ਅਮੀਰਕਾ ਨੇ ਭਾਰਤ ਉੱਤੇ ਬੇਈਮਾਨੀ ਕਰਨ ਦਾ ਦੋਸ਼ ਲਾਉਂਦਿਆਂ ਭਾਰਤੀ ਉਡਾਣਾਂ ਬੰਦ ਕੀਤੀਆਂ

ਅਮੀਰਕਾ ਨੇ ਭਾਰਤ ਉੱਤੇ ਬੇਈਮਾਨੀ ਕਰਨ ਦਾ ਦੋਸ਼ ਲਾਉਂਦਿਆਂ ਭਾਰਤੀ ਉਡਾਣਾਂ ਬੰਦ ਕੀਤੀਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕਾ ਸਰਕਾਰ ਨੇ ਭਾਰਤ 'ਤੇ ਬੇਈਮਾਨੀ ਦਾ ਦੋਸ਼ ਲਾਉਂਦਿਆਂ ਭਾਰਤ ਸਰਕਾਰ ਵੱਲੋਂ ਵੰਦੇ ਭਾਰਤ ਮਿਸ਼ਨ ਨਾਂ 'ਤੇ ਚਲਾਈਆਂ ਜਾ ਰਹੀਆਂ ਵਿਸ਼ੇਸ਼ ਉਡਾਣਾਂ 'ਤੇ ਪਾਬੰਦੀ ਲਾ ਦਿੱਤੀ ਹੈ। ਅਮਰੀਕਾ ਦਾ ਕਹਿਣਾ ਹੈ ਕਿ ਭਾਰਤੀਆਂ ਨੂੰ ਹੋਰ ਦੇਸ਼ਾਂ ਵਿਚੋਂ ਵਾਪਸ ਲਿਆਉਣ ਦੇ ਨਾਂ 'ਤੇ ਚਲਾਈਆਂ ਗਈਆਂ ਇਹਨਾਂ ਵਿਸ਼ੇਸ਼ ਉਡਾਣਾਂ ਵਿਚ ਭਾਰਤ ਬੇਈਮਾਨੀ ਅਤੇ ਵਿਤਕਰੇਬਾਜ਼ੀ ਵਾਲੇ ਕੰਮ ਕਰ ਰਿਹਾ ਹੈ। ਏਅਰ ਇੰਡੀਆ ਵੱਲੋਂ ਕੋਵਿਡ-19 ਦੇ ਚਲਦਿਆਂ ਲੱਗੀਆਂ ਪਾਬੰਦੀਆਂ ਦੌਰਾਨ ਫਸੇ ਹੋਏ ਭਾਰਤੀਆਂ ਨੂੰ ਕੱਢਣ ਲਈ ਇਹ ਫਲਾਈਟਾਂ ਸ਼ੁਰੂ ਕੀਤੀਆਂ ਗਈਆਂ ਸੀ, ਪਰ ਨਾਲ ਹੀ ਏਅਰ ਇੰਡੀਆ ਇਹਨਾਂ ਉਡਾਣਾਂ ਦੀਆਂ ਟਿਕਟਾਂ ਆਮ ਵਾਂਗ ਯਾਤਰੀਆਂ ਨੂੰ ਵੇਚ ਰਿਹਾ ਸੀ। ਦੂਜੇ ਪਾਸੇ ਅਮਰੀਕੀ ਏਅਰਲਾਈਨਾਂ ਨੂੰ ਭਾਰਤ ਵਿਚ ਆਉਣ 'ਤੇ ਪਾਬੰਦੀਆਂ ਲਾਈਆਂ ਹੋਈਆਂ ਹਨ। ਅਮਰੀਕੀ ਟਰਾਂਸਪੋਰਟੇਸ਼ਨ ਮਹਿਕਮੇ ਨੇ ਕਿਹਾ ਹੈ ਕਿ ਇਸ ਨਾਲ ਅਮਰੀਕੀ ਹਵਾਈ ਕੰਪਨੀਆਂ ਨੂੰ ਵੱਡਾ ਘਾਟਾ ਹੋ ਰਿਹਾ ਹੈ। 

