ਛੇੜਛਾੜ ਨੇ ਲਈ ਵਜ਼ੀਫੇ 'ਤੇ ਅਮਰੀਕਾ ਵਿਚ ਪੜ੍ਹਦੀ ਵਿਦਿਆਰਥਣ ਦੀ ਜਾਨ

ਛੇੜਛਾੜ ਨੇ ਲਈ ਵਜ਼ੀਫੇ 'ਤੇ ਅਮਰੀਕਾ ਵਿਚ ਪੜ੍ਹਦੀ ਵਿਦਿਆਰਥਣ ਦੀ ਜਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਵਿਚ ਜ਼ੁਰਮਾਂ ਲਈ ਬਦਨਾਮ ਸੂਬੇ ਉੱਤਰ ਪ੍ਰਦੇਸ਼ ਤੋਂ ਇਕ ਹੋਰ ਮਾੜੀ ਖਬਰ ਆਈ ਹੈ। ਇੱਥੇ ਬੁਲੰਦਸ਼ਹਿਰ ਵਿਚ ਅਮਰੀਕਾ ਪੜ੍ਹਦੀ ਵਿਦਿਆਰਥਣ ਕੁੱਝ ਬਦਮਾਸ਼ਾ ਦੀ ਛੇੜਖਾਨੀ ਕਾਰਨ ਜਾਨ ਗਵਾ ਗਈ। 19 ਸਾਲਾਂ ਦੀ ਸੁਦੀਕਸ਼ਾ ਭੱਟੀ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਸੀ ਪਰ ਆਪਣੀ ਮਿਹਨਤ ਸਦਕਾ ਉਸ ਨੇ ਅਮਰੀਕਾ ਵਿਚ ਪੜ੍ਹਾਈ ਲਈ ਵਜ਼ੀਫਾ ਹਾਸਲ ਕਰ ਲਿਆ ਸੀ। 

ਨੋਇਡਾ ਦੇ ਦਾਦਰੀ ਇਲਾਕੇ ਨਾਲ ਸਬੰਧਿਤ ਸੁਦੀਕਸ਼ਾ ਨੇ 12 ਜਮਾਤ ਵਿਚ ਹਿਊਮੈਨਿਟੀਸ ਵਿਸ਼ੇ 'ਚ 98 ਫੀਸਦੀ ਅੰਕ ਹਾਸਲ ਕੀਤੇ ਸਨ ਤੇ ਉਹ ਵਜ਼ੀਫੇ 'ਤੇ ਅਮਰੀਕਾ ਦੇ ਬਾਬਸਨ ਕਾਲਜ ਵਿਚ ਉੱਚ ਸਿੱਖਿਆ ਹਾਸਲ ਕਰ ਰਹੀ ਸੀ। ਉਹ 13 ਮਾਰਚ ਨੂੰ ਅਮਰੀਕਾ ਤੋਂ ਵਾਪਸ ਆਪਣੇ ਘਰ ਪਰਤੀ ਸੀ।

ਸੁਦੀਕਸ਼ਾ ਦੇ ਪਿਤਾ ਜਤਿੰਦਰ ਨੇ ਦੱਸਿਆ ਕਿ ਉਹ ਆਪਣੇ ਚਾਚਾ ਅਤੇ ਚਚੇਰੇ ਭਰਾ ਨਾਲ ਮਾਧਵਗੜ੍ਹ ਆਪਣੀ ਦਾਦੀ ਨੂੰ ਮਿਲਣ ਗਈ ਸੀ। ਉਹਨਾਂ ਦੱਸਿਆ ਕਿ ਉਹ 20 ਅਗਸਤ ਨੂੰ ਅਮਰੀਕਾ ਵਾਪਸ ਜਾਣ ਵਾਲੀ ਸੀ ਤੇ ਉਸ ਤੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣਾ ਚਾਹੁੰਦੀ ਸੀ।

ਸੁਦੀਕਸ਼ਾ ਦੇ ਚਾਚਾ ਸਤੇਂਦਰ ਭੱਟੀ ਨੇ ਦੱਸਿਆ ਕਿ ਉਹਨਾਂ ਜਦੋਂ ਬੁਲੰਦਸ਼ਹਿਰ ਪਾਰ ਕੀਤਾ ਤਾਂ ਬੁਲੇਟ ਸਵਾਰ ਦੋ ਮੁੰਡੇ ਉਹਨਾਂ ਦੇ ਪਿੱਛੇ ਲੱਗ ਗਏ। ਉਹਨਾਂ ਦੱਸਿਆ, "ਜਦੋਂ ਅਸੀਂ ਸੜਕ 'ਤੇ ਇਕ ਖਾਲੀ ਥਾਂ ਪਹੁੰਚੇ ਤਾਂ ਉਹਨਾਂ ਸਾਡੇ ਅੱਗੇ ਆ ਕੇ ਆਪਣੀਆਂ ਬਰੇਕਾਂ ਲਾ ਦਿੱਤੀਆਂ ਤੇ ਮੈਨੂੰ ਵੀ ਬਰੇਕਾਂ ਲਾਉਣੀਆਂ ਪਈਆਂ। ਇਕ ਦਮ ਬਰੇਕ ਲਾਉਣ ਕਰਕੇ ਮੋਟਰਸਾਈਕਲ ਡਿਗ ਗਿਆ ਤੇ ਸੁਦੀਕਸ਼ਾ ਦਾ ਸਿਰ ਸੜਕ 'ਤੇ ਵੱਜਿਆ।"

ਸੁਦੀਕਸ਼ਾ ਦੇ 16 ਸਾਲਾਂ ਦੇ ਭਰਾ ਨਿਗਮ ਨੇ ਦੱਸਿਆ ਕਿ ਹਾਦਸੇ ਤੋਂ ਲਗਭਗ ਅੱਧੇ ਘੰਟੇ ਬਾਅਦ ਐਂਬੂਲੈਂਸ ਪਹੁੰਚੀ। ਸੁਦੀਕਸ਼ਾ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਉਸਨੂੰ ਮ੍ਰਿਤਕ ਐਲਾਨ ਦਿੱਤਾ। 

ਪਹਿਲਾਂ ਪੁਲੀਸ ਨੇ ਇਸ ਨੂੰ ਸਧਾਰਨ ਹਾਦਸਾ ਮੰਨਿਆ ਤੇ ਉਸ ਤਹਿਤ ਕਾਰਵਾਈ ਕੀਤੀ ਪਰ ਬਾਅਦ ਵਿੱਚ ਪਰਿਵਾਰ ਵੱਲੋਂ ਨਾਰਾਜ਼ਗੀ ਜ਼ਾਹਰ ਕਰਨ ’ਤੇ ਇਸ ਵਿੱਚ ਮੁੰਡਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।