ਅਹਿਮਦਾਬਾਦ ਦੇ ਸਰਕਾਰੀ ਹਸਪਤਾਲ ਵਿਚ ਕੋਰੋਨਾਵਾਇਰਸ ਮਰੀਜ਼ਾਂ ਦੀ ਧਰਮ ਅਧਾਰ 'ਤੇ ਛਾਂਟੀ ਕੀਤੀ ਗਈ

ਅਹਿਮਦਾਬਾਦ ਦੇ ਸਰਕਾਰੀ ਹਸਪਤਾਲ ਵਿਚ ਕੋਰੋਨਾਵਾਇਰਸ ਮਰੀਜ਼ਾਂ ਦੀ ਧਰਮ ਅਧਾਰ 'ਤੇ ਛਾਂਟੀ ਕੀਤੀ ਗਈ

ਭਾਜਪਾ ਦੀ ਸਰਕਾਰ ਵਾਲੇ ਗੁਜਰਾਤ ਸੂਬੇ ਦੀ ਰਾਜਧਾਨੀ ਅਹਿਮਦਾਬਾਦ ਦੇ ਸਰਕਾਰੀ ਹਸਪਤਾਲ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਛਾਂਟੀ ਧਰਮ ਦੇ ਅਧਾਰ 'ਤੇ ਕਰਨ ਦੀਆਂ ਖਬਰਾਂ ਹਨ। ਇੰਡੀਅਨ ਐਕਸਪ੍ਰੈਸ ਅਖਬਾਰ ਦੀ ਰਿਪੋਰਟ ਮੁਤਾਬਕ ਇੱਥੇ ਦਾਖਲ ਕੋਰੋਨਾ ਪੀੜਤ ਹਿੰਦੂਆਂ ਅਤੇ ਮੁਸਲਮਾਨਾਂ ਲਈ ਵੱਖਰੇ ਵੱਖਰੇ ਵਾਰਡ ਨਿਯਤ ਕੀਤੇ ਗਏ ਹਨ। ਹਸਪਤਾਲ ਦੇ ਡਾਕਟਰਾਂ ਮੁਤਾਬਕ ਇਸ ਤਰ੍ਹਾਂ ਕਰਨ ਲਈ ਸਰਕਾਰ ਦੇ ਹੁਕਮ ਆਏ ਹਨ ਪਰ ਸਰਕਾਰ ਦੇ ਮੰਤਰੀਆਂ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਾ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਇਸ ਹਸਪਤਾਲ ਵਿਚ ਕੋਵਿਡ-19 ਮਰੀਜ਼ਾਂ ਲਈ 1200 ਬੈਡਾਂ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਮੋਜੂਦਾ ਸਮੇਂ ਇੱਥੇ ਕੁੱਲ 180 ਮਰੀਜ਼ ਦਾਖਲ ਹਨ ਜਿਹਨਾਂ ਵਿਚੋਂ 150 ਮਰੀਜ਼ਾਂ ਦੇ ਪੋਸਿਟਿਵ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਇਹਨਾਂ 150 ਮਰੀਜ਼ਾਂ ਵਿਚੋਂ 40 ਦੇ ਕਰੀਬ ਮੁਸਲਿਮ ਹਨ। 

ਹਸਪਤਾਲ ਦੇ ਮੈਡੀਕਲ ਅਫਸਰ ਡਾ. ਗੁਨਵੰਤ ਐਚ ਰਾਠੌੜ ਨੇ ਕਿਹਾ ਕਿ ਹਿੰਦੂ ਅਤੇ ਮੁਸਲਿਮ ਮਰੀਜ਼ਾਂ ਲਈ ਵੱਖੋ-ਵੱਖਰੇ ਵਾਰਡ ਸਰਕਾਰੀ ਹੁਕਮਾਂ ਮੁਤਾਬਕ ਹੀ ਬਣਾਏ ਗਏ ਹਨ ਜਦਕਿ ਉੱਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨਿਤਿਨ ਪਟੇਲ ਨੇ ਇਸ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ।

ਡਾ. ਰਾਠੌੜ ਨੇ ਕਿਹਾ, "ਆਮ ਕਰਕੇ ਮਰਦਾਂ ਅਤੇ ਔਰਤਾਂ ਲਈ ਵੱਖੋ-ਵੱਖਰੇ ਵਾਰਡ ਹਨ। ਪਰ ਹੁਣ, ਅਸੀਂ ਹਿੰਦੂ ਅਤੇ ਮੁਸਲਿਮ ਮਰੀਜ਼ਾਂ ਲਈ ਵੱਖ-ਵੱਖ ਵਾਰਡ ਬਣਾਏ ਹਨ।"

ਅਹਿਮਦਾਬਾਦ ਦੇ ਕਲੈਕਟਰ ਕੇ ਕੇ ਨਿਰਾਲਾ ਨੇ ਵੀ ਇਸ ਸਬੰਧੀ ਕੋਈ ਜਾਣਕਾਰੀ ਨਾ ਹੋਣ ਦਾ ਦਾਅਵਾ ਕੀਤਾ ਹੈ। 

ਦੱਸ ਦਈਏ ਕਿ ਭਾਰਤ ਵਿਚ ਇਸ ਮਹਾਂਮਾਰੀ ਦੇ ਫੈਲਣ ਦੇ ਚਲਦਿਆਂ ਕਈ ਸਮਾਜ ਵਿਗਿਆਨ ਦੇ ਮਾਹਰ ਪਹਿਲਾਂ ਹੀ ਇਹ ਤੌਖਲਾ ਪ੍ਰਗਟ ਕਰ ਚੁੱਕੇ ਹਨ ਕਿ ਨਾ-ਬਰਬਾਰੀ ਅਤੇ ਧਾਰਮਿਕ ਨਫਰਤ ਵਾਲੇ ਮਾਹੌਲ ਅੰਦਰ ਜਦੋਂ ਇਹ ਬਿਮਾਰੀ ਭਾਰਤ ਵਿਚ ਫੈਲ ਰਹੀ ਹੈ ਤਾਂ ਇਸ ਮੌਕੇ ਇਲਾਜ਼ ਵਿਚ ਸਮਾਜਿਕ ਵਿਤਕਰੇ ਨਾਲ ਹਾਲਾਤ ਹੋਰ ਬਦਤਰ ਹੋ ਸਕਦੇ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।