"ਵੀਰ ਬਾਲ ਦਿਵਸ” ਦਾ ਨਾਮ ਬਦਲ ਕੇ “ਵੀਰ ਸਾਹਿਬਜ਼ਾਦੇ ਸ਼ਹੀਦੀ ਦਿਵਸ” ਕੀਤਾ ਜਾਏ: ਵਿਕਰਮਜੀਤ ਸਿੰਘ ਸਾਹਨੀ

ਸੰਸਦ ਦੇ ਜੀਰੋ ਆਵਰ ਦੌਰਾਨ ਐਮਪੀ ਨੇ ਉਠਾਇਆ ਮੁੱਦਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 24 ਦਸੰਬਰ (ਮਨਪ੍ਰੀਤ ਸਿੰਘ ਖਾਲਸਾ): ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਅੱਜ ਸੰਸਦ ਦੇ ਸਿਫ਼ਰ ਕਾਲ ਦੌਰਾਨ “ਵੀਰ ਬਾਲ ਦਿਵਸ” ਦਾ ਨਾਮ ਬਦਲ ਕੇ “ਵੀਰ ਸਾਹਿਬਜ਼ਾਦੇ ਸ਼ਹਾਦਤ ਦਿਵਸ” ਕਰਨ ਦਾ ਮੁੱਦਾ ਉਠਾਇਆ, ਕਿਉਂਕਿ ਉਹ ਆਮ ਨਹੀਂ, ਸਗੋਂ ਰੱਬੀ ਸ਼ਕਤੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਸਨ।

ਵਿਕਰਮਜੀਤ ਸਿੰਘ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 26 ਦਸੰਬਰ ਨੂੰ "ਵੀਰ ਬਾਲ ਦਿਵਸ" ਵਜੋਂ ਮਨਾਉਣ ਲਈ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਵਲੋਂ ਮਨੁੱਖੀ ਅਧਿਕਾਰਾਂ ਨੂੰ ਬਣਾਏ ਰੱਖਣ ਲਈ 6 ਅਤੇ 9 ਦੀ ਬਹੁਤ ਛੋਟੀ ਉਮਰ ਵਿੱਚ ਸ਼ਹਾਦਤ ਦੇਣਾ, ਇੱਕ ਬੇਮਿਸਾਲ ਕੁਰਬਾਨੀ ਹੈ। ਉਨ੍ਹਾਂ ਬਾਅਦ ਵਿੱਚ ਕਿਹਾ ਕਿ ਸਿੱਖਿਆ ਮੰਤਰਾਲੇ ਨੂੰ ਭਾਰਤ ਭਰ ਦੀਆਂ ਸਾਰੀਆਂ ਸਕੂਲੀ ਪਾਠ ਪੁਸਤਕਾਂ ਵਿੱਚ ਸਾਹਿਬਜ਼ਾਦਿਆਂ ਦੀ ਇਸ ਮਹਾਨ ਕੁਰਬਾਨੀ ਬਾਰੇ ਅਧਿਆਏ ਸ਼ਾਮਲ ਕਰਨੇ ਚਾਹੀਦੇ ਹਨ।