ਊਨਾਓ ਬਲਾਤਕਾਰ ਪੀੜਤ ਕੁੜੀ 'ਤੇ ਜਾਨਲੇਵਾ ਹਮਲੇ ਦੇ ਮਾਮਲੇ 'ਚ ਭਾਜਪਾ ਵਿਧਾਇਕ ਖਿਲਾਫ ਐਫਆਈਆਰ ਦਰਜ ਕੀਤੀ

ਊਨਾਓ ਬਲਾਤਕਾਰ ਪੀੜਤ ਕੁੜੀ 'ਤੇ ਜਾਨਲੇਵਾ ਹਮਲੇ ਦੇ ਮਾਮਲੇ 'ਚ ਭਾਜਪਾ ਵਿਧਾਇਕ ਖਿਲਾਫ ਐਫਆਈਆਰ ਦਰਜ ਕੀਤੀ

ਚੰਡੀਗੜ੍ਹ: ਊਨਾਓ ਬਲਾਤਕਾਰ ਮਾਮਲੇ ਦੀ ਪੀੜਤ ਕੁੜੀ ਨੂੰ ਕਤਲ ਕਰਨ ਦੀ ਸਾਜਿਸ਼ ਅਧੀਨ ਅੰਜਾਮ ਦਿੱਤੇ ਗਏ ਸੜਕੀ ਹਾਦਸੇ ਵਿੱਚ ਜਿੱਥੇ ਪੀੜਤ ਕੁੜੀ ਜ਼ਖਮੀ ਹਾਲਤ ਵਿੱਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੀ ਹੈ ਉੱਥੇ ਉਸ ਨਾਲ ਸਫਰ ਕਰ ਰਹੀਆਂ ਉਸ ਦੀਆਂ ਦੋ ਰਿਸ਼ਤੇਦਾਰ ਜਨਾਨੀਆਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਮੌਕੇ ਉਹਨਾਂ ਨਾਲ ਸਫਰ ਕਰ ਰਿਹਾ ਉਹਨਾਂ ਦਾ ਵਕੀਲ ਵੀ ਜ਼ਖਮੀ ਹੋ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਬਲਾਤਕਾਰ ਦੇ ਦੋਸ਼ਾਂ ਅਧੀਨ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਅਤੇ ਉਸਦੇ ਭਰਾ ਮਨੋਜ ਖਿਲਾਫ ਐੱਫਆਈਆਰ ਦਰਜ ਕੀਤੀ ਹੈ। ਇਸ ਐੱਫਆਈਆਰ ਵਿੱਚ ਕਤਲ ਅਤੇ ਇਰਾਦਾ-ਕਤਲ ਦੀਆਂ ਧਾਰਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ।

ਦੱਸ ਦਈਏ ਕਿ ਐਤਵਾਰ ਵਾਲੇ ਊਨਾਓ ਬਲਾਤਕਾਰ ਦੀ ਪੀੜਤ ਕੁੜੀ ਜਦੋਂ ਆਪਣੇ ਵਕੀਲ ਅਤੇ ਰਿਸ਼ਤੇਦਾਰਾਂ ਨਾਲ ਕਿਸੇ ਥਾਂ ਜਾ ਰਹੀ ਸੀ ਤਾਂ ਇੱਕ ਟਰੱਕ ਨੇ ਉਹਨਾਂ ਦੀ ਕਾਰ ਵਿੱਚ ਟੱਕਰ ਮਾਰੀ। ਟਰੱਕ ਮਾਲਕ ਅਤੇ ਡਰਾਈਵਰ ਖਿਲਾਫ ਸਾਜਿਸ਼ ਰਚਣ ਦੇ ਦੋਸ਼ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤ ਕੁੜੀ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਭਾਜਪਾ ਵਿਧਾਇਕ ਸੇਂਗਰ ਨੇ ਇਹ ਸਾਜਿਸ਼ ਰਚੀ ਸੀ ਅਤੇ ਟਰੱਕ ਮਾਲਕ ਭਾਜਪਾ ਵਿਧਾਇਕ ਦਾ ਸਾਥੀ ਹੈ। 

ਲਖਨਊ ਦੀ ਕਿੰਗ ਜੋਰਜ ਮੈਡੀਕਲ ਯੂਨੀਵਰਸਿਟੀ ਦੀ ਐਮਰਜੈਂਸੀ ਵਿੱਚ ਦਾਖਲ ਪੀੜਤ ਕੁੜੀ ਅਤੇ ਉਸਦੇ ਵਕੀਲ ਦੀ ਹਾਲਤ ਸਬੰਧੀ ਡਾਕਟਰਾਂ ਨੇ ਕਿਹਾ ਕਿ ਫਿਲਹਾਲ ਕੁੱਝ ਵੀ ਕਹਿਣਾ ਮੁਸ਼ਕਿਲ ਹੈ। 

ਡਾਕਟਰਾਂ ਮੁਤਾਬਿਕ ਪੀੜਤ ਕੁੜੀ ਦੇ ਸਿਰ ਅਤੇ ਛਾਤੀ ਵਿੱਚ ਸੱਟਾਂ ਬਹੁਤ ਖਤਰਨਾਕ ਹਨ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਸ ਘਟਨਾ ਦੀ ਜਾਂਚ ਸੀਬੀਆਈ ਨੂੰ ਦੇਣ ਦਾ ਐਲਾਨ ਕੀਤਾ ਹੈ। 

ਭਾਵੇਂ ਕਿ ਬੀਤੇ ਕੱਲ੍ਹ ਵਿਰੋਧੀ ਧਿਰ ਵੱਲੋਂ ਇਸ ਮਾਮਲੇ 'ਤੇ ਰਾਜ ਸਭਾ ਵਿੱਚ ਵੱਡਾ ਵਿਰੋਧ ਕੀਤਾ ਗਿਆ ਪਰ ਭਾਜਪਾ ਨੇ ਅਜੇ ਤੱਕ ਆਪਣੇ ਵਿਧਾਇਕ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੈ।