ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਦੋ ਦਿਨਾ ਭਾਰਤ ਦੇ ਦੌਰੇ 'ਤੇ ਆਉਣਗੇ

ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਦੋ ਦਿਨਾ ਭਾਰਤ ਦੇ ਦੌਰੇ 'ਤੇ ਆਉਣਗੇ

ਵਾਸ਼ਿੰਗਟਨ, (ਹੁਸਨ ਲੜੋਆ ਬੰਗਾ): ਹਾਲ ਹੀ ਵਿਚ ਟੋਕੀਓ ਵਿਚ ਹੋਈ ਵਿਦੇਸ਼ ਮੰਤਰੀ ਪੱਧਰ ਦੀ ਮੀਟਿੰਗ ਉਪਰੰਤ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਅਗਲੇ ਹਫ਼ਤੇ ਦੋ ਦਿਨਾਂ ਲਈ ਭਾਰਤ ਦੇ ਦੌਰੇ 'ਤੇ ਆਉਣਗੇ।

ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਉੱਪ ਵਿਦੇਸ਼ ਮੰਤਰੀ ਸਟੀਫਨ ਈ. ਬੀਗਨ 12 ਤੋਂ 16 ਅਕਤੂਬਰ ਤੱਕ ਭਾਰਤ ਤੇ ਬੰਗਲਾਦੇਸ਼ ਦਾ ਦੌਰਾ ਕਰਨਗੇ। 12 ਤੋਂ 14 ਅਕਤੂਬਰ ਤੱਕ ਉਹ ਭਾਰਤ ਵਿਚ ਰਹਿਣਗੇ ਜਿਸ ਦੌਰਾਨ ਉਹ ਨਵੀਂ ਦਿੱਲੀ ਵਿਚ ਭਾਰਤੀ ਆਗੂਆਂ ਤੋਂ ਇਲਾਵਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਨਗੇ। 

ਚੀਨ ਨਾਲ ਸਰਹੱਦੀ ਵਿਵਾਦ ਨੂੰ ਲੈ ਕੇ ਚੱਲ ਰਹੇ ਟਕਰਾਅ ਦੇ ਮੱਦੇਨਜ਼ਰ ਅਮਰੀਕੀ ਉੱਪ ਵਿਦੇਸ਼ ਮੰਤਰੀ ਦੇ ਦੌਰੇ ਦੀ ਆਪਣੀ ਅਹਿਮੀਅਤ ਹੈ। ਵਿਦੇਸ਼ ਮੰਤਰਾਲੇ ਦੇ ਬਿਆਨ ਅਨੁਸਾਰ ਉੱਪ ਰਾਸ਼ਟਰਪਤੀ ਦੇ ਦੌਰੇ ਦਾ ਮਕਸਦ ਚੀਨ ਦੀ ਵਿਸਥਾਰਵਾਦੀ ਨੀਤੀ ਦਾ ਮੁਕਾਬਲਾ ਕਰਨ ਲਈ ਦੋਨਾਂ ਦੇਸ਼ਾਂ ਵਿਚਾਲੇ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨਾ ਹੈ। ਭਾਰਤ ਦੇ ਦੌਰੇ ਉਪਰੰਤ ਉਹ 14 ਤੋਂ 16 ਅਕਤੂਬਰ ਤੱਕ ਬੰਗਲਾਦੇਸ਼ ਦਾ ਦੌਰਾ ਕਰਨਗੇ।