੇ ਖੁਰਦ-ਬੁਰਦ ਹੀ ਕਰ ਦੇਣਾ ਸੀ। ਹੁਣ ਵੀ ਦੋਸ਼ੀ ਉਨ੍ਹਾਂ ਨੂੰ ਅਤੇ ਗਵਾਹ ਅਜੈ ਕੁਮਾਰ ਅਤੇ ਜਸਪਾਲ ਸਿੰਘ ਭੋਲਾ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਤੇ ਪੁਲੀਸ ਮੂਕ ਦਰਸ਼ਕ ਬਣੀ ਬੈਠੀ ਹੈ। ਉਨ੍ਹਾਂ ਦੱਸਿਆ ਕਿ ਇਸ ਕਤਲ ਕਾਂਡ ਵਿਚ 26 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਹੈ ਜਿਸ ਵਿਚੋਂ 2 ਜ਼ਮਾਨਤ ‘ਤੇ ਹਨ ਤੇ 22 ਫਿਰੋਜ਼ਪੁਰ ਜੇਲ੍ਹ ਵਿਚ ਬੰਦ ਹਨ। ਮੁੱਖ ਮੁਲਜ਼ਮ ਸ਼ਿਵ ਲਾਲ ਡੋਡਾ ਤੇ ਅਮਿਤ ਡੋਡਾ ਫਾਜ਼ਿਲਕਾ ਜੇਲ੍ਹ ਵਿਚ ਬੰਦ ਹਨ।
ਜ਼ਿਕਰਯੋਗ ਹੈ ਕਿ ਅਬੋਹਰ ਬੱਸ ਅੱਡੇ ਸਾਹਮਣੇ ਆਪਣੇ ਜੱਦੀ ਘਰ ਨੇੜੇ 1987 ਤੱਕ ਬਰਫ ਦਾ ਅੱਡਾ ਲਾਉਣ ਵਾਲਾ ਸ਼ੁਰਲੀ, ਇੱਕ ਵਾਰਦਾਤ ਤੋਂ ਬਾਅਦ ਦਿੱਲੀ ਰਹਿੰਦੇ ਆਪਣੇ ਮਾਸੀ-ਮਾਸੜ ਕੋਲ ਚਲਾ ਗਿਆ ਸੀ। ਕਰੀਬ 25 ਸਾਲ ਉਥੇ ਰਹਿਣ ਤੋਂ ਬਾਅਦ ਜਦੋਂ ਉਹ ਅਬੋਹਰ ਵਾਪਸ ਆਇਆ ਤਾਂ ਸ਼ੁਰਲੀ ਤੋਂ ਸੇਠ ਸ਼ਿਵ ਲਾਲ ਡੋਡਾ ਬਣ ਚੁੱਕਿਆ ਸੀ। ਹੁਣ ਉਹ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਉਤਰ ਪ੍ਰਦੇਸ਼ ਵਿਚ ਸੈਂਕੜੇ ਸ਼ਰਾਬ ਦੇ ਠੇਕਿਆਂ ਸਣੇ ਹੋਰ ਕਈ ਕਾਰੋਬਾਰ ਚਲਾ ਰਿਹਾ ਹੈ। ਉਸ ਦੀ 2000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ।  1993 ਵਿੱਚ ਔਰੰਗਾਬਾਦ ਵਿੱਚ ਅੱਗ ਦੀ ਲਪੇਟ ਵਿਚ ਆਏ ਜਹਾਜ਼ ਵਿੱਚ 60 ਵਿਅਕਤੀ ਮਾਰੇ ਗਏ ਸਨ, ਪਰ ਸ਼ਿਵ ਡੋਡਾ ਜਿਉਂਦਾ ਬਚ ਗਿਆ ਸੀ।
ਭੀਮ ਕਤਲ ਕਾਂਡ ਦਾ ਪਿਛੋਕੜ :
ਅਬੋਹਰ ਦਾ ਰਹਿਣ ਵਾਲਾ 25 ਸਾਲਾ ਦਲਿਤ ਨੌਜਵਾਨ ਭੀਮ ਟਾਂਕ  ਸ਼ਰਾਬ ਦੇ ਵਪਾਰੀ ਸ਼ਿਵ ਲਾਲ ਡੋਡਾ ਦਾ ਕਈ ਵਰ੍ਹੇ ਸ਼ਰਾਬ ਦਾ ਕੰਮ ਚਲਾਉਂਦਾ ਰਿਹਾ, ਜਿਸ ਦੌਰਾਨ ਉਸ ਉਪਰ 12 ਫੌਜਦਾਰੀ ਕੇਸ ਬਣੇ। ਸਮੂਹਕ ਜਬਰ ਜਨਾਹ ਦਾ ਕੇਸ ਉਸ ਦੇ ਕਤਲ ਤੋਂ ਚਾਰ ਕੁ ਘੰਟੇ ਪਹਿਲਾਂ ਹੀ ਅਬੋਹਰ-2 ਥਾਣੇ ਵਿੱਚ ਦਰਜ ਕੀਤਾ ਗਿਆ ਸੀ। ਸ਼ਰਾਬ ਦਾ ਧੰਦਾ ਕਰਦਿਆਂ ਉਸ ਦੀ ਕਈਆਂ ਨਾਲ ਦੁਸ਼ਮਣੀ ਪੈ ਗਈ ਸੀ। ਕਤਲ ਤੋਂ ਕਰੀਬ 6 ਮਹੀਨੇ ਪਹਿਲਾਂ ਉਸ ਨੇ ਸ਼ਰਾਬ ਤੇ ਹੋਰ ਗ਼ੈਰਕਾਨੂੰਨੀ ਧੰਦਿਆਂ ਤੋਂ ਤੌਬਾ ਕਰਦਿਆਂ ਅਬੋਹਰ ਬਾਈਪਾਸ ‘ਤੇ ‘ਪੰਜਾਬੀ ਤੜਕਾ’ ਢਾਬਾ ਖੋਲ੍ਹ ਲਿਆ ਸੀ। ਉਸ ਨੂੰ ਇਹ ਕਹਿ ਕੇ ਸ਼ਿਵ ਲਾਲ ਡੋਡਾ ਦੇ ਰਾਮਸਰਾ ਪਿੰਡ ਵਿਚਲੇ ਫਾਰਮ ਹਾਊਸ ‘ਤੇ ਸੱਦਿਆ ਗਿਆ ਸੀ ਕਿ ਉਸ ਦਾ ਦੁਸ਼ਮਣਾਂ ਨਾਲ ਰਾਜ਼ੀਨਾਮਾ ਕਰਾਉਣਾ ਹੈ। ਪਰ ਉਥੇ ਭੀਮ ਤੇ ਉਸ ਦੇ ਦੋਸਤ ਗੁਰਜੰਟ ਸਿੰਘ ਉਰਫ਼ ਜੰਟਾ ਲਾਹੌਰੀਆ ਦੀਆਂ ਲੱਤਾਂ ਬਾਹਾਂ ਵੱਢ ਦਿੱਤੀਆਂ ਗਈਆਂ।

ਪੀੜਤਾਂ ਲਈ ਇਨਸਾਫ਼ ਦੀ ਆਸ ਮੁੱਕੀ
ਤਰਨ ਤਾਰਨ : ਦਲਿਤਾਂ ਨਾਲ ਹੋਏ ਅਤਿਆਚਾਰਾਂ ਕਰ ਕੇ ਜਿਥੇ ਪੁਲੀਸ ਸਮੇਤ ਸਮੁੱਚਾ ਪ੍ਰਸ਼ਾਸਨ ਨਮੋਸ਼ੀ ਦਾ ਸਾਹਮਣਾ ਕਰ ਰਿਹਾ ਹੈ, ਉਥੇ ਅਜਿਹੇ ਮਾਮਲਿਆਂ ਸਬੰਧੀ ਹਾਕਮ ਧਿਰ ਦੀ ਭੂਮਿਕਾ ਸਦਾ ਹੀ ਸ਼ੱਕੀ ਦਿਖਾਈ ਦਿੱਤੀ ਹੈ। ਪ੍ਰਸ਼ਾਸਨ ਵੱਲੋਂ ਜਦੋਂ ਅਜਿਹੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਰਾਜਸੀ ਦਖ਼ਲਅੰਦਾਜ਼ੀ ਕਾਰਨ ਇਨ੍ਹਾਂ ਦੀ ਰੂਪ ਰੇਖਾ ਅਜਿਹੀ ਵਿਗੜੀ ਕਿ ਪੀੜਤਾਂ ਲਈ ਇਨਸਾਫ਼ ਦੀ ਆਸ ਹੀ ਮੁੱਕ ਗਈ।
ਪੀੜਤ ਧਿਰ ਦੀ ਤਸੱਲੀ ਲਈ ਜੇ ਕੇਸ ਦਰਜ ਕਰ ਲਿਆ ਜਾਂਦਾ ਹੈ ਤਾਂ ਸਮੇਂ ਦੇ ਫੇਰ ਨਾਲ ਉਸ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਇਸ ਮਾਮਲੇ ਨੂੰ ਕੋਈ ਹੋਰ ਰੰਗਤ ਦੇ ਦਿੱਤੀ ਜਾਂਦੀ ਹੈ। ਬਹੁਤੀ ਵਾਰ ਅਜਿਹੇ ਮਾਮਲਿਆਂ ਸਬੰਧੀ ਪੁਲੀਸ ਕਾਰਵਾਈ ਕਰਾਉਣ ਵਾਸਤੇ ਦਲਿਤ ਜਥੇਬੰਦੀਆਂ ਨੂੰ ਧਰਨੇ ਮੁਜ਼ਾਹਰਿਆਂ ਦਾ ਰਾਹ ਅਪਣਾਉਣਾ ਪਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਤਰਨ ਤਾਰਨ ਜ਼ਿਲ੍ਹੇ ਵਿੱਚ ਪਿਛਲੇ ਤਿੰਨ ਸਾਲ ਦੌਰਾਨ ਅਨੁਸੂਚਿਤ ਜਾਤੀਆਂ ਨਾਲ ਅਤਿਆਚਾਰਾਂ ਦੇ 20 ਕੇਸ ਦਰਜ ਕੀਤੇ ਗਏ। ਇਨ੍ਹਾਂ ਵਿੱਚੋਂ 12 ਪੁਲੀਸ ਨੇ ਖ਼ੁਦ ਕੀਤੀ ਜਾਂਚ ਉਪਰੰਤ ਰੱਦ ਕਰ ਦਿੱਤੇ ਤੇ ਸੱਤ ਦੀ ਜਾਂਚ ਚੱਲ ਰਹੀ ਹੈ। ਕੇਵਲ ਇਕ ਮਾਮਲੇ ਦਾ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਨੋਡਲ ਅਧਿਕਾਰੀ ਐਸ. ਪੀ. (ਇਨਵੈਸਟੀਗੇਸ਼) ਜਗਮੋਹਨ ਸਿੰਘ ਨੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਵੀ ਕੀਤੀ ਹੈ।
ਇਲਾਕੇ ਵਿੱਚ ਸਾਢੇ ਤਿੰਨ ਸਾਲ ਪਹਿਲਾਂ ਵਾਪਰੇ ਉਸਮਾਂ ਕਾਂਡ ਦੀ ਗੂੰਜ ਦੇਸ਼ ਦੀ ਸੁਪਰੀਮ ਕੋਰਟ ਤੱਕ ਗਈ ਸੀ। ਸੁਪਰੀਮ ਕੋਰਟ ਨੇ ਢਿੱਲੀ ਕਾਰਵਾਈ ਲਈ ਇਥੋਂ ਦੇ ਐਸ.ਐਸ.ਪੀ. ਅਤੇ ਡਿਪਟੀ ਕਮਿਸ਼ਨਰ ਨੂੰ ਬਦਲ ਦਿੱਤਾ ਸੀ। ਇਸ ਕਾਂਡ ਵਿਚ ਪੁਲੀਸ ਨੇ ਇਕ ਦਲਿਤ ਲੜਕੀ ਨੂੰ ਸ਼ਰ੍ਹੇਆਮ ਕੁੱਟਿਆ ਸੀ। ਅਦਾਲਤ ਦੇ ਹੁਕਮਾਂ ‘ਤੇ ਲੜਕੀ ਉਤੇ ਅਤਿਆਚਾਰ ਕਰਨ ਵਾਲੇ ਦੋ ਪੁਲੀਸ ਮੁਲਾਜ਼ਮਾਂ ਨੂੰ ਉਸੇ ਵੇਲੇ ਬਰਤਰਫ਼ ਕਰ ਦਿੱਤਾ ਗਿਆ ਸੀ ਅਤੇ ਚਾਰ ਹੋਰ ਪੁਲੀਸ ਮੁਲਾਜ਼ਮਾਂ ਸਮੇਤ ਛੇ ਜਣਿਆਂ ਵਿਰੁੱਧ ਫ਼ੌਜਦਾਰੀ ਕੇਸ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਬਰਤਰਫ਼ ਮੁਲਾਜ਼ਮ ਅਦਾਲਤ ਰਾਹੀਂ ਬਹਾਲ ਹੋ ਕੇ ਨੌਕਰੀਆਂ ‘ਤੇ ਹਾਜ਼ਰ ਹੋ ਗਏ।
ਪੀੜਤ ਲੜਕੀ ਨੇ ਕਿਹਾ ਕਿ ਉਹ ਇਨਸਾਫ਼ ਦੀਆਂ ਸਾਰੀਆਂ ਆਸਾਂ ਛੱਡ ਬੈਠੀ ਹੈ। ਉਸ ਦੇ ਘਰੋਂ ਸੀ.ਆਰ.ਪੀ.ਐਫ. ਦੀ  ਸੁਰੱਖਿਆ ਵਾਪਸ ਲੈ ਲਈ ਗਈ ਹੈ। ਇਸ ਕਾਂਡ ਦੀ ਵੀਡੀਓ ਬਣਾਉਣ ਵਾਲਾ ਫੋਟੋਗ੍ਰਾਫ਼ਰ ਜਗਜੀਤ ਸਿੰਘ ਆਪਣਾ ਕਾਰੋਬਾਰ ਤਬਾਹ ਕਰਵਾ ਬੈਠਾ ਹੈ। ਉਹ ਆਖਦਾ ਹੈ ਕਿ ਉਸ ਦੀ ਸੁਰੱਖਿਆ ਦੇਖ ਕੇ ਕੋਈ ਵੀ ਉਸ ਨੂੰ ਆਪਣੇ ਸਮਾਗਮ ਲਈ ਫੋਟੋਗ੍ਰਾਫੀ ਲਈ ਬੁੱਕ ਨਹੀਂ ਕਰਦਾ। ਇਸ ਤੋਂ ਇਲਾਵਾ ਕਰੀਬ ਢਾਈ ਸਾਲ ਪਹਿਲਾਂ ਇੱਥੇ ਇੱਕ ਮਹਿਲਾ ਸਿਵਲ ਜੱਜ ਦੇ ਘਰ ਹੋਈ ਚੋਰੀ ਸਬੰਧੀ ਜੱਜ ਦੇ ਘਰ ਕੰਮ ਕਰਦੀ ਇੱਕ ਦਲਿਤ ਮਹਿਲਾ ਅਮਰਜੀਤ ਕੌਰ ਵਾਸੀ ਕੈਰੋਵਾਲ ਨੂੰ ਕੇਸ ਵਿੱਚ ਫਸਾਉਣ ਖ਼ਿਲਾਫ਼ ਦਲਿਤ ਜਥੇਬੰਦੀਆਂ ਅੰਦੋਲਨ ਕਰਦੀਆਂ ਰਹੀਆਂ। ਸਰਹੱਦੀ ਪਿੰਡ ਮਹਿੰਦੀਪੁਰ ਦੇ ਇੱਕ ਦਲਿਤ ਵਿਅਕਤੀ ਦੇ ਗੁਪਤ ਅੰਗਾਂ ਵਿੱਚ ਮਿਰਚਾਂ ਪਾਉਣ ਦਾ ਮਾਮਲਾ ਵੀ ਚਰਚਾ ਵਿੱਚ ਰਿਹਾ। ਇਲਾਕੇ ਦੇ ਪਿੰਡ ਤੁੜ ਦੀ 14 ਸਾਲਾ ਦਲਿਤ ਲੜਕੀ ਨਾਲ ਪਿੰਡ ਦੇ ਇੱਕ ਸਾਬਕ ਸਰਪੰਚ ਅਤੇ ਉਸ ਦੇ ਲੜਕਿਆਂ ਵੱਲੋਂ ਕਥਿਤ ਤੌਰ ‘ਤੇ ਜਬਰ ਜਨਾਹ ਕੀਤਾ ਗਿਆ, ਪਰ ਪੀੜਤ ਧਿਰ ਨੂੰ ਇਨਸਾਫ਼ ਦੇਣ ਦੀ ਥਾਂ ਇੱਕ ਹੋਰ ਮਾਮਲੇ ਵਿੱਚ ਉਲਝਾ ਦਿੱਤਾ ਗਿਆ।
