ਦਿੱਲੀ ਪੁਲਸ ਵੱਲੋਂ ਕਿਸਾਨ ਪਰੇਡ ਰੋਕਣ ਦੇ ਐਲਾਨ ਮਗਰੋਂ 26 ਜਨਵਰੀ ਨੂੰ ਟਕਰਾਅ ਦੀ ਸਥਿਤੀ ਬਣੀ

ਦਿੱਲੀ ਪੁਲਸ ਵੱਲੋਂ ਕਿਸਾਨ ਪਰੇਡ ਰੋਕਣ ਦੇ ਐਲਾਨ ਮਗਰੋਂ 26 ਜਨਵਰੀ ਨੂੰ ਟਕਰਾਅ ਦੀ ਸਥਿਤੀ ਬਣੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਦਿੱਲੀ ਪੁਲਸ ਨੇ 26 ਜਨਵਰੀ ਨੂੰ ਰਿੰਗ ਰੋਡ 'ਤੇ ਕਿਸਾਨ ਪਰੇਡ ਕਰਨ ਦੀ ਖੁੱਲ੍ਹ ਦੇਣ ਤੋਂ ਨਾਹ ਕਰ ਦਿੱਤੀ ਹੈ। ਦਿੱਲੀ ਪੁਲਸ ਦੇ ਇਸ ਫੈਂਸਲੇ ਤੋਂ ਬਾਅਦ ਹਾਲਾਤ ਟਕਰਾਅ ਵਾਲੇ ਬਣ ਗਏ ਹਨ। ਕਿਸਾਨ ਜਥੇਬੰਦੀਆਂ ਵਜਿੱਦ ਹਨ ਕਿ ਪਰੇਡ ਰਿੰਗ ਰੋਡ 'ਤੇ ਹੀ ਕੀਤੀ ਜਾਵੇਗੀ। 

ਕਿਸਾਨ ਜਥੇਬੰਦੀਆਂ ਨਾਲ ਹੋਈ ਅੱਜ ਦੀ ਬੈਠਕ ਵਿਚ ਪੁਲੀਸ ਨੇ ਕਿਸਾਨਾਂ ਨੂੰ ਸਾਫ਼ ਕਹਿ ਦਿੱਤਾ ਹੈ ਕਿ ਉਹ ਬਾਹਰੀ ਰਿੰਗ ਰੋਡ ’ਤੇ ਟਰੈਕਟਰ ਪਰੇਡ ਦੀ ਇਜਾਜ਼ਤ ਨਹੀਂ ਦੇ ਸਕਦੀ। ਪਰ ਉਹ ਕੇਐੱਮਪੀ ਹਾਈਵੇ ‘ਤੇ ਪਰੇਡ ਕਰ ਸਕਦੇ ਹਨ। ਦੂਜੇ ਪਾਸੇ ਕਿਸਾਨਾਂ ਨੇ ਸਪਸ਼ਟ ਕਿਹਾ ਹੈ ਕਿ ਕਿਸਾਨ ਰਿੰਗ ਰੋਡ ’ਤੇ ਹੀ ਪਰੇਡ ਕਰਨਗੇ। 

ਦਿੱਲੀ ਦੇ ਜੁਆਇੰਟ ਪੁਲੀਸ ਕਮਿਸ਼ਨਰ (ਉੱਤਰੀ ਰੇਂਜ) ਐੱਸਐੱਸ ਯਾਦਵ ਨੇ ਬੈਠਕ ਦਾ ਸੰਚਾਲਨ ਕੀਤਾ। ਮੀਟਿੰਗ ਸਿੰਘੂ ਸਰਹੱਦ ਦੇ ਨਜ਼ਦੀਕ ਮੰਤਰਮ ਰਿਜ਼ੋਰਟ ਵਿਖੇ ਹੋਈ। ਇਸੇ ਤਰ੍ਹਾਂ ਦੀ ਮੀਟਿੰਗ ਬੁੱਧਵਾਰ ਨੂੰ ਯੂਨੀਅਨ ਦੇ ਨੇਤਾਵਾਂ ਅਤੇ ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਪੁਲੀਸ ਦੇ ਅਧਿਕਾਰੀਆਂ ਵਿਚਕਾਰ ਵਿਗਿਆਨ ਭਵਨ ਵਿਖੇ ਹੋਈ ਸੀ। ਸੂਤਰਾਂ ਨੇ ਦੱਸਿਆ ਕਿ ਕਿਸਾਨ ਯੂਨੀਅਨਾਂ ਨੇ ਪੁਲੀਸ ਅਫਸਰਾਂ ਵੱਲੋਂ ਦਿੱਲੀ ਦੀ ਬਾਹਰੀ ਰਿੰਗ ਰੋਡ ਦੀ ਬਜਾਏ ਕੁੰਡਲੀ-ਮਨੇਸਰ-ਪਲਵਲ ਐਕਸਪ੍ਰੈਸ ਵੇਅ ’ਤੇ ਰੈਲੀ ਕਰਨ ਦੇ ਸੁਝਾਅ ਨੂੰ ਰੱਦ ਕਰ ਦਿੱਤਾ ਸੀ।