ਕਾਬੁਲ ਹਵਾਈ ਅੱਡੇ ਉਪਰ ਫਿਰ ਹੋ ਸਕਦਾ ਹੈ ਛੇਤੀ ਹਮਲਾ-ਬਾਈਡਨ

ਕਾਬੁਲ ਹਵਾਈ ਅੱਡੇ ਉਪਰ ਫਿਰ ਹੋ ਸਕਦਾ ਹੈ ਛੇਤੀ ਹਮਲਾ-ਬਾਈਡਨ
ਕੈਪਸ਼ਨ:  ਹਮਲੇ ਤੋਂ ਇਕ ਹਫਤਾ ਪਹਿਲਾਂ ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਉਪਰ ਇਕ ਬੱਚਾ ਚੁੱਕੀ ਨਜਰ ਆ ਰਹੀ ਸਾਰਜੈਂਟ ਨਿਕੋਲ ਜੀ।

* ਧਮਾਕਿਆਂ ਵਿਚ ਮਾਰੇ ਗਏ ਅਮਰੀਕੀ ਫੌਜੀਆਂ ਦੀ ਹੋਈ ਪਛਾਣ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟ : (ਹੁਸਨ ਲੜੋਆ ਬੰਗਾ) - ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਚਿਤਾਵਨੀ ਦਿੱਤੀ ਹੈ ਕਿ ਕਾਬੁਲ ਹਵਾਈ ਅੱਡੇ ਉਪਰ ਬਹੁਤ ਛੇਤੀ ਹਮਲਾ ਹੋਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਅਗਲੇ ਕੁਝ ਘੰਟਿਆਂ ਵਿਚ ਕਾਬੁਲ ਹਵਾਈ ਅੱਡੇ ਨੂੰ ਨਿਸ਼ਾਨ ਬਣਾਇਆ ਜਾ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਵੱਲੋਂ   ਇਹ ਚਿਤਾਵਨੀ ਪੈਂਟਾਗਨ ਦੁਆਰਾ ਕਾਬੁਲ ਹਵਾਈ ਅੱਡੇ ਉਪਰ ਮਾਰੇ ਗਏ 13 ਅਮਰੀਕੀ ਸੈਨਿਕਾਂ ਦੀ ਸ਼ਨਾਖਤ ਕਰ ਲੈਣ ਦੇ ਬਿਆਨ ਉਪਰੰਤ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਕ ਬਿਆਨ ਵਿਚ ਰਾਸ਼ਟਰਪਤੀ ਨੇ ਕਿਹਾ ਸੀ ਕਿ ਕਾਬੁਲ ਹਵਾਈ ਅੱਡੇ ਉਪਰ ਹਮਲੇ ਲਈ ਜਿੰਮੇਵਾਰ ਆਈ ਐਸ ਆਈ ਐਸ-ਕੇ ਵਿਰੁੱਧ ਜਵਾਬੀ ਕਾਰਵਾਈ ਕਰਦਿਆਂ ਅਮਰੀਕੀ ਕਮਾਂਡਰਾਂ ਵੱਲੋਂ ਕੀਤੇ ਡਰੋਨ ਹਮਲੇ ਵਿਚ ਆਈ ਐਸ ਆਈ ਐਸ-ਕੇ ਦਾ ਇਕ ਮੈਂਬਰ ਮਾਰਿਆ ਗਿਆ ਹੈ ਤੇ ਇਕ ਜ਼ਖਮੀ ਹੋ ਗਿਆ ਹੈ।  ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਇਸ ਹਮਲੇ ਵਿਚ ਕਿਸੇ ਵੀ ਆਮ ਨਾਗਰਿਕ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਰਾਸ਼ਟਰਪਤੀ ਨੇ ਕਿਹਾ ਕਿ ਆਈ ਐਸ ਆਈ ਐਸ-ਕੇ ਵਿਰੁੱਧ ਹੋਰ ਹਮਲੇ ਕੀਤੇ ਜਾਣਗੇ। ਉਨਾਂ ਨੇ ਕੌਮੀ ਸੁਰੱਖਿਆ ਟੀਮ ਨਾਲ ਮੀਟਿੰਗ ਉਪਰੰਤ ਕਿਹਾ '' ਇਹ ਹਮਲਾ ਆਖਰੀ ਨਹੀਂ ਹੈ। ਕਾਬੁਲ ਹਵਾਈ ਅੱਡੇ ਉਪਰ ਹੋਏ ਘਿਣਾਉਣੇ ਹਮਲੇ ਵਿੱਚ ਸ਼ਾਮਲ ਹਰ ਵਿਅਕਤੀ ਨੂੰ ਲੱਭਿਆ ਜਾਵੇਗਾ ਤੇ ਉਸ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।'' ਰਾਸ਼ਟਰਪਤੀ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਹਾਲਾਤ ਬਹੁਤ ਖਤਰਨਾਕ ਹਨ ਤੇ ਮਿਲਟਰੀ ਕਮਾਂਡਰਾਂ ਨੇ ਮੈਨੂੰ ਦਸਿਆ ਹੈ ਕਿ ਅਗਲੇ 24 ਤੋਂ 36 ਘੰਟਿਆਂ ਵਿਚ ਹਵਾਈ ਅੱਡੇ ਉਪਰ ਹੋਰ ਹਮਲਾ ਹੋ ਸਕਦਾ ਹੈ। ਉਨਾਂ ਕਿਹਾ ਕਿ ਕਾਬੁਲ ਵਿਚ ਮਾੜੇ ਹਾਲਾਤ ਦੇ ਬਾਵਜੂਦ ਅਸੀਂ ਅਮਰੀਕੀ ਨਾਗਰਿਕਾਂ ਤੇ ਹੋਰ ਲੋਕਾਂ ਨੂੰ ਉਥੋਂ ਕੱਢਣਾ ਜਾਰੀ ਰਖਾਂਗੇ। ਬੀਤੇ ਦਿਨ ਅਮਰੀਕੀ ਹਵਾਈ ਜਹਾਜ਼ 6800 ਲੋਕਾਂ ਨੂੰ ਕਾਬੁਲ ਵਿਚੋਂ ਕੱਢ ਕੇ ਲਿਆਏ ਹਨ। 
ਸੈਕਰਾਮੈਂਟੋ ਦੀ ਫੌਜਣ ਵੀ ਸ਼ਹੀਦਾਂ ਵਿਚ ਸ਼ਾਮਿਲ-
ਕਾਬੁਲ ਹਵਾਈ ਅੱਡੇ ਉਪਰ ਹੋਏ ਧਮਾਕਿਆਂ ਵਿਚ ਸ਼ਹੀਦ ਹੋਣ ਵਾਲੇ ਅਮਰੀਕੀ ਫੌਜੀਆਂ ਵਿਚ ਸੈਕਰਾਮੈਂਟੋ, ਕੈਲੀਫੋਰਨੀਆ ਦੀ ਰਹਿਣ ਵਾਲੀ ਸਾਰਜੈਂਟ ਨਿਕੋਲ ਜੀ ਵੀ ਸ਼ਾਮਿਲ ਹੈ। ਇਕ ਹਫਤਾ ਪਹਿਲਾਂ 23 ਸਾਲਾ ਜੀ ਨੇ ਇੰਸਟਾਗਰਾਮ ਉਪਰ ਆਪਣੀ ਇਕ ਫੋਟੋ ਪਾਈ ਸੀ ਜਿਸ ਵਿਚ ਉਹ ਕਾਬੁਲ ਹਵਾਈ ਅੱਡੇ ਉਪਰ ਇਕ ਬੱਚਾ ਚੁੱਕੀ ਹੋਈ ਨਜਰ ਆ ਰਹੀ ਹੈ। ਉਸ ਨੇ ਲਿਖਿਆ ਸੀ 'ਮੈ ਆਪਣੀ ਨੌਕਰੀ ਨੂੰ ਪਿਆਰ ਕਰਦੀ ਹਾਂ'। ਜੀ ਉਤਰੀ ਕੈਰੋਲੀਨਾ ਵਿਚ ਲੇਜੇਉਨ ਕੈਂਪ ਵਿਖੇ 24 ਵੀਂ ਮੈਰੀਨ ਐਕਸਪੀਡੀਸ਼ਨਰੀ ਯੁਨਿਟ ਵਿਚ ਟੈਕਨੀਸ਼ੀਅਨ ਵਜੋਂ ਵੀ ਤਾਇਨਾਤ ਰਹੀ ਹੈ। ਕੈਲੀਫੋਰਨੀਆ ਦੇ ਘੱਟੋ ਘੱਟ 3 ਹੋਰ ਫੌਜੀ ਕਾਬੁਲ ਦੇ ਹਵਾਈ ਅੱਡੇ ਉਪਰ ਹੋਏ ਹਮਲੇ ਵਿਚ ਸ਼ਹੀਦ ਹੋਏ ਹਨ।

ਕੈਪਸ਼ਨ:  ਹਮਲੇ ਤੋਂ ਇਕ ਹਫਤਾ ਪਹਿਲਾਂ ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਉਪਰ ਇਕ ਬੱਚਾ ਚੁੱਕੀ ਨਜਰ ਆ ਰਹੀ ਸਾਰਜੈਂਟ ਨਿਕੋਲ ਜੀ।