ਪਿੰਡ ਵੈਰੋਵਾਲ ਦੇ ਸਰਪੰਚ ਵੱਲੋਂ ਪਿੰਡ ਦੀ ਇਕ ਦਲਿਤ ਔਰਤ ਨਾਲ ਕੀਤੇ ਦੁਰਵਿਹਾਰ ਅਤੇ ਜਾਤੀ ਸੂਚਕ ਸ਼ਬਦਾਵਲੀ ਵਰਤੇ ਜਾਣ ਦੇ ਮਾਮਲੇ ਸਬੰਧੀ ਕਾਰਵਾਈ ਕੀਤੇ ਜਾਣ ਨੂੰ ਲੈ ਕੇ ਗੁਰੂ ਗਿਆਨ ਨਾਥ ਧਰਮ ਸਮਾਜ ਨੇ ਇੱਕ ਲੰਬਾ ਅੰਦਲੋਨ ਚਲਾਇਆ ਸੀ। ਇਸ ਮਾਮਲੇ ਵਿੱਚ ਗਵਾਹੀ ਦੇਣ ਵਾਲੇ ਪਿੰਡ ਵਾਸੀ ਕਰਮਜੀਤ ਸਿੰਘ ਨੂੰ ਕਸਬਾ ਖਡੂਰ ਸਾਹਿਬ ਵਿੱਚ ਘੇਰ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਬਹੁਜਨ ਸਮਾਜ ਪਾਰਟੀ ਦੇ ਆਗੂ ਤਰਸੇਮ ਸਿੰਘ ਅਹੀਰ ਨੇ ਇਲਾਕੇ ਵਿਚ ਵਾਪਰੀਆਂ ਅਜਿਹੀਆਂ ਘਟਨਾਵਾਂ ਪਿੱਛੇ ਹਾਕਮ ਧਿਰ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ। ਇਸ ਸਭ ਬਾਰੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਵਾਇਸ ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ ਨੇ ਡਾਢੀ ਨਾਰਾਜ਼ਗੀ ਜ਼ਾਹਰ ਕੀਤੀ ਹੈ।

ਅਜੈ ਕੁਮਾਰ ਦੇ ਕਾਤਲਾਂ ਨੂੰ ਹਾਲੇ ਤਕ ਨਹੀਂ ਮਿਲੀ ਸਜ਼ਾ
ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਵਿੱਚ 7 ਅਕਤੂਬਰ ਨੂੰ ਕਤਲ ਕੀਤੇ 17 ਸਾਲਾ ਨੌਜਵਾਨ ਅਜੈ ਕੁਮਾਰ ਦੇ ਸ਼ਰਧਾਂਜਲੀ ਸਮਾਗਮ ਵਿਚ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ, ਸਮਾਜ ਸੇਵਕਾਂ ਤੇ ਬੁੱਧੀਜੀਵੀਆਂ ਨੇ ਇਕ ਮੱਤ ਹੋ ਕੇ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕਰਦਿਆਂ ਸਮਾਜ ਨੂੰ ਸੁਧਾਰਨ ਲਈ ਲੋਕ ਪੱਖੀ ਨੀਤੀਆਂ ਤਿਆਰ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
‘ਅਜੈ ਕਤਲ ਕਾਂਡ ਸੰਘਰਸ਼ ਕਮੇਟੀ’ ਦੇ ਕਨਵੀਨਰ ਅਸ਼ੋਕ ਚੁੱਘ ਨੇ ਦੱਸਿਆ ਕਿ ਅਜੈ ਦੇ 17ਵੇਂ ਜਨਮ ਦਿਨ ‘ਤੇ  ਬੇਕਿਰਕੀ ਨਾਲ ਉਸ ਦਾ ਸਿਰਫ ਇਸ ਕਰ ਕੇ ਸ਼ਰਾਬ ਦੇ ਤਸਕਰਾਂ ਨੇ ਕਤਲ ਕਰ ਦਿੱਤਾ ਕਿ ਅਜੈ ਉਨ੍ਹਾਂ ਲਈ ਸ਼ਰਾਬ ਦੀ ਤਸਕਰੀ ਨਹੀਂ ਕਰਦਾ ਸੀ। ਅਕਾਲੀ ਦਲ ਦੇ ਹਲਕਾ ਮੁਕਤਸਰ ਦੇ ਇੰਚਾਰਜ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਿਹਾ ਕਿ ਅਜੈ ਦੇ ਕਤਲ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਦੁੱਖ ਹੈ ਤੇ ਛੇਤੀ ਹੀ ਉਹ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਉਣਗੇ। ਉਨ੍ਹਾਂ ਨੇ ਸਰਕਾਰ ਵੱਲੋਂ ਦੋ ਲੱਖ ਰੁਪਏ ਦਾ ਚੈੱਕ ਤੇ ਇੱਕ ਲੱਖ ਰੁਪਏ ਆਪਣੇ ਕੋਲੋਂ ਪੀੜਤ ਪਰਿਵਾਰ ਨੂੰ ਦਿੱਤੇ ਤੇ ਵਾਅਦਾ ਕੀਤਾ ਕਿ ਉਹ ਇਸ ਪਰਿਵਾਰ ਦੇ ਇੱਕ ਜੀਅ ਦੀ ਨੌਕਰੀ ਵਾਸਤੇ ਵੀ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਅਜੈ ਦੇ ਪਿਤਾ ਜੱਜ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਤਾਂ ਵਾਪਸ ਨਹੀਂ ਆ ਸਕਦਾ ਪਰ ਜੇ ਦੋਸ਼ੀਆਂ ਨੂੰ ਸਜ਼ਾ ਮਿਲ ਜਾਵੇ ਤਾਂ ਉਨ੍ਹਾਂ ਦਾ ਕਾਨੂੰਨ ਵਿੱਚ ਭਰੋਸਾ ਬਣਿਆ ਰਹੇਗਾ।
ਇਸ ਮੌਕੇ ਵਿਧਾਇਕਾ ਕਰਨ ਕੌਰ ਬਰਾੜ, ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਸੁਖਦਰਸ਼ਨ ਸਿੰਘ ਮਰਾੜ੍ਹ, ਜਗਜੀਤ ਸਿੰਘ ਹਨੀ ਫੱਤਣਵਾਲਾ, ‘ਆਪ’ ਉਮੀਦਵਾਰ ਜਗਦੀਪ ਸਿੰਘ ਕਾਕਾ, ਲੋਕ ਜਨ ਸ਼ਕਤੀ ਪਾਰਟੀ ਦੇ ਬਲਦੇਵ ਸਿੰਘ ਅਤੇ ਕਾਂਗਰਸ ਦੇ ਐਸ. ਸੀ. ਵਿੰਗ ਦੇ ਚੇਅਰਮੈਨ ਚੌਧਰੀ ਰਵਿੰਦਰ ਕੁਮਾਰ ਰੋਜ਼ੀ ਨੇ ਪੁਲੀਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ। ਸੰਘਰਸ਼ ਕਮੇਟੀ ਦੇ ਬੁਲਾਰੇ ਹਰਦੀਪ ਸਿੰਘ ਬੀਤਾ ਨੇ ਦੱਸਿਆ ਕਿ ਕੇਸ ਦਰਜ ਕਰਾਉਣ ਤੋਂ ਲੈ ਕੇ ਸ਼ਰਧਾਂਜਲੀ ਸਮਾਰੋਹ ਤੱਕ  ਸਾਰਾ ਖਰਚਾ ਲੋਕਾਂ ਦੀ ਮਦਦ ਨਾਲ ਹੋਇਆ ਹੈ।

ਸ਼ਰਾਬ ਮਾਫ਼ੀਆ ਨੇ ਪੰਜਾਬ ਤਬਾਹ ਕੀਤਾ : ਜਾਖੜ
ਜਲੰਧਰ : ਸ਼ਰਾਬ ਮਾਫ਼ੀਆ ਵੱਲੋਂ ਕਤਲ ਕੀਤੇ ਗਏ ਮੁਨੀਸ਼ ਲੂਥਰਾ ਦੇ ਘਰ ਦੁੱਖ ਪ੍ਰਗਟਾਉਣ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀਆਂ ਦੀ ਕਥਿਤ ਸ਼ਹਿ ਨਾਲ ਸ਼ਰਾਬ ਮਾਫ਼ੀਆ ਵੱਲੋਂ ਕੀਤੇ ਜਾ ਰਹੇ ਕਤਲਾਂ ਕਰ ਕੇ ਪੰਜਾਬ ‘ਬੁੱਚੜਖਾਨਾ’ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਤਲਾਂ ਦੇ ਮਾਮਲਿਆਂ ਸਬੰਧੀ ਢਿੱਲੀ ਕਾਰਵਾਈ ਲਈ ਸਬੰਧਤ ਥਾਣੇਦਾਰਾਂ ਵਿਰੁੱਧ ਕੇਸ ਦਰਜ ਕੀਤੇ ਜਾਣੇ ਚਾਹੀਦੇ ਹਨ ਤੇ ਕਤਲਾਂ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜਲੰਧਰ, ਮਾਨਸਾ, ਮੁਕਤਸਰ ਤੇ ਅਬੋਹਰ ਵਿੱਚ ਸ਼ਰਾਬ ਮਾਫ਼ੀਆ ਵੱਲੋਂ ਕੀਤੇ ਗਏ ਕਤਲਾਂ ਸਬੰਧੀ ਕਾਰਵਾਈ ਲਈ ਪੁਲੀਸ ਦੇਰ ਨਾਲ ਪੁੱਜੀ ਜਾਂ ਫਿਰ ਐਫ.ਆਈ.ਆਰ ਨਾਲ ਕਥਿਤ ਤੌਰ ‘ਤੇ ਛੇੜਛਾੜ ਕੀਤੀ ਗਈ।
ਸ੍ਰੀ ਜਾਖੜ ਨੇ ਕਿਹਾ ਕਿ ਸ਼ਰਾਬ ਮਾਫ਼ੀਆ ਵੱਲੋਂ ਪੈਦਾ ਕੀਤੀ ਜਾ ਰਹੀ ਦਹਿਸ਼ਤ ਵਿੱਚ ਭਾਜਪਾ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਦੀ ਥਾਂ ਚੁੱਪ ਵੱਟੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸੱਤਾ ਵਿੱਚ ਅਕਾਲੀਆਂ ਨਾਲ ਭਾਈਵਾਲ ਹੈ ਤੇ ਨਾ ਬੋਲਣ ਕਾਰਨ ਅਕਾਲੀਆਂ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਵਿੱਚ ਭਾਜਪਾ ਵੀ ਸ਼ਾਮਲ ਹੈ।
ਪ੍ਰਧਾਨ ਮੰਤਰੀ ਦੀ ਲੁਧਿਆਣਾ ਫੇਰੀ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਚਿੱਟਾ ਰਾਵਣ ਫੂਕਿਆ ਜਾਵੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸ਼ਰਾਬ ਮਾਫ਼ੀਆਂ ਹੱਥੋਂ ਮਾਰੇ ਗਏ ਪੁੱਤਾਂ ਦੀਆਂ ਮਾਂਵਾਂ ਦੀ ‘ਮਨ ਕੀ ਬਾਤ’ ਸੁਣ ਲੈਣ। ਸ੍ਰੀ ਜਾਖੜ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੀੜਤ ਪਰਿਵਾਰਾਂ ਦੇ ਘਰਾਂ ਨਾ ਮੁੱਖ ਮੰਤਰੀ ਗਏ ਹਨ ਤੇ ਨਾ ਹੀ ਉਪ ਮੁੱਖ ਮੰਤਰੀ। ਇਸ ਮੌਕੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਜਗਬੀਰ ਸਿੰਘ ਬਰਾੜ ਤੇ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਵੀ ਉਨ੍ਹਾਂ ਨਾਲ ਸਨ।

ਪੰਜਾਬ ਵਿਚ ਜੰਗਲ ਤੇ ਸ਼ਰਾਬ ਮਾਫ਼ੀਏ ਦਾ ਰਾਜ : ਭਗਵੰਤ ਮਾਨ
ਸੰਗਰੂਰ : ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਥੇ ਰੈਸਟ ਹਾਊਸ ਵਿੱਚ ਕਿਹਾ ਕਿ ਪੰਜਾਬ ਵਿੱਚ ਦਲਿਤਾਂ ‘ਤੇ ਹੋ ਰਹੇ ਅੱਤਿਆਚ ਇਹ ਸਾਬਤ ਕਰਦੇ ਹਨ ਕਿ ਪੰਜਾਬ ਵਿੱਚ ਜੰਗਲ ਅਤੇ ਸ਼ਰਾਬ ਮਾਫ਼ੀਆ ਦਾ ਰਾਜ ਹੈ। ਨਫ਼ਰਤ ਦੀ ਰਾਜਨੀਤੀ ਦਾ ਜ਼ੋਰ ਕਮਜ਼ੋਰ ਦਲਿਤ ਵਰਗ ਉਪਰ ਚੱਲ ਰਿਹਾ ਹੈ, ਜਿਸ ਲਈ ਸੂਬੇ ਦਾ ਗ੍ਰਹਿ ਮੰਤਰੀ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ।
