ਬਾਦਲਾਂ ਨੇ ਭਾਰਤ ਅੱਗੇ ਧਰਮੀ ਫੌਜੀਆਂ 'ਤੇ ਤਰਸ ਕਰਨ ਦੀ ਅਪੀਲ ਕੀਤੀ

ਬਾਦਲਾਂ ਨੇ ਭਾਰਤ ਅੱਗੇ ਧਰਮੀ ਫੌਜੀਆਂ 'ਤੇ ਤਰਸ ਕਰਨ ਦੀ ਅਪੀਲ ਕੀਤੀ

ਨਵੀਂ ਦਿੱਲੀ: ਜੂਨ 1984 ਵਿੱਚ ਦਰਬਾਰ ਸਾਹਿਬ 'ਤੇ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ਮਗਰੋਂ ਜਿੱਥੇ ਸਮੁੱਚੀ ਸਿੱਖ ਕੌਮ ਵਿੱਚ ਭਾਰਤੀ ਰਾਜ ਪ੍ਰਬੰਧ ਖਿਲਾਫ ਬਗਾਵਤ ਦੀ ਲਹਿਰ ਫੈਲ ਗਈ ਸੀ ਉੱਥੇ ਇਸ ਦਾ ਅਸਰ ਸਿੱਖ ਫੌਜੀਆਂ ਵਿੱਚ ਵੀ ਦੇਖਣ ਨੂੰ ਮਿਲਿਆ ਸੀ। ਭਾਰਤ ਵਿੱਚ ਵੱਖ-ਵੱਖ ਥਾਵਾਂ 'ਤੇ ਸਿੱਖ ਫੌਜੀਆਂ ਵੱਲੋਂ ਆਪਣੀਆਂ ਬੈਰਕਾਂ ਛੱਡ ਕੇ ਦਰਬਾਰ ਸਾਹਿਬ, ਅੰਮ੍ਰਿਤਸਰ ਵੱਲ ਨੂੰ ਚਾਲੇ ਪਾ ਦਿੱਤੇ ਗਏ ਸਨ। ਇਸ ਮੌਕੇ ਸਿੱਖ ਫੌਜੀਆਂ ਦੀ ਭਾਰਤੀ ਫੌਜਾਂ ਨਾਲ ਕਈ ਥਾਂਈ ਝੜਪ ਵੀ ਹੋਈ ਜਿਸ ਵਿੱਚ ਕਈ ਸਿੱਖ ਫੌਜੀ ਸ਼ਹੀਦ ਵੀ ਹੋਏ। ਇਹਨਾਂ ਸਿੱਖ ਫੌਜੀਆਂ ਨੂੰ ਸਿੱਖ ਕੌਮ ਨੇ ਧਰਮੀ ਫੌਜੀਆਂ ਦਾ ਨਾਂ ਦਿੱਤਾ ਸੀ। ਪਰ ਹੁਣ ਭਾਰਤੀ ਕੇਂਦਰੀ ਸੱਤਾ ਵਿੱਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਇਹਨਾਂ ਸਿੱਖ ਧਰਮੀ ਫੌਜੀਆਂ ਦੀ ਕੁਰਬਾਨੀ ਨੂੰ ਤਰਸ ਦਾ ਪਾਤਰ ਬਣਾ ਰਹੇ ਹਨ। 

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਦੇ ਇੱਕ ਵਫਦ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਜੂਨ 1984 ਘੱਲੂਘਾਰੇ ਦੇ ਰੋਸ ਵਜੋਂ ਆਪਣੀਆਂ ਬੈਰਕਾਂ ਛੱਡ ਕੇ ਆਏ ਸਿੱਖ ਫੌਜੀਆਂ ਦੇ ਮਾਮਲਿਆਂ ਦੀ ਜਾਂਚ ਕਰਕੇ ਆਮ ਫੌਜੀਆਂ ਵਾਲੀਆਂ ਸਹੂਲਤਾਂ ਬਹਾਲ ਕੀਤੀਆਂ ਜਾਣ। 

ਬਾਦਲ ਦਲ ਨੇ ਭਾਰਤ ਦੇ ਰੱਖਿਆ ਮੰਤਰੀ ਨੂੰ ਬੇਨਤੀ ਕੀਤੀ ਕਿ ਇਹਨਾਂ ਮਾਮਲਿਆਂ ਨੂੰ ਤਰਸ ਦੇ ਅਧਾਰ 'ਤੇ ਨਜਿੱਠਿਆ ਜਾਵੇ ਤੇ ਉਹਨਾਂ ਦੀਆਂ ਫੌਜੀ ਸਹੂਲਤਾਂ ਬਹਾਲ ਕਰਕੇ ਉਹਨਾਂ ਦੀ ਜ਼ਿੰਦਗੀ ਨੂੰ ਮੁੜ ਲੀਹੇ ਪਾਇਆ ਜਾਵੇ।

ਸੁਖਬੀਰ ਬਾਦਲ ਨੇ ਕਿਹਾ ਕਿ ਜੂਨ 1984 ਵਿੱਚ ਰਾਮਗੜ੍ਹ ਕੈਂਟ, ਪੂਨੇ, ਅਲਵਰ, ਬਰੇਲੀ ਅਤੇ ਕੁੱਝ ਹੋਰ ਥਾਵਾਂ 'ਤੇ ਸਿੱਖ ਫੌਜੀਆਂ ਨੇ ਆਪਣੀਆਂ ਬੈਰਕਾਂ ਛੱਡ ਦਿੱਤੀਆਂ ਸਨ। ਉਹਨਾਂ ਕਿਹਾ ਕਿ ਉਹ ਬਗਾਵਤ ਜਾਂ ਦੇਸ਼ ਧ੍ਰੋਹ ਨਹੀਂ ਕਰ ਰਹੇ ਸੀ ਪਰ ਸਿੱਖਾਂ ਦੇ ਕੇਂਦਰੀ ਧਾਰਮਿਕ ਸਥਾਨ ਦਰਬਾਰ ਸਾਹਿਬ 'ਤੇ ਹੋਏ ਫੌਜੀ ਹਮਲੇ ਦਾ ਉਹਨਾਂ ਵਿੱਚ ਰੋਸ ਸੀ। 

ਬਾਦਲ ਨੇ ਕਿਹਾ ਕਿ ਇਹਨਾਂ ਫੌਜੀਆਂ ਨੂੰ ਨੌਕਰੀਆਂ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਪੈਂਸ਼ਨ ਸਹੂਲਤਾਂ ਵੀ ਨਹੀਂ ਦਿੱਤੀਆਂ ਗਈਆਂ। 

ਦੱਸ ਦਈਏ ਕਿ ਆਮ ਕਿਹਾ ਜਾਂਦਾ ਹੈ ਕਿ ਭਾਰਤੀ ਫੌਜਾਂ ਵੱਲੋਂ ਦਰਬਾਰ ਸਾਹਿਬ 'ਤੇ ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਹੀ ਸਿੱਖ ਫੌਜੀਆਂ ਨੂੰ ਬੈਰਕਾਂ ਛੱਡਣ ਲਈ ਕਿਹਾ ਸੀ। ਜਿੱਥੇ ਇਹਨਾਂ ਸਿੱਖ ਧਰਮੀ ਫੌਜੀਆਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਸਿੱਖ ਸੰਸਥਾਵਾਂ ਦੀ ਸੀ ਜਿਹਨਾਂ 'ਤੇ ਬਾਦਲ ਪਰਿਵਾਰ ਲੰਬੇ ਸਮੇਂ ਤੋਂ ਕਾਬਜ਼ ਹੈ ਉੱਥੇ ਬਾਦਲ ਪਰਿਵਾਰ ਭਾਰਤੀ ਰਾਜ ਸੱਤਾ ਦਾ ਸੁੱਖ ਮਾਣਦਿਆਂ ਹੋਇਆ ਇਹਨਾਂ ਦੀ ਕੁਰਬਾਨੀ ਲਈ ਭਾਰਤੀਆਂ ਅੱਗੇ ਤਰਸ ਲਈ ਬੇਨਤੀਆਂ ਕਰ ਰਿਹਾ ਹੈ। ਅਜਿਹੇ ਵਿੱਚ ਇਹ ਸਵਾਲ ਉੱਠਣਾ ਵਾਜਬ ਹੈ ਕਿ ਬਾਦਲ ਪਰਿਵਾਰ ਅਜਿਹਾ ਕਰਕੇ ਸਿੱਖ ਕੌਮ ਦੇ ਇਤਿਹਾਸ ਨੂੰ ਸ਼ਰਮਸਾਰ ਤਾਂ ਨਹੀਂ ਕਰ ਰਿਹਾ?

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