ਟਰਾਂਸਪੋਰਟੇਸ਼ਨ ਮਹਿਕਮੇ ਨੇ ਕਿਹਾ ਹੈ ਕਿ ਭਾਰਤ ਨੂੰ ਹੋਰ ਉਡਾਣਾਂ ਤੋਂ ਪਹਿਲਾਂ ਮਹਿਕਮੇ ਤੋਂ ਪ੍ਰਵਾਨਗੀ ਲਈ ਅਰਜ਼ੀ ਦਾਖਲ ਕਰਨੀ ਪਵੇਗੀ ਤਾਂ ਕਿ ਇਸਦੀ ਤਸੱਲੀਬਖਸ਼ ਘੋਖ ਪੜਤਾਲ ਕੀਤੀ ਜਾ ਸਕੇ। ਮਹਿਕਮੇ ਨੇ ਕਿਹਾ ਕਿ ਭਾਰਤ ਵੱਲੋਂ ਅਮਰੀਕੀ ਜਹਾਜ਼ਾਂ 'ਤੇ ਪਾਬੰਦੀ ਹਟਾਉਣ ਮਗਰੋਂ ਹੀ ਇਸ ਅਰਜ਼ੀ 'ਤੇ ਵਿਚਾਰ ਕੀਤੀ ਜਾਵੇਗੀ।

ਦੱਸ ਦਈਏ ਕਿ ਇਸ ਤੋਂ ਹਫਤਾ ਪਹਿਲਾਂ ਹੀ ਅਮਰੀਕੀ ਟਰਾਂਸਪੋਰਟੇਸ਼ਨ ਮਹਿਕਮੇ ਨੇ ਅਜਿਹੀਆਂ ਪਾਬੰਦੀਆਂ ਚੀਨ 'ਤੇ ਲਾਈਆਂ ਸੀ। 15 ਜੂਨ ਨੂੰ ਚੀਨ ਵੱਲੋਂ ਹਫਤੇ ਵਿਚ ਚਾਰ ਅਮਰੀਕੀ ਜਹਾਜ਼ਾਂ ਨੂੰ ਉਡਾਣ ਦੀ ਪ੍ਰਵਾਨਗੀ ਦੇਣ ਮਗਰੋਂ ਅਮਰੀਕਾ ਨੇ ਵੀ ਚਾਰ ਚੀਨੀ ਜਹਾਜ਼ਾਂ ਨੂੰ ਅਮਰੀਕਾ ਵਿਚ ਉਡਾਣ ਭਰਨ ਦੀ ਪ੍ਰਵਾਨਗੀ ਦਿੱਤੀ ਸੀ। 

ਅਮਰੀਕਾ ਵੱਲੋਂ ਇਹ ਪਾਬੰਦੀਆਂ ਐਲਾਨੇ ਜਾਣ ਮਗਰੋਂ ਭਾਰਤ ਦਾ ਹਵਾਬਾਜ਼ੀ ਮਹਿਕਮਾ ਹਰਕਤ ਵਿਚ ਆਇਆ ਹੈ। ਬੀਤੇ ਕੱਲ੍ਹ ਮਹਿਕਮੇ ਨੇ ਬਿਆਨ ਜਾਰੀ ਕੀਤਾ ਹੈ ਕਿ ਭਾਰਤ ਸਰਕਾਰ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਲਈ ਅਮਰੀਕਾ, ਫਰਾਂਸ, ਯੂਕੇ, ਜਰਮਨੀ ਸਮੇਤ ਕਈ ਮੁਲਕਾਂ ਦਰਮਿਆਨ ਦੁਵੱਲੀਆਂ ਉਡਾਣਾਂ ਸ਼ੁਰੂ ਕਰਨ ਬਾਰੇ ਸੋਚ ਰਹੀ ਹੈ। 

ਏਅਰ ਇੰਡੀਆਂ 'ਤੇ ਭਾਰਤੀ ਯਾਤਰੀਆਂ ਵੱਲੋਂ ਵੀ ਲੁੱਟ ਦੇ ਦੋਸ਼ ਲਾਏ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਏਅਰ ਇੰਡੀਆ ਨੇ ਇਸ ਔਖੀ ਘੜੀ ਲੋਕਾਂ ਨੂੰ 3 ਗੁਣਾ ਮਹਿੰਗੀਆਂ ਟਿਕਟਾਂ ਵੇਚੀਆਂ। ਹੋਰ ਏਅਰਲਾਈਨਾਂ 'ਤੇ ਪਾਬੰਦੀਆਂ ਹੋਣ ਕਾਰਨ ਯਾਤਰੀਆਂ ਕੋਲ ਇਹ ਮਹਿੰਗੀਆਂ ਟਿਕਟਾਂ ਲੈਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ। ਬੀਤੇ ਕਈ ਦਿਨਾਂ ਤੋਂ ਲਗਾਤਾਰ ਸੋਸ਼ਲ ਮੀਡੀਆ 'ਤੇ ਲੋਕ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਮੰਗ ਕਰ ਰਹੇ ਹਨ।