ਸ੍ਰੀ ਮਾਨ ਨੇ ਕਿਹਾ ਕਿ ਪਹਿਲਾਂ ਅਬੋਹਰ ਵਿਚ ਦਲਿਤ ਨੌਜਵਾਨ ਭੀਮ ਟਾਂਕ ਦਾ ਕਤਲ ਹੋਇਆ ਅਤੇ ਹੁਣ ਮਾਨਸਾ ਵਿੱਚ ਦਲਿਤ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਜਲੰਧਰ ਵਿੱਚ ਵੀ ਅਜਿਹੀ ਘਟਨਾ ਵਾਪਰ ਚੁੱਕੀ ਹੈ। ਸ਼ਰਾਬ ਮਾਫ਼ੀਆ ਵੱਲੋਂ ਸ਼ਰ੍ਹੇਆਮ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਤਹਿਸ ਨਹਿਸ ਹੋ ਚੁੱਕੀ ਹੈ। ਜਮਹੂਰੀ ਢੰਗ ਨਾਲ ਹੱਕ ਮੰਗਦੇ ਨੌਜਵਾਨਾਂ ਉਪਰ ਪੁਲੀਸ ਤਸ਼ੱਦਦ ਹੀ ਨਹੀਂ ਹੋ ਰਿਹਾ ਸਗੋਂ ਕੁੱਟਣ ਤੋਂ ਬਾਅਦ ਉਨ੍ਹਾਂ ਉਪਰ ਇਰਾਦਾ ਕਤਲ ਵਰਗੇ ਦੋਸ਼ ਲਗਾ ਕੇ ਉਨ੍ਹਾਂ ਨੂੰ ਜੇਲ੍ਹੀਂ ਡੱਕਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 23 ਤੋਂ 25 ਅਕਤੂਬਰ ਤੱਕ ਪੰਜਾਬ ਦੌਰੇ ‘ਤੇ ਆ ਰਹੇ ਹਨ ਅਤੇ 23 ਅਕਤੂਬਰ ਨੂੰ ਲੁਧਿਆਣਾ ਵਿੱਚ ਵਪਾਰੀ ਵਰਗ ਨਾਲ ਸਬੰਧਤ ਚੋਣ ਮਨੋਰਥ ਪੱਤਰ ਜਾਰੀ ਕਰਨਗੇ। ਸੰਸਦ ਮੈਂਬਰ ਨੇ ਕਿਹਾ ਕਿ ‘ਆਪ’ ਵਲੋਂ ਇੱਕ ਮਹੀਨੇ ਦੇ ਅੰਦਰ ਅੰਦਰ ਬਾਕੀ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਕੇ ਕੁੱਲ 117 ਹਲਕੇ ਮੁਕੰਮਲ ਕਰ ਲਏ ਜਾਣਗੇ।
ਉਨ੍ਹਾਂ ਨੇ ਹਾਈ ਕਮਾਡ ਕੋਲ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਖ਼ਿਲਾਫ਼ ਵਿਧਾਨ ਸਭਾ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ ਹੈ। ਜੇ ਪਾਰਟੀ ਦਾ ਹੁਕਮ ਹੋਇਆ ਤਾਂ ਉਹ ਚੋਣ ਮੈਦਾਨ ਵਿੱਚ ਆਉਣਗੇ।

ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਵਲੋਂ ਦਲਿਤ ਨੌਜਵਾਨ ਦੀ ਕੁੱਟਮਾਰ, ਗੰਭੀਰ ਜ਼ਖ਼ਮੀ
