ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ‘ਤੇ ਚੁੱਪ ਛਾ ਜਾਣ ਮਗਰੋਂ ਭਾਈ ਸੂਰਤ ਸਿੰਘ ਖ਼ਾਲਸਾ ਇਕੱਲੇ ਪਏ

ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ‘ਤੇ ਚੁੱਪ ਛਾ ਜਾਣ ਮਗਰੋਂ ਭਾਈ ਸੂਰਤ ਸਿੰਘ ਖ਼ਾਲਸਾ ਇਕੱਲੇ ਪਏ

ਮੁੱਲਾਂਪੁਰ-ਦਾਖਾ/ਬਿਊਰੋ ਨਿਊਜ਼ :
ਦੇਸ਼ ਦੀਆਂ ਵੱਖੋ-ਵੱਖ ਜੇਲ੍ਹਾਂ ਅੰਦਰ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਭਾਈ ਸੂਰਤ ਸਿੰਘ ਖਾਲਸਾ ਦੁਆਰਾ ਸੰਘਰਸ਼ ਨੂੰ ਜਾਰੀ ਰੱਖਣ ਲਈ 13 ਮੈਂਬਰੀ ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਗੁਰਦੀਪ ਸਿੰਘ ਬਠਿੰਡਾ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਸੀਨੀਅਰ ਮੀਤ ਪ੍ਰਧਾਨ ਵੱਸਣ ਸਿੰਘ ਜਫ਼ਰਵਾਲ ਵੱਲੋਂ ਯੂਨਾਈਟਿਡ ਅਕਾਲੀ ਦਲ ਦੀ ਮੀਟਿੰਗ ਸਮੇਂ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਮਾਮਲੇ ਪ੍ਰਤੀ ਚੁੱਪ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਧਾਰਮਿਕ ਆਗੂਆਂ ਦੀ ਹੱਲਾਸ਼ੇਰੀ ਨਾਲ ਸੰਘਰਸ਼ ਦੇ ਰਾਹ ਪਿਆ ਭਾਈ ਸੂਰਤ ਸਿੰਘ ਖਾਲਸਾ ਇਕੱਲਾ ਪੈ ਗਿਆ। ਜਲੰਧਰ ਵਿਚ ਯੂਨਾਈਟਿਡ ਅਕਾਲੀ ਦਾ ਨਵਾਂ ਜਥੇਬੰਦਕ ਢਾਂਚਾ ਐਲਾਨਣ ਉਪਰੰਤ ਪ੍ਰੈੱਸ ਕਾਨਫਰੰਸ ਸਮੇਂ ਧਰਮ ਯੁੱਧ ਮੋਰਚੇ ਦੀ ਵਰ੍ਹੇਗੰਢ, ਸਤਲੁਜ-ਯਮੁਨਾ ਸੰਪਰਕ ਨਹਿਰ ਮਾਮਲਾ, ਕੇਂਦਰ ਵੱਲੋਂ ਸਿੱਖਾਂ ਨਾਲ ਆਜ਼ਾਦੀ ਵੇਲੇ ਕੀਤੇ ਵਾਅਦੇ ਪੂਰੇ ਕਰਵਾਉਣ, ਕਈ ਹੋਰ ਮੰਗਾਂ ਦਾ ਐਲਾਨ ਤਾਂ ਹੋਇਆ, ਪਰ ਗੁਰਦੀਪ ਸਿੰਘ ਬਠਿੰਡਾ ਦੀ ਹਾਜ਼ਰੀ ਵਿਚ ਹੋਈ ਪ੍ਰੈੱਸ ਕਾਨਫਰੰਸ ਸਮੇਂ ਬੰਦੀ ਸਿੰਘਾਂ ਦੀ ਰਿਹਾਈ ਲਈ 16 ਜਨਵਰੀ 2015 ਤੋਂ ਭੁੱਖ ਹੜਤਾਲ ਉੱਪਰ ਬੈਠੇ ਭਾਈ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਬਾਰੇ ਕੋਈ ਖੁਲਾਸਾ ਨਹੀਂ ਹੋਇਆ, ਜਦਕਿ ਉਪਰੋਕਤ ਸਿੱਖ ਆਗੂ ਬੰਦੀ ਸਿੰਘਾਂ ਦੀ ਰਿਹਾਈ ਲਈ ਸੂਰਤ ਸਿੰਘ ਖਾਲਸਾ ਦੁਆਰਾ ਵਿੱਢੇ ਸੰਘਰਸ਼ ਦੇ ਮੋਹਰੀਆਂ ਵਿਚੋਂ ਸਨ। ਜਥੇਬੰਦੀ ਦਾ ਇਹ ਸੰਘਰਸ਼ ਜੇਕਰ ਫਿੱਕਾ ਨਾ ਪੈਂਦਾ ਤਾਂ 1990 ਤੋਂ ਜ਼ੇਲ ਦੀਆਂ ਵੱਖ-ਵੱਖ ਕਾਲ ਕੋਠੜੀਆਂ ਵਿਚ ਬੰਦ ਸਿੱਖ ਕੈਦੀਆਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਵੱਧ ਜਾਣੀ ਸੀ।