ਕਿਸਾਨੀ ਸੰਘਰਸ਼: 'ਸ਼ਬਦਾਂ' ਦਾ ਬਿਰਤਾਂਤ ਵੀ ਤੋੜਿਆ ਜਾਵੇ

ਕਿਸਾਨੀ ਸੰਘਰਸ਼: 'ਸ਼ਬਦਾਂ' ਦਾ ਬਿਰਤਾਂਤ ਵੀ ਤੋੜਿਆ ਜਾਵੇ

ਮਲਕੀਤ ਸਿੰਘ ਭਵਾਨੀਗੜ੍ਹ 

ਮੌਜੂਦਾ ਕਿਸਾਨੀ ਸੰਗਰਸ਼ ਦੀ ਵੱਡੀ ਪ੍ਰਾਪਤੀ ਅਤੇ ਖੂਬਸੂਰਤੀ ਇਹ ਹੈ ਕਿ ਇਸ ਸੰਘਰਸ਼ ਦੀ ਅਸਲ ਅਗਵਾਈ ਸੰਗਤ ਕਰਦੀ ਆ ਰਹੀ ਹੈ ਅਤੇ ਹੁਣ ਤੱਕ ਸਰਕਾਰ ਵੱਲੋਂ ਆਪਣੇ ਬਿਰਤਾਂਤ ਸਿਰਜਣ ਦੇ ਸਾਰੇ ਯਤਨ ਸੰਗਤ ਨੇ ਢਹਿ-ਢੇਰੀ ਕਰ ਦਿੱਤੇ ਹਨ ਪਰ ਕੁਝ ਬਿਰਤਾਂਤ ਅਜਿਹੇ ਹੁੰਦੇ ਹਨ ਜਿਹੜੇ ਸਹਿਜੇ ਸਾਡੀ ਪਕੜ 'ਚ ਨਹੀਂ ਆਉਂਦੇ, ਅਜਿਹੇ ਬਿਰਤਾਂਤ ਕਈ ਵਾਰ ਦਿਸਦੇ ਅਤੇ ਸੌਖੇ ਰੂਪ 'ਚ ਸਮਝ ਆਉਣ ਵਾਲੇ ਬਿਰਤਾਂਤਾਂ ਤੋਂ ਵੀ ਜਿਆਦਾ ਖਤਰਨਾਕ ਹੁੰਦੇ ਹਨ। ਅਹਿਮ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਬਿਰਤਾਂਤ ਸ਼ਬਦਾਂ ਰਾਹੀਂ ਸਿਰਜੇ ਜਾਂਦੇ ਹਨ ਜਿਹੜੇ ਸਰਕਾਰਾਂ ਨੂੰ ਤਾਂ ਰਾਸ ਆਉਂਦੇ ਹੀ ਹਨ ਸਗੋਂ ਸਾਨੂੰ ਵੀ ਇਕ ਤਰ੍ਹਾਂ ਦੀ ਤਸੱਲੀ ਦੇਣ ਦਾ ਕੰਮ ਕਰ ਰਹੇ ਹੁੰਦੇ ਹਨ ਜਿਹੜੀ ਉਸ ਵਕਤ ਸਾਡੇ ਸ਼ਬਦਾਂ ਪਿੱਛੇ ਪਏ ਡਰ ਨੂੰ ਖਤਮ ਕਰਨ ਦਾ ਵਹਿਮ ਪਾਲ ਰਹੀ ਹੁੰਦੀ ਹੈ ਜੋ ਭਵਿੱਖ ਵਿੱਚ ਸਾਨੂੰ ਹੋਰ ਡਰੂ ਬਣਾਉਣ ਵਿੱਚ ਸਹਾਈ ਹੁੰਦੀ ਹੈ। ਇਸ ਤਰ੍ਹਾਂ ਦੇ ਬਿਰਤਾਂਤ ਦੇ ਪੱਖ 'ਚ ਖੜਨ ਵਾਲੇ ਜਰੂਰੀ ਨਹੀਂ ਕਿ ਬੇਈਮਾਨ ਹੀ ਹੋਣ ਸਗੋਂ ਇਮਾਨਦਾਰ ਬੰਦੇ ਵੀ ਕਈ ਵਾਰ ਇਸਦੀ ਲਪੇਟ 'ਚ ਆ ਜਾਂਦੇ ਹਨ। ਸੰਘਰਸ਼ ਦੇ ਮੌਜੂਦਾ ਪੜਾਅ ਉੱਤੇ 26 ਜਨਵਰੀ ਨੂੰ ਹੋਣ ਵਾਲੀ ਟ੍ਰੈਕਟਰ ਪਰੇਡ ਨੂੰ ਲੈ ਕੇ ਬਹੁਤ ਚਰਚਾ ਚੱਲ ਰਹੀ ਹੈ, ਪਿੰਡਾਂ-ਸ਼ਹਿਰਾਂ ਵਿੱਚ ਲੋਕ ਆਪਣੇ ਟ੍ਰੈਕਟਰ ਤਿਆਰ ਕਰ ਰਹੇ ਹਨ ਅਤੇ ਕਿਸਾਨ ਯੂਨੀਅਨਾਂ ਦੇ ਆਗੂ ਵੀ ਇਸ ਸਬੰਧੀ ਸਰਕਾਰ ਨਾਲ ਗੱਲਬਾਤ ਵਿੱਚ ਹਨ ਅਤੇ ਵੱਖ ਵੱਖ ਮੰਚਾਂ ਉੱਤੋਂ ਲਗਾਤਾਰ ਸੰਗਤ ਨੂੰ ਸੰਬੋਧਨ ਹੋ ਰਹੇ ਹਨ। ਕਾਫੀ ਸਮੇਂ ਤੋਂ ਕਿਸਾਨ ਯੂਨੀਅਨਾਂ ਦੇ ਕੁਝ ਆਗੂਆਂ ਵੱਲੋਂ ਇਹ ਗੱਲ ਦੁਹਰਾਈ ਅਤੇ ਪ੍ਰਚਾਰੀ ਜਾ ਰਹੀ ਹੈ ਕਿ ਹਿੰਸਕ ਨਾ ਹੋਇਓ, ਇਹ ਗੱਲ ਵਾਰ ਵਾਰ ਲੋਕਾਂ ਨੂੰ ਹੀ ਕਹੀ ਜਾ ਰਹੀ ਹੈ ਸਰਕਾਰ ਨੂੰ ਨਹੀਂ ਜਦੋਂ ਕਿ ਹਜੇ ਤੱਕ ਹਿੰਸਕ (ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲੇ ਆਦਿ) ਰਵਈਆ ਸਰਕਾਰ ਨੇ ਹੀ ਅਪਣਾਇਆ ਹੈ ਲੋਕਾਂ ਨੇ ਨਹੀਂ। ਇਹ ਗੱਲ ਵਿਚਾਰ ਦੀ ਮੰਗ ਕਰਦੀ ਹੈ ਕਿ ਸਰਕਾਰ ਦੀ ਥਾਂ ਲੋਕਾਂ ਨੂੰ ਇਹ ਗੱਲ ਕਹਿਣੀ ਕਿੰਨੀ ਕੁ ਸਹੀ ਹੈ ਅਤੇ ਇਸਦੇ ਕੀ ਅਰਥ ਬਣਦੇ ਹਨ।

ਹੁਣ ਤੱਕ ਦੇ ਸੰਘਰਸ਼ ਵਿਚੋਂ ਇਹ ਗੱਲ ਸਪੱਸ਼ਟ ਰੂਪ ਵਿੱਚ ਸਾਹਮਣੇ ਆਈ ਹੈ ਕਿ ਲੋਕ ਬਹੁਤ ਜ਼ਾਬਤੇ ਵਿੱਚ ਰਹਿ ਕੇ ਆਪਣੇ ਅਮਲ ਕਰ ਰਹੇ ਹਨ, ਹੁਣ ਤੱਕ ਕੋਈ ਵੀ ਕਾਰਵਾਈ ਇਸ ਤਰ੍ਹਾਂ ਦੀ ਨਹੀਂ ਹੋਈ ਜਿਸ ਨਾਲ ਪੰਜਾਬ ਦੇ ਕਿਰਦਾਰ ਉੱਤੇ ਕੋਈ ਸਵਾਲੀਆ ਚਿੰਨ੍ਹ ਲਗਦਾ ਹੋਵੇ ਅਤੇ ਦੂਸਰੇ ਪਾਸੇ ਸਰਕਾਰ ਦਾ ਇਸ ਸੰਘਰਸ਼ ਪ੍ਰਤੀ ਰਵਈਆ ਬਿਲੁਕਲ ਉਲਟਾ ਹੈ। ਭਾਵੇਂ ਸਰਕਾਰ ਵੱਲੋਂ ਕੋਈ ਵੀ ਸਿੱਧੇ ਰੂਪ ਵਿੱਚ ਵੱਡੀ ਗੜਬੜ ਹਾਲੀ ਨਹੀਂ ਕੀਤੀ ਪਰ ਵਾਰ ਵਾਰ ਫੌਜ ਅਤੇ ਪੁਲਸ ਦੀ ਧੌਂਸ ਵਿਖਾਉਣੀ, ਆਪਣੇ ਟ੍ਰੈਕਟਰ ਟਰਾਲੀਆਂ ਉੱਤੇ ਦਿੱਲੀ ਵੱਲ ਨੂੰ ਆਉਂਦੇ ਕਿਸਾਨਾਂ ਦਾ ਵੱਡੀਆਂ ਵੱਡੀਆਂ ਰੋਕਾਂ ਨਾਲ ਸਵਾਗਤ ਕਰਨਾ, ਹੁਣ ਵੀ ਵਾਰ ਵਾਰ ਮੋਰਚਿਆਂ ਉੱਤੇ ਬੈਠੀ ਸੰਗਤ ਨੂੰ ਅਤੇ ਮੀਟਿੰਗ ਕਰਨ ਗਏ ਕਿਸਾਨ ਆਗੂਆਂ ਨੂੰ ਆਪਣੀ ਤਾਕਤ ਦਾ ਪ੍ਰਗਟਾਵਾ ਕਰਨਾ ਆਦਿ। ਅਸੀਂ ਜਾਣਦੇ ਹਾਂ ਕਿ ਪੰਜਾਬ ਗੁਰਾਂ ਦੇ ਨਾਮ 'ਤੇ ਵੱਸਦਾ ਹੈ, ਇਹ ਦਰਵੇਸ਼ਾਂ ਅਤੇ ਪਾਤਸ਼ਾਹਾਂ ਦਾ ਦੇਸ਼ ਹੈ। ਦਿੱਲੀ ਤਖਤ ਸਾਮਰਾਜੀ ਹੈ, ਆਪਣੀ ਜਿੱਦ ਸਿਰਫ ਤਾਕਤ ਨਾਲ ਹੀ ਹਾਸਲ ਕਰਨ ਦਾ ਹਾਮੀ ਹੈ, ਸਾਰੀਆਂ ਵੱਖਰੀਆਂ ਪਹਿਚਾਣਾਂ ਨੂੰ ਖਤਮ ਕਰ ਕੇ ਇੱਕੋ ਨੇਸ਼ਨ ਬਣਾਉਣ ਲਈ ਹਰ ਸੰਭਵ ਸਾਧਨ ਦੀ ਵਰਤੋਂ ਕਰ ਰਿਹਾ ਹੈ, ਇਹ ਸਭ ਬਿਪਰ-ਸੰਸਕਾਰ ਵਿੱਚੋਂ ਹੀ ਉਪਜਿਆ ਹੈ। ਸਿੱਖ ਸਭਿਆਚਾਰ 'ਚ ਜੰਮਣ-ਪਲਣ ਵਾਲਾ ਸ਼ਖਸੀ ਤੌਰ ਉੱਤੇ ਭਾਵੇਂ ਕੋਈ ਬਹੁਤੇ ਉੱਚੇ ਕਿਰਦਾਰ ਵਾਲਾ ਨਾ ਵੀ ਹੋਵੇ ਪਰ ਸਮੂਹਿਕ ਅਮਲ 'ਚ ਸਿੱਖ ਉੱਚਾ ਕਿਰਦਾਰ ਹੀ ਰਖਦੇ ਹਨ ਅਤੇ ਬਿਪਰਵਾਦੀ ਸਭਿਆਚਾਰ 'ਚ ਜੰਮਣ-ਪਲਣ ਵਾਲਾ ਸ਼ਖਸੀ ਤੌਰ ਉੱਤੇ ਵਧੀਆ ਬੰਦਾ ਵੀ ਹੋਵੇ ਤਾਂ ਵੀ ਸਮੂਹਿਕ ਅਮਲ 'ਚ ਬਿਪਰ ਮਾਨਸਿਕਤਾ ਨੀਵੇ ਦਰਜੇ 'ਤੇ ਗਿਰ ਜਾਣ ਦਾ ਰੁਝਾਨ ਰੱਖਦੀ ਹੈ ਤਾਂ ਹੀ ਸਿੱਖਾਂ ਵੱਲੋਂ ਕਦੀ ਸਮੂਹਿਕ  ਕਤਲੇਆਮ, ਸਮੂਹਿਕ ਬਲਾਤਕਾਰ ਜਾਂ ਸਮੂਹਿਕ ਲੁੱਟ ਨਹੀ ਕੀਤੀ ਗਈ। ਦੂਜੇ ਪਾਸੇ, ਸਮੂਹਿਕ ਵਰਤਾਰਿਆਂ ਵਿੱਚ ਇਹ ਦੇਖਣ ਨੂੰ ਮਿਲਿਆ ਹੈ ਕਿ ਆਮ ਤੌਰ 'ਤੇ ਚੰਗਾ ਵਤੀਰਾ ਰੱਖਣ ਵਾਲੀ ਬਿਪਰ ਮਾਨਸਿਕਤਾ ਵੀ ਸਮੂਹਿਕ ਕਤਲੇਆਮ 'ਚ ਸਰਗਰਮ ਹੋ ਜਾਂਦੀ ਹੈ, ਘਰ ਵਿਚ ਚੁੱਲੇ ਨੂੰ ਅੱਗ ਲਾਉਣ ਤੋਂ ਕਤਰਾਉਣ ਵਾਲੇ ਨੇ ਵੀ ਕਿਸੇ ਦੇ ਗਲ 'ਚ ਟਾਇਰ ਪਾ ਕੇ ਅੱਗ ਲਾਉਣ ਤੋਂ ਸੰਕੋਚ ਨਹੀ ਕੀਤਾ। ਇਸ ਤੋਂ ਸਾਫ ਝਲਕਦਾ ਹੈ ਕਿ ਦਿੱਲੀ ਤਖਤ ਅਤੇ ਪੰਜਾਬ ਦੇ ਕਿਰਦਾਰ ਵਿੱਚ ਜਮੀਨ ਅਸਮਾਨ ਦਾ ਫਰਕ ਹੈ।

ਸਰਕਾਰ ਦੇ ਨੁਮਾਇੰਦਿਆਂ ਵੱਲੋਂ ਤਾਂ 26 ਜਨਵਰੀ ਦੀ ਪ੍ਰੇਡ ਲਈ ਪੰਜਾਬ ਦੇ ਕਿਸਾਨਾਂ ਲਈ ਕੋਈ ਵੀ ਅਜਿਹਾ ਸ਼ਬਦ ਨਹੀਂ ਵਰਤਿਆ ਜਾ ਰਿਹਾ ਪਰ ਕਿਸਾਨ ਆਗੂਆਂ ਵੱਲੋਂ ਲੋਕਾਂ ਨੂੰ ਅਜਿਹੇ ਸ਼ਬਦਾਂ ਨਾਲ ਸੰਬੋਧਨ ਹੋਣਾ ਪੰਜਾਬ ਦੇ ਲੋਕਾਂ ਦੀ ਬੇਇਜ਼ਤੀ ਦੇ ਤੁੱਲ ਹੈ, ਇਹ ਬਿਲਕੁਲ ਉਸ ਤਰ੍ਹਾਂ ਦੀ ਗੱਲ ਹੈ ਜਿਵੇਂ ਕਿਸੇ ਨੂੰ ਵਾਰ ਵਾਰ ਇਹ ਕਿਹਾ ਜਾਵੇ ਕਿ ਚੋਰੀ ਨਾ ਕਰੀਂ, ਝੂਠ ਨਾ ਬੋਲੀਂ, ਬੇਈਮਾਨੀ ਨਾ ਕਰੀਂ। ਸ਼ਾਂਤੀ 'ਚ ਰਹਿਣ ਦੀ ਥਾਂ ਹਿੰਸਾ ਨਾ ਕਰਨ ਲਈ ਕਹੀ ਜਾਣਾ, ਇਹਨਾਂ ਦੋਵਾਂ ਗੱਲਾਂ ਵਿੱਚ ਬਹੁਤ ਫਰਕ ਹੈ। ਅਸਲ ਵਿੱਚ ਇਹ ਅਮਲ ਅਸੁਰੱਖਿਆ ਅਤੇ ਡਰ ਵਿੱਚੋਂ ਸਰਕਾਰ ਦਾ ਬਿਰਤਾਂਤ ਅਪਣਾ ਲੈਣ ਦਾ ਅਮਲ ਹੈ। ਸ਼ਬਦਾਂ ਰਾਹੀਂ ਸਾਡੇ ਅੰਦਰ ਦੀ ਅਵਸਥਾ ਬਾਹਰ ਆਉਂਦੀ ਹੈ। ਪੰਜਾਬ ਦੇ ਕਿਸਾਨ ਆਗੂਆਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਆਗੂ ਹਨ ਅਤੇ ਪੰਜਾਬ ਦਾ ਕਿਰਦਾਰ ਹਿੰਸਕ ਨਹੀਂ ਹੈ। ਲੀਡਰਾਂ ਦੇ ਮੁਕਾਬਲਤਨ ਪੰਜਾਬ ਦੇ ਲੋਕਾਂ ਦੇ ਅਮਲ ਵਿੱਚ ਬਿਲਕੁਲ ਵੀ ਬਚਾਅ ਪੱਖ ਹਾਵੀ ਨਹੀਂ ਹੈ। ਇਹ ਗੱਲ ਪੰਜਾਬ ਦੇ ਲੋਕਾਂ ਵੱਲੋੰ ਵਰਤੇ ਜਾ ਰਹੇ ਇਸ਼ਤਿਹਾਰ, ਬੋਲੇ ਅਤੇ ਅਮਲ ਤੋਂ ਸਾਫ ਝਲਕ ਰਹੀ ਹੈ। ਸੰਘਰਸ਼ ਦੇ ਇਸ ਪੜਾਅ ਉੱਤੇ ਕਿਸਾਨ ਆਗੂਆਂ ਨੂੰ ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ ਕਿ ਲੋਕਾਂ ਦਾ ਪੂਰਾ ਸਾਥ ਉਹਨਾਂ ਨਾਲ ਹੈ, ਹੁਣ ਓਹਨਾਂ ਨੂੰ ਆਪਣੇ ਸਾਰੇ ਡਰ ਅਤੇ ਅਸੁਰੱਖਿਆ ਦੇ ਕਾਰਨ ਪਿੱਛੇ ਛੱਡ ਕੇ ਪੰਜਾਬ ਦੇ ਲੋਕਾਂ ਵਾਂਙ ਪੰਜਾਬ ਦੇ ਅਸਲ ਕਿਰਦਾਰ ਵਿੱਚ ਵਿਚਰਨਾ ਚਾਹੀਦਾ ਹੈ ਅਤੇ ਸਰਕਾਰ ਦੇ ਬਾਕੀ ਬਿਰਤਾਂਤਾਂ ਵਾਂਙ ਪੰਜਾਬ ਵਿਰੋਧੀ 'ਸ਼ਬਦਾਂ' ਬਿਰਤਾਂਤਾਂ ਨੂੰ ਅਪਨਾਉਣ ਦੀ ਥਾਂ ਤੋੜਨਾ ਚਾਹੀਦਾ ਹੈ।
..............