532 ਕਿੱਲੋ ਹੈਰੋਈਨ ਮਾਮਲੇ ਦੇ ਕਥਿਤ ਮੁੱਖ ਦੋਸ਼ੀ ਰਣਜੀਤ ਰਾਣਾ ਦੇ ਭਰਾ ਨੂੰ ਪੰਜਾਬ ਹਿਮਾਚਲ ਹੱਦ ਤੋਂ ਗ੍ਰਿਫਤਾਰ ਕੀਤਾ
ਅੰਮ੍ਰਿਤਸਰ: ਪੰਜਾਬ ਵਿੱਚ ਚਲਦੇ ਨਸ਼ੇ ਦੇ ਵਪਾਰ ਨਾਲ ਸਬੰਧੀ ਪੁਲਿਸ ਨੇ ਇੱਕ ਅਹਿਮ ਗ੍ਰਿਫਤਾਰੀ ਦਾ ਦਾਅਵਾ ਕੀਤਾ ਹੈ। ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਅਟਾਰੀ ਸਰਹੱਦ ਤੋਂ ਫੜ੍ਹੀ ਗਈ 532 ਕਿਲੋ ਹੈਰੋਈਨ ਦੇ ਮਾਮਲੇ 'ਚ ਮੁੱਖ ਦੋਸ਼ੀ ਦੱਸੇ ਜਾਂਦੇ ਰਣਜੀਤ ਸਿੰਘ ਰਾਣਾ ਦੇ ਭਰਾ ਪਲਵਿੰਦਰ ਸਿੰਘ ਬਿੱਲਾ ਨੂੰ ਬਿਆਸ ਦਰਿਆ ਦੇ ਕੰਢਿਓਂ ਮੀਰਥਲ ਤੋਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਮੌਕੇ ਉਸ ਕੋਲੋਂ 1 ਕਿੱਲੋਂ ਹੈਰੋਈਨ ਅਤੇ 1 ਕਰੋੜ ਰੁਪਏ ਦੇ ਲਗਭਗ ਨਕਦ ਰਾਸ਼ੀ ਫੜੇ ਜਾਣ ਦਾ ਦਾਅਵਾ ਕੀਤਾ ਗਿਆ ਹੈ।
ਇਸ ਗ੍ਰਿਫਤਾਰੀ ਸਬੰਧੀ ਏਆਈਜੀ ਸਨੇਹਦੀਪ ਸ਼ਰਮਾ ਦੀ ਸ਼ਿਕਾਇਤ 'ਤੇ ਮੋਹਾਲੀ ਸਥਿਤ ਐੱਸਟੀਐੱਫ ਪੁਲਿਸ ਥਾਣੇ ਵਿੱਚ ਰਿਪੋਰਟ ਦਰਜ ਕੀਤੀ ਗਈ ਹੈ। ਗ੍ਰਿਫਤਾਰੀ ਪਾਉਣ ਵਾਲੇ ਅਫਸਰਾਂ ਨੇ ਦੱਸਿਆ ਕਿ ਨਸ਼ੇ ਦੀ ਤਸਕਰੀ ਨਾਲ ਜੁੜੇ ਲੋਕਾਂ ਨੇ ਝਿੜੀਆਂ ਵਿੱਚ ਅਜਿਹੀਆਂ ਥਾਵਾਂ 'ਤੇ ਟਿਕਾਣੇ ਬਣਾਏ ਹਨ ਜਿੱਥੇ ਪਹੁੰਚਣਾ ਸੌਖਾ ਨਹੀਂ ਹੁੰਦਾ ਤੇ ਨਾ ਹੀ ਉੱਥੇ ਤੱਕ ਕੋਈ ਸੜਕ ਜਾਂਦੀ ਹੈ। ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਪੁਲਿਸ ਨੇ ਕਿਹਾ ਕਿ ਇਹ ਬਰਾਮਦਗੀਆਂ ਡਿਊਟੀ ਮੈਜਿਸਟ੍ਰੇਟ ਦੀ ਮੋਜੂਦਗੀ ਵਿੱਚ ਕੀਤੀਆਂ ਗਈਆਂ ਹਨ।
ਜਿੱਥੋਂ ਪਲਵਿੰਦਰ ਸਿੰਘ ਬਿੱਲਾ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਥਾਂ ਪੰਜਾਬ ਅਤੇ ਹਿਮਾਚਲ ਦੀ ਹੱਦ 'ਤੇ ਹਿਮਾਚਲ ਦੇ ਖੇਤਰ ਵਿੱਚ ਪੈਂਦੀ ਹੈ। ਇਹ ਥਾਂ ਪਿੰਡ ਚੱਨੀ ਬੇਲੀ ਦੇ ਨਜ਼ਦੀਕ ਹੈ ਜੋ ਹਿਮਾਚਲ ਦੇ ਇੰਦੋਰਾ ਪੁਲਿਸ ਥਾਣੇ ਦੇ ਖੇਤਰ ਵਿੱਚ ਆਉਂਦਾ ਹੈ। ਇਹ ਇਲਾਕਾ ਨਸ਼ੇ ਦੀ ਤਸਕਰੀ ਲਈ ਕਾਫੀ ਬਦਨਾਮ ਵੀ ਹੈ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)