ਤੁਰਕੀ ਦੇ ਰਾਸ਼ਟਰਪਤੀ ਨੇ ਤੁਰਕਾਂ ਨੂੰ ਫਰਾਂਸਿਸੀ ਵਸਤਾਂ ਦੇ ਬਾਈਕਾਟ ਦਾ ਸੱਦਾ ਦਿੱਤਾ

ਤੁਰਕੀ ਦੇ ਰਾਸ਼ਟਰਪਤੀ ਨੇ ਤੁਰਕਾਂ ਨੂੰ ਫਰਾਂਸਿਸੀ ਵਸਤਾਂ ਦੇ ਬਾਈਕਾਟ ਦਾ ਸੱਦਾ ਦਿੱਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਤੁਰਕੀ ਅਤੇ ਫਰਾਂਸ ਦਰਮਿਆਨ ਸਦੀਆਂ ਪੁਰਾਣਾ ਟਕਰਾਅ ਇਕ ਵਾਰ ਫੇਰ ਮੋਹਰਲੀਆਂ ਸਿਆਸੀ ਗਤੀਵਿਧੀਆਂ ਦਾ ਹਿੱਸਾ ਬਣਦਾ ਜਾ ਰਿਹਾ ਹੈ। ਨਵੀਂ ਕਾਰਵਾਈ ਅਧੀਨ ਤੁਰਕੀ ਦੇ ਰਾਸ਼ਟਰਪਤੀ ਰਿਸਿਪ ਤਾਇਪ ਏਰਡੋਗਨ ਨੇ ਤੁਰਕ ਲੋਕਾਂ ਨੂੰ ਫਰਾਂਸਿਸੀ ਵਸਤਾਂ ਦਾ ਬਾਈਕਾਟ ਕਰਨ ਲਈ ਕਿਹਾ ਹੈ। ਇਹ ਸੱਦਾ ਫਰਾਂਸ ਵਿਚ ਪੈਗੰਬਰ ਮੋਹਮਦ ਸਾਹਿਬ ਦੇ ਕਾਰਟੂਨਾਂ ਨਾਲ ਜੁੜਿਆ ਹੈ।

ਜ਼ਿਕਰਯੋਗ ਹੈ ਕਿ ਫਰਾਂਸ ਦੀ ਸਰਕਾਰ ਪੈਗੰਬਰ ਮੋਹਮਦ ਸਾਹਿਬ ਦੇ ਕਾਰਟੂਨ ਬਣਾਉਣ ਵਾਲਿਆਂ ਦੇ ਸਮਰਥਨ ਵਿਚ ਖੜ੍ਹੀ ਹੈ। ਜਦਕਿ ਇਸਲਾਮ ਦੇ ਸਿਧਾਂਤ ਮੁਤਾਬਕ ਪੈਗੰਬਰ ਮੋਹਮਦ ਸਾਹਿਬ ਨੂੰ ਕਿਸੇ ਵੀ ਰੂਪ ਵਿਚ ਚਿਤਰਿਆ ਨਹੀਂ ਜਾ ਸਕਦਾ। ਮੋਹੱਮਦ ਸਾਹਿਬ ਦੇ ਚਿਤਰਣ ਨੂੰ ਵੱਡੀ ਤੌਹੀਨ ਮੰਨਿਆ ਜਾਂਦਾ ਹੈ। 

ਕੁੱਝ ਦਿਨ ਪਹਿਲਾਂ ਫਰਾਂਸ ਦੇ ਇਕ ਸਕੂਲ ਵਿਚ ਮੋਹੱਮਦ ਸਾਹਿਬ ਦਾ ਕਾਰਟੂਨ ਬੱਚਿਆਂ ਨੂੰ ਵਖਾਉਣ ਵਾਲੇ ਅਧਿਆਪਕ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਬਿਆਨ ਦਿੱਤਾ ਸੀ ਕਿ ਫਰਾਂਸ ਦੀ ਸਰਕਾਰ ਆਪਣੀ ਇਸਲਾਮੀ ਅਬਾਦੀ ਦੀ ਮਾਨਸਿਕ ਤਬਦੀਲੀ ਲਈ ਇਕ ਨੀਤੀ ਲਿਆ ਰਹੀ ਹੈ। 

ਇਸ ਦੇ ਜਵਾਬ ਵਿਚ ਤੁਰਕੀ ਦੇ ਰਾਸ਼ਟਰਪਤੀ ਏਰਡੋਗਨ ਨੇ ਕਿਹਾ ਸੀ ਕਿ ਫਰਾਂਸ ਦੇ ਰਾਸ਼ਟਰਪਤੀ ਨੂੰ ਆਪਣਾ ਮਾਨਸਿਕ ਇਲਾਜ਼ ਕਰਾਉਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵੀ ਪਿਛਲੇ ਕੁੱਝ ਮਹੀਨਿਆਂ ਵਿਚ ਦੋਵੇਂ ਮੁਲਕ ਲੀਬੀਆ ਜੰਗ ਤੋਂ ਲੈ ਕੇ ਪੂਰਬੀ ਮੈਡੀਟਰੇਨੀਅਨ ਸਾਗਰ ਵਿਚ ਤੇਲ ਦੀ ਭਾਲ ਲਈ ਤੁਰਕ ਕਾਰਵਾਈਆਂ ਦੇ ਮਾਮਲੇ 'ਚ ਆਹਮੋ-ਸਾਹਮਣੇ ਚੱਲ ਰਹੇ ਹਨ।