ਘੱਲੂਘਾਰਾ ਦਿਹਾੜੇ ਤੋਂ ਪਹਿਲਾਂ ਪੁਲਸੀਆ ਕਾਰਵਾਈ; ਬੱਬਰ ਖਾਲਸਾ ਨਾਲ ਸਬੰਧ ਦੱਸ ਕੇ ਚੁੱਕੇ ਦੋ ਸਿੱਖ ਨੌਜਵਾਨ

ਘੱਲੂਘਾਰਾ ਦਿਹਾੜੇ ਤੋਂ ਪਹਿਲਾਂ ਪੁਲਸੀਆ ਕਾਰਵਾਈ; ਬੱਬਰ ਖਾਲਸਾ ਨਾਲ ਸਬੰਧ ਦੱਸ ਕੇ ਚੁੱਕੇ ਦੋ ਸਿੱਖ ਨੌਜਵਾਨ
ਜਗਦੇਵ ਸਿੰਘ ਅਤੇ ਰਵਿੰਦਰਪਾਲ ਸਿੰਘ ਮਹਿਨਾ ਦੀ ਤਸਵੀਰ

ਚੰਡੀਗੜ੍ਹ: ਪੰਜਾਬ ਵਿੱਚ ਹਰ ਸਾਲ ਜੂਨ ਦੇ ਮਹੀਨੇ ਜਦੋਂ ਸਿੱਖ ਆਪਣੇ ਧਾਰਮਿਕ ਸਥਾਨਾਂ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ 'ਤੇ ਭਾਰਤੀ ਫੌਜ ਵੱਲੋਂ 1984 ਵਿੱਚ ਕੀਤੇ ਹਮਲੇ ਦੀ ਯਾਦ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹੁੰਦੇ ਹਨ ਤਾਂ ਉਸ ਸਮੇਂ ਹਰ ਸਾਲ ਪੰਜਾਬ ਪੁਲਿਸ ਵੱਲੋਂ ਇਹਨਾਂ ਦਿਨਾਂ 'ਚ ਕੁੱਝ ਸਿੱਖ ਨੌਜਵਾਨਾਂ ਨੂੰ ਸਿੱਖ ਖਾੜਕੂ ਧਿਰਾਂ ਦੇ ਨਾਂ ਨਾਲ ਜੋੜ ਕੇ ਚੁੱਕਣਾ ਆਮ ਵਰਤਾਰਾ ਹੋ ਗਿਆ ਹੈ। ਇਸ ਸਾਲ ਵੀ ਮਈ ਦੇ ਅਖੀਰਲੇ ਦਿਨਾਂ 'ਚ ਅਜਿਹੀ ਕਾਰਵਾਈ ਦੇਖਣ ਨੂੰ ਮਿਲੀ ਹੈ। ਬੀਤੇ ਕੱਲ੍ਹ ਅੰਮ੍ਰਿਤਸਰ ਵਿੱਚ ਪੰਜਾਬ ਪੁਲਿਸ ਨੇ ਦੋ ਸਿੱਖ ਨੌਜਵਾਨਾਂ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਾਰਕੁੰਨ ਦੱਸ ਕੇ ਗ੍ਰਿਫਤਾਰ ਕੀਤੇ ਹਨ।

ਗ੍ਰਿਫਤਾਰ ਕੀਤੇ ਗਏ ਇਹਨਾਂ ਸਿੱਖ ਨੌਜਵਾਨਾਂ ਦੀ ਪਛਾਣ ਜਗਦੇਵ ਸਿੰਘ ਅਤੇ ਰਵਿੰਦਰਪਾਲ ਸਿੰਘ ਵਜੋਂ ਹੋਈ ਹੈ, ਜਿਹਨਾਂ ਨੂੰ ਇਹ ਕਹਿ ਕੇ ਗ੍ਰਿਫਤਾਰ ਕੀਤਾ ਗਿਆ ਹੈ ਕਿ ਹਥਿਆਰਬੰਦ ਕਾਰਵਾਈਆਂ ਕਰਨ ਲਈ "ਸਲੀਪਰ ਸੈੱਲਾਂ" ਨੂੰ ਪੈਸਾ ਅਤੇ ਹਥਿਆਰ ਮੁਹੱਈਆ ਕਰਵਾਉਂਦੇ ਸਨ। ਪੁਲਿਸ ਦਾਅਵੇ ਮੁਤਾਬਿਕ ਇਹ ਨੌਜਵਾਨ ਮਲੇਸ਼ੀਆ ਰਹਿੰਦੇ ਕੁਲਵਿੰਦਰਜੀਤ ਸਿੰਘ ਉਰਫ ਖਾਨਪੁਰੀਆ ਦੇ ਆਦੇਸ਼ਾਂ 'ਤੇ ਇਹ ਕੰਮ ਕਰਦੇ ਸਨ।

ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ, ਅੰਮ੍ਰਿਤਸਰ ਵੱਲੋਂ ਦਾਅਵਾ ਕੀਤਾ ਗਿਆ ਕਿ ਉਹਨਾਂ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਿਤ ਕੁਲਵਿੰਦਰਜੀਤ ਸਿੰਘ ਆਪਣੇ ਸਾਥੀਆਂ ਨਾਲ ਇੱਕ ਖਾਸ ਭਾਈਚਾਰੇ ਦੇ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਅਤੇ ਭਾਈਚਾਰਕ ਸਾਂਝ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਵੇਲੇ ਲਗਭਗ ਅਜਿਹੀ ਹੀ ਕਹਾਣੀ ਬਣਾ ਕੇ ਪੇਸ਼ ਕਰਦੀ ਹੈ ਤੇ ਆਮ ਦੇਖਣ ਵਿੱਚ ਆਇਆ ਹੈ ਕਿ ਅਦਾਲਤ ਵਿੱਚ ਇਹ ਕਹਾਣੀ ਸਾਬਤ ਨਹੀਂ ਹੁੰਦੀ ਪਰ ਕਈ ਸਾਲਾਂ ਤੱਕ ਕੇਸ ਚੱਲਦਾ ਰਹਿਣ ਤੱਕ ਸਿੱਖ ਨੌਜਵਾਨ ਜੇਲ੍ਹਾਂ ਵਿੱਚ ਤਾੜੇ ਰਹਿੰਦੇ ਹਨ। 

ਇਸ ਸਬੰਧੀ ਕੁਲਵਿੰਦਰ ਸਿੰਘ ਉਰਫ਼ ਖਾਨਪੁਰੀਆ ਪੁੱਤਰ ਸੰਪੂਰਨ ਸਿੰਘ ਲੰਬਰਦਾਰ ਮੁਹੱਲਾ ਦੋਰਾਹਾ ਲੁਧਿਆਣਾ, ਰਵਿੰਦਰਪਾਲ ਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵੀ.ਪੀ.ਓ. ਮਹਿਨਾ, ਜ਼ਿਲ੍ਹਾ ਮੋਗਾ ਅਤੇ ਜਗਦੇਵ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਵੀ.ਪੀ.ਓ. ਤਲਾਨੀਆ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਖਿਲਾਫ਼ ਆਰਮਜ਼ ਐਕਟ ਦੀ ਧਾਰਾ 25, ਧਮਾਕਾਖੇਜ਼ ਸਮੱਗਰੀ (ਸੋਧ) ਐਕਟ 2001 ਦੀ ਧਾਰਾ 3,4,5 ਅਤੇ ਗੈਰਕਾਨੂੰਨੀ ਗਤੀਵਿਧੀਆਂ ਬਾਰੇ ਐਕਟ, 1967 ਦੀ ਧਾਰਾ 17,18, 18-ਬੀ, 20 ਤਹਿਤ ਐਫ.ਆਈ.ਆਰ. ਨੰ. 05 ਮਿਤੀ 30 ਮਈ, 2019 ਥਾਣਾ ਸਟੇਟ ਸਪੈਸ਼ਲ ਆਪਰੇਸ਼ਨਜ਼ ਸੈੱਲ, ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਹੈ।

ਪੁਲਿਸ ਨੇ ਦਾਅਵਾ ਕੀਤਾ ਹੈ ਕਿ ਕੁਲਵਿੰਦਰਜੀਤ ਸਿੰਘ ਜਨਵਰੀ 2019 ਵਿੱਚ ਮਲੇਸ਼ੀਆ ਗਿਆ ਹੈ ਤੇ ਉਹ ਪੰਜਾਬ ਵਿੱਚ ਹਥਿਆਰਬੰਦ ਕਾਰਵਾਈਆਂ ਕਰਾਉਣ ਲਈ ਕੋਸ਼ਿਸ਼ਾਂ ਕਰ ਰਿਹਾ ਹੈ। 

ਦੱਸਣਯੋਗ ਹੈ ਕਿ ਬੀਤੇ 2 ਸਾਲਾਂ ਤੋਂ ਪੰਜਾਬ ਵਿੱਚ ਅਜਿਹੀਆਂ ਕਹਾਣੀਆਂ ਦੇ ਅਧਾਰ 'ਤੇ ਸਿੱਖ ਨੌਜਵਾਨਾਂ ਦੀ ਫੜੋਫੜੀ ਵਿੱਚ ਚੋਖਾ ਵਾਧਾ ਹੋਇਆ ਹੈ ਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਅਧੀਨ ਮਾਮਲੇ ਦਰਜ ਕਰਕੇ ਇਹਨਾਂ ਨੌਜਵਾਨਾਂ ਨੂੰ ਲੰਬੀ ਹਿਰਾਸਤ ਵਿੱਚ ਰੱਖਿਆ ਜਾ ਰਿਹਾ ਹੈ। 

ਅੰਮ੍ਰਿਤਸਰ ਟਾਈਮਜ਼ ਨੂੰ ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਦੋਵੇਂ ਨੌਜਵਾਨ ਸਿੱਖ ਹੱਕਾਂ ਦੀ ਗੱਲ ਜ਼ਰੂਰ ਕਰਦੇ ਸਨ ਤੇ ਪੰਥਕ ਸਮਾਗਮਾਂ ਵਿੱਚ ਹਾਜ਼ਰੀ ਵੀ ਭਰਦੇ ਸਨ ਪਰ ਇਹਨਾਂ 'ਤੇ ਅਜਿਹੀ ਕਿਸੇ ਘਟਨਾ ਵਿੱਚ ਸ਼ਾਮਿਲ ਹੋਣ ਦਾ ਕੋਈ ਮਾਮਲਾ ਨਹੀਂ ਸੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