ਸੰਗਰੂਰ :  ਇੱਥੇ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਨੇ ਇੱਕ ਦਲਿਤ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ। ਜ਼ਖ਼ਮੀ ਨੌਜਵਾਨ ਨੂੰ ਇੱਥੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਪਟਿਆਲਾ  ਰੈਫਰ ਕਰ ਦਿੱਤਾ। ਇੱਥੇ ਸਿਵਲ ਹਸਪਤਾਲ ਵਿੱਚ ਪੀੜਤ ਦੇ ਭਰਾ ਪ੍ਰਦੀਪ ਕੁਮਾਰ ਵਾਸੀ ਡਾ. ਅੰਬੇਦਕਰ ਨਗਰ ਸੰਗਰੂਰ ਨੇ ਦੱਸਿਆ ਕਿ ਉਸ ਦਾ ਭਰਾ ਬਿੱਟੂ ਸਕੂਟਰ ‘ਤੇ ਘਰ ਆ ਰਿਹਾ ਸੀ। ਉਹ ਜਦੋਂ ਉਪਲੀ ਰੋਡ ‘ਤੇ ਮੈਗਨਮ ਪੈਲੇਸ ਨੇੜੇ ਪੁੱਜਿਆ ਤਾਂ ਇੱਕ ਗੱਡੀ ਵਿੱਚ ਸਵਾਰ ਸ਼ਰਾਬ ਠੇਕੇਦਾਰਾਂ ਦੇ ਚਾਰ ਕਰਿੰਦਿਆਂ ਨੇ ਸਕੂਟਰ ਨੂੰ ਫੇਟ ਮਾਰ ਕੇ ਬਿੱਟੂ ਨੂੰ ਹੇਠਾਂ ਸੁੱਟ ਦਿੱਤਾ। ਉਨ੍ਹਾਂ ਬਿੱਟੂ ‘ਤੇ ਸ਼ਰਾਬ ਤਸਕਰੀ ਦੇ ਦੋਸ਼ ਲਾਉਂਦਿਆਂ ਸਕੂਟਰ ਦੀ ਤਲਾਸ਼ੀ ਲਈ। ਜਦੋਂ ਸਕੂਟਰ ਵਿੱਚੋਂ ਕੁੱਝ ਨਾ ਮਿਲਿਆ ਤਾਂ ਕਰਿੰਦਿਆਂ ਨੇ ਬਿੱਟੂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਹਮਲਾਵਰ ਬਿੱਟੂ ਨੂੰ ਜ਼ਖ਼ਮੀ ਹਾਲਤ ਵਿੱਚ ਚੁੱਕ ਕੇ ਲੈ ਗਏ ਅਤੇ ਸ਼ਹਿਰ ਵਿੱਚ ਮਦਨਜੀਤ ਦੀ ਕੋਠੀ ਨਜ਼ਦੀਕ ਸੁੱਟ ਦਿੱਤਾ। ਲਹੂ-ਲੁਹਾਣ ਹੋਏ ਬਿੱਟੂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ।
ਪ੍ਰਦੀਪ ਕੁਮਾਰ ਨੇ ਦੱਸਿਆ ਕਿ ਸ਼ਰਾਬ ਠੇਕੇਦਾਰਾਂ ਦੇ ਕਰਿੰਦੇ ਪਿਛਲੇ ਕਈ ਦਿਨਾਂ ਤੋਂ ਬਿੱਟੂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ ਅਤੇ ਘਰ ਵਿੱਚ ਜਬਰੀ ਦਾਖ਼ਲ ਹੋ ਕੇ ਤਲਾਸ਼ੀ ਵੀ ਲੈ ਚੁੱਕੇ ਹਨ ਪਰ ਬਿੱਟੂ ਦੇ ਘਰੋਂ ਸ਼ਰਾਬ ਬਰਾਮਦ ਨਹੀਂ ਹੋਈ। ਇਸ ਦੇ ਬਾਵਜੂਦ ਕਰਿੰਦਿਆਂ ਨੇ ਬਿੱਟੂ ਦਾ ਪਿੱਛਾ ਨਹੀਂ ਛੱਡਿਆ। ਇਸ ਸਬੰਧੀ ਥਾਣਾ ਸਿਟੀ ਪੁਲੀਸ ਦੇ ਇੰਚਾਰਜ ਹਰਿੰਦਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਬਿੱਟੂ ਦੇ ਬਿਆਨ ਦਰਜ ਕਰਨ ਲਈ ਪੁਲੀਸ ਪਾਰਟੀ ਹਸਪਤਾਲ ਗਈ ਸੀ ਪਰ ਡਾਕਟਰਾਂ ਨੇ ਅਜੇ ਉਸ ਨੂੰ ਬਿਆਨ ਦੇਣ ਯੋਗ ਨਾ ਦੱਸਦਿਆਂ  ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬਿਆਨ ਦਰਜ ਕਰਨ ਤੋਂ ਬਾਅਦ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।