ਅਮਰੀਕਾ ਸਾਊਦੀ ਤੇਲ ਰਿਫਾਇਨਰੀਆਂ ਤੇ ਹਮਲੇ ਦੇ ਜਵਾਬ ਲਈ ਤਿਆਰ: ਟਰੰਪ

ਅਮਰੀਕਾ ਸਾਊਦੀ ਤੇਲ ਰਿਫਾਇਨਰੀਆਂ ਤੇ ਹਮਲੇ ਦੇ ਜਵਾਬ ਲਈ ਤਿਆਰ: ਟਰੰਪ
ਸਾਊਦੀ ਰਿਫਾਈਨਰੀ ਵਿੱਚ ਧਮਾਕੇ ਨਾਲ ਲੱਗੀ ਅੱਗ ਦੀ ਤਸਵੀਰ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਧਮਕੀ ਦਿੱਤੀ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਸਾਊਦੀ ਅਰਬ ਦੀਆਂ ਦੋ ਤੇਲ ਰਿਫਾਇਨਰੀਆਂ 'ਤੇ ਹੋਏ ਡਰੋਨ ਹਮਲਿਆਂ ਦਾ ਜਵਾਬ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਉਹ ਰਿਆਧ ਦੇ ਫੈਸਲੇ ਦੀ ਉਡੀਕ ਕਰ ਰਹੇ ਹਨ। ਅਮਰੀਕਾ ਵਲੋਂ ਹਮਲੇ ਦੀਆਂ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆ ਗਈਆ ਹਨ। ਰਾਸ਼ਟਰਪਤੀ ਵਲੋਂ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਅਮਰੀਕਾ ਦੀਆਂ ਖ਼ੁਫੀਆ ਏਜੰਸੀਆ ਹਮਲਿਆਂ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਹਨ। 

ਅਰਾਮਕੋ ਕੰਪਨੀ ਦੇ ਤੇਲ ਪਲਾਟਾਂ 'ਤੇ ਹਮਲਿਆਂ ਦੀ ਜਿੰਮੇਵਾਰੀ ਉਂਝ ਯਮਨ ਦੇ ਹੂਤੀ ਖਾੜਕੂਆਂ ਨੇ ਕਬੂਲੀ ਹੈ, ਜਿਸ ਨੂੰ ਕਿ ਇਰਾਨ ਦਾ ਥਾਪੜਾ ਹਾਸਿਲ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਸ਼ਨਿਚਰਵਾਰ ਨੂੰ ਆਪਣੇ ਬਿਆਨ ਵਿੱਚ ਸਿੱਧੇ ਇਰਾਨ ਨੂੰ ਦੋਸ਼ੀ ਠਹਿਰਾਇਆ ਸੀ ਜਦਕਿ ਇਰਾਨ ਸਰਕਾਰ ਨੇ ਹਮਲੇ ਚ ਆਪਣੀ ਕਿਸੇ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। 

ਉਂਝ ਸਾਊਦੀ ਅਰਬ ਵਲੋਂ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਮਰੀਕੀ ਅਫਸਰ ਨੇ ਕਿਹਾ ਕਿ ਹਮਲੇ ਯਮਨ 'ਚ ਹੂਤੀ ਦੇ ਕਬਜ਼ੇ ਵਾਲੇ ਇਲਾਕੇ ਚੋਂ ਨਹੀਂ ਸਗੋਂ ਉੱਤਰ-ਪੱਛਮ ਦਿਸ਼ਾ ਵਲੋਂ ਹੋਏ। ਬੀਬੀਸੀ ਦੀ ਰਿਪੋਰਟ ਮੁਤਾਬਿਕ ਇਕ ਹੋਰ ਅਫਸਰ ਨੇ ਕਿਹਾ ਕਿ ਹਮਲੇ ਉੱਤਰੀ ਖਾੜੀ, ਇਰਾਨ ਜਾਂ ਇਰਾਕ ਤੋਂ ਹੋਏ ਜਾਪਦੇ ਹਨ। ਅਧਿਕਾਰੀਆਂ ਮੁਤਾਬਕ ਅਬਕੈਕ ਅਤੇ ਖੁਰਾਇਸ ਤੇਲ ਖੇਤਰਾਂ 'ਚ ਡਰੋਨ ਅਤੇ ਕਰੂਜ ਮਿਜ਼ਾਈਲਾਂ ਨਾਲ ਹਮਲੇ ਕੀਤੇ ਗਏ।