ਕਿਸਾਨ ਸੰਘਰਸ਼ ਦੇ ਹਕ ਵਿਚ ਗ੍ਰੇਟਾ-ਰਿਹਾਨਾ ਬਨਾਮ ਕਿਸਾਨ ਵਿਰੋਧੀ ਬਾਲੀਵੁੱਡ  ਵਾਲੇ : ਪ੍ਰੋਫੈਸਰ ਕੁਲਬੀਰ ਸਿੰਘ

ਕਿਸਾਨ ਸੰਘਰਸ਼ ਦੇ ਹਕ ਵਿਚ ਗ੍ਰੇਟਾ-ਰਿਹਾਨਾ ਬਨਾਮ ਕਿਸਾਨ ਵਿਰੋਧੀ ਬਾਲੀਵੁੱਡ  ਵਾਲੇ : ਪ੍ਰੋਫੈਸਰ ਕੁਲਬੀਰ ਸਿੰਘ

ਗ੍ਰੇਟਾ-ਰਿਹਾਨਾ ਦੇ ਕਿਸਾਨ ਸੰਘਰਸ਼ ਦੇ ਹੱਕ ਵਿਚ ਨਿਤਰਨ 'ਤੇ ਬੜਾ ਵਾਵੇਲਾ ਮਚਿਆ। ਜਿਹੜੇ ਕਲਾਕਾਰਾਂ, ਖਿਡਾਰੀਆਂ ਦੇ ਮੂੰਹ ਵਿਚ ਦੋ ਮਹੀਨੇ ਤੋਂ ਘੁੰਗਣੀਆਂ ਪਈਆਂ ਹੋਈਆਂ ਸਨ, ਉਹ ਇਕਦਮ ਬੋਲਣ ਲੱਗ ਪਏ। ਅਕਸ਼ੈ ਕੁਮਾਰ, ਕੰਗਨਾ ਰਣੌਤ, ਅਜੈ ਦੇਵਗਨ, ਕਰਨ ਜੌਹਰ, ਸੁਨੀਲ ਸ਼ੈਟੀ, ਰਵੀ ਸ਼ਾਸਤਰੀ, ਸਚਿਨ ਤੇਂਦੁਲਕਰ, ਸ਼ਿਖਰ ਧਵਨ। ਇਨ੍ਹਾਂ ਨੂੰ ਢਾਈ ਮਹੀਨੇ ਪਤਾ ਹੀ ਨਹੀਂ ਲੱਗਾ ਕਿ ਦਿੱਲੀ ਬਾਰਡਰ ਦੀਆਂ ਸੜਕਾਂ 'ਤੇ ਕਿਸਾਨ ਬੈਠੇ ਹਨ। ਜਿਨ੍ਹਾਂ ਦੀਆਂ ਕੁਝ ਮੰਗਾਂ ਹਨ, ਉਮੰਗਾਂ ਹਨ। ਗ੍ਰੇਟਾ ਤੇ ਰਿਹਾਨਾ ਦੇ ਬੋਲਣ 'ਤੇ ਇਨ੍ਹਾਂ ਨੂੰ ਪਤਾ ਲੱਗਾ ਅਤੇ ਇਨ੍ਹਾਂ ਨੇ ਮੂੰਹ 'ਚੋਂ ਘੁੰਗਣੀਆਂ ਕੱਢੀਆਂ। ਇਨ੍ਹਾਂ ਨੂੰ ਪਹਿਲਾਂ ਵੀ ਬੋਲਣਾ ਚਾਹੀਦਾ ਸੀ। ਸੰਵੇਦਨਸ਼ੀਲਤਾ, ਹਮਦਰਦੀ, ਪਿਆਰ, ਲੋਕ-ਹਿਤ ਕੇਵਲ ਫ਼ਿਲਮਾਂ ਲਈ ਹਨ? ਅਸਲੀ ਜੀਵਨ ਵਿਚ ਇਨ੍ਹਾਂ ਲਈ, ਇਨ੍ਹਾਂ ਦੇ ਕੋਈ ਮਾਅਨੇ ਨਹੀਂ? ਅਸਲੀ ਜੀਵਨ ਵਿਚ ਰਾਗ ਦਰਬਾਰੀ ਆਰੰਭ ਹੋ ਜਾਂਦਾ ਹੈ। ਇਹ ਸਰਕਾਰਾਂ ਦੇ ਬੁਲਾਰੇ ਬਣ ਜਾਂਦੇ ਹਨ। ਦਰਸ਼ਕਾਂ ਨੂੰ ਭੁੱਲ ਜਾਂਦੇ ਹਨ। ਕਲਾਕਾਰਾਂ ਦਾ ਇਹ ਰੂਪ ਵੇਖ ਕੇ ਤਕਲੀਫ਼ ਹੁੰਦੀ ਹੈ। ਇਨ੍ਹਾਂ ਦੀ ਸੰਵੇਦਨਸ਼ੀਲਤਾ, ਇਨ੍ਹਾਂ ਦਾ ਜਜ਼ਬਾ, ਇਨ੍ਹਾਂ ਦਾ ਸਵੈ-ਮਾਣ ਕਿੱਥੇ ਗਾਇਬ ਹੋ ਜਾਂਦਾ ਹੈ? ਇਹ ਕਲਾਕਾਰ ਲੋਕਾਂ ਕਰਕੇ ਹਨ। ਸਰਕਾਰਾਂ ਜਾਂ ਸਿਆਸੀ ਨੇਤਾਵਾਂ ਕਰਕੇ ਨਹੀਂ। ਇਸ ਦਾ ਅਹਿਸਾਸ ਗੁਰਦਾਸ ਮਾਨ ਨੂੰ ਹੋ ਗਿਆ ਹੋਵੇਗਾ। ਇਹ ਉਸ ਤੋਂ ਉਸ ਦਾ ਤਜਰਬਾ ਸੁਣ ਸਕਦੇ ਹਨ।

ਫ਼ਿਲਮੀ ਕਲਾਕਾਰ, ਵਿਸ਼ੇਸ਼ ਕਰਕੇ ਚਰਚਿਤ ਕਲਾਕਾਰ ਕਿਸੇ ਵੀ ਸੰਕਟ ਸਮੇਂ ਸਰਕਾਰ ਵਿਰੁੱਧ ਬੋਲਣ ਤੋਂ, ਲੋਕਾਂ ਨਾਲ ਖੜ੍ਹੇ ਹੋਣ ਤੋਂ ਡਰ ਜਾਂਦੇ ਹਨ। ਸਰਕਾਰ ਦੀ ਹਾਂ ਵਿਚ ਹਾਂ ਮਿਲਾਉਣਾ ਇਨ੍ਹਾਂ ਦੀ ਮਜਬੂਰੀ ਬਣ ਜਾਂਦੀ ਹੈ, ਕਿਉਂਕਿ ਸਰਕਾਰ ਤੋਂ ਇਨ੍ਹਾਂ ਨੇ ਕਈ ਤਰ੍ਹਾਂ ਦੇ ਫਾਇਦੇ ਲੈਣੇ ਹੁੰਦੇ ਹਨ। ਇਨਾਮ ਸਨਮਾਨ ਲੈਣੇ ਹੁੰਦੇ ਹਨ। ਲੋਕਾਂ ਤੋਂ ਇਨ੍ਹਾਂ ਨੇ ਕੀ ਲੈਣਾ? ਸੰਕਟ ਸਮੇਂ ਅਕਸਰ ਫ਼ਿਲਮ ਉਦਯੋਗ ਵੰਡਿਆ ਜਾਂਦਾ ਹੈ। ਪ੍ਰੰਤੂ ਇਸ ਵਾਰ ਇਕ ਖਾਸ ਗੱਲ ਸਾਹਮਣੇ ਆਈ ਹੈ। ਚੋਟੀ ਦੇ ਕਲਾਕਾਰਾਂ ਤੇ ਖਿਡਾਰੀਆਂ ਨੇ ਜੋ ਟਵੀਟ ਕੀਤਾ, ਉਸ ਦਾ ਸਮਾਂ ਅਤੇ ਭਾਸ਼ਾ ਇਕੋ ਜਿਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਸੰਦੇਸ਼ ਇਨ੍ਹਾਂ ਨੂੰ ਮੁਹੱਈਆ ਕੀਤਾ ਗਿਆ ਹੈ। ਮਹਾਰਾਸ਼ਟਰ ਸਰਕਾਰ ਨੂੰ ਇਸ ਸਬੰਧ ਵਿਚ ਸ਼ਿਕਾਇਤਾਂ ਮਿਲੀਆਂ ਹਨ। ਨਤੀਜੇ ਵਜੋਂ ਉਸ ਨੇ ਇਸ ਮਸਲੇ ਦੀ ਪੜਤਾਲ ਕਰਵਾਉਣ ਦਾ ਫੈਸਲਾ ਕੀਤਾ ਹੈ।

ਉਧਰ ਅਮਰੀਕਾ ਦੀਆਂ 80 ਸਿੱਖ ਸੰਸਥਾਵਾਂ ਨੇ ਕਿਹਾ ਹੈ ਕਿ ਜਿਹੜਾ ਕਲਾਕਾਰ ਅਤੇ ਖਿਡਾਰੀ ਕਿਸਾਨ ਸੰਘਰਸ਼ ਦਾ ਵਿਰੋਧ ਕਰੇਗਾ, ਉਸ ਦਾ ਸਾਮਾਜਿਕ ਬਾਈਕਾਟ ਕੀਤਾ ਜਾਵੇਗਾ। ਕਲਾਕਾਰ ਤੇ ਖਿਡਾਰੀ ਲੋਕ-ਚਿਹਰੇ ਹੁੰਦੇ ਹਨ। ਉਨ੍ਹਾਂ ਦੀ ਕਹੀ ਗੱਲ ਦੂਰ ਤੱਕ ਜਾਂਦੀ ਹੈ। ਇਸ ਲਈ ਉਨ੍ਹਾਂ ਤੋਂ ਕਿਸਾਨ ਸੰਘਰਸ਼ ਸਬੰਧੀ ਸੋਚ ਸਮਝ ਕੇ ਬੋਲਣ ਤੇ ਪ੍ਰਤੀਕਰਮ ਦੇਣ ਲਈ ਕਿਹਾ ਗਿਆ ਹੈ। ਸਿਆਸੀ ਨੇਤਾ ਅਤੇ ਸਿਆਸੀ ਸ਼ਕਤੀ ਹਮੇਸ਼ਾ ਫ਼ਿਲਮ ਕਲਾਕਾਰਾਂ ਦੀ ਕਮਜ਼ੋਰੀ ਰਹੀ ਹੈ। ਬਦਲੇ ਵਿਚ ਰਾਜਨੀਤਕ ਨੇਤਾ ਅਤੇ ਸਰਕਾਰਾਂ ਇਨ੍ਹਾਂ ਦਾ ਪ੍ਰਯੋਗ ਕਰਦੀਆਂ ਰਹੀਆਂ ਹਨ। ਆਮ ਲੋਕਾਂ ਤੱਕ ਉਨ੍ਹਾਂ ਦੀ ਵਿਸ਼ਾਲ ਪਹੁੰਚ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਂ-ਸਮੇਂ ਫ਼ਿਲਮੀ ਕਲਾਕਾਰਾਂ ਨਾਲ ਮਿਲਣੀ ਦਾ ਸਬੱਬ ਬਣਾਉਂਦੇ ਰਹਿੰਦੇ ਹਨ। ਖ਼ਾਸ ਕਰ ਕੇ ਜਦੋਂ ਕੋਈ ਵੱਡੀ ਚੋਣ ਨੇੜੇ ਹੋਵੇ ਤਾਂ ਪ੍ਰਧਾਨ ਮੰਤਰੀ ਫ਼ਿਲਮੀ ਕਲਾਕਾਰਾਂ ਵਿਚ ਘਿਰੇ ਨਜ਼ਰ ਆ ਹੀ ਜਾਂਦੇ ਹਨ। ਇਕ ਪਾਸੇ ਚੋਣਾਂ ਵਿਚ ਇਸ ਦਾ ਲਾਹਾ ਲੈ ਜਾਂਦੇ ਹਨ, ਦੂਸਰੇ ਪਾਸੇ ਸੰਕਟ ਸਮੇਂ ਉਹੀ ਕਲਾਕਾਰ ਸਰਕਾਰ ਦੇ ਹੱਕ ਵਿਚ ਭੁਗਤਦੇ ਹਨ। ਮੋਦੀ ਫ਼ਿਲਮੀ ਕਲਾਕਾਰਾਂ ਨੂੰ ਨਹਿਰੂ ਤੋਂ ਵੀ ਬਿਹਤਰ ਤਰੀਕੇ ਨਾਲ ਆਪਣੇ ਹਿਤ ਵਿਚ ਵਰਤ ਜਾਂਦੇ ਹਨ। ਕਿਸਾਨ ਸੰਘਰਸ਼ ਪ੍ਰਤੀ ਵਿਦੇਸ਼ੀ ਹਸਤੀਆਂ ਗ੍ਰੇਟਾ ਤੇ ਰਿਹਾਨਾ ਆਦਿ ਦੀਆਂ ਟਿੱਪਣੀਆਂ ਨਾਲ ਬਣੀ ਹਮਦਰਦੀ ਦੀ ਲਹਿਰ ਨੂੰ ਰੋਕਣ ਲਈ ਇਨ੍ਹਾਂ ਕਲਾਕਾਰਾਂ ਨੂੰ 'ਰੈਡੀਮੇਡ' ਸੰਦੇਸ਼ ਮੁਹੱਈਆ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਅਜਿਹਾ ਭਾਜਪਾ ਦੇ ਆਈ ਟੀ ਸੈੱਲ ਦੁਆਰਾ ਕੀਤਾ ਗਿਆ ਹੈ। ਮਹਾਰਾਸ਼ਟਰ ਸਰਕਾਰ ਦੁਆਰਾ ਇਸ ਸਬੰਧੀ ਕੀਤੀ ਜਾਣ ਵਾਲੀ ਜਾਂਚ ਪੜਤਾਲ ਦੌਰਾਨ ਸੱਚ ਸਾਹਮਣੇ ਆ ਸਕਦਾ ਹੈ। ਜਿਵੇਂ-ਜਿਵੇਂ ਕਿਸਾਨ ਸੰਘਰਸ਼ ਲੰਮਾ ਹੁੰਦਾ ਜਾ ਰਿਹਾ ਹੈ, ਇਸ ਪ੍ਰਤੀ ਹਮਦਰਦੀ ਰੱਖਣ ਵਾਲਿਆਂ ਦਾ ਦਾਇਰਾ ਵਧਦਾ ਜਾ ਰਿਹਾ ਹੈ। ਦੂਸਰੇ ਪਾਸੇ ਸਰਕਾਰ ਨਾਲ ਪ੍ਰਤੀਬੱਧਤਾ ਵਿਖਾਉਣ ਲਈ ਵਿਰੋਧੀ ਵੀ ਸਾਹਮਣੇ ਆਉਣ ਲੱਗੇ ਹਨ। ਕਿਸਾਨ ਸੰਘਰਸ਼ ਵਿਰੋਧੀ ਮੀਡੀਆ ਨੇ ਪਹਿਲਾਂ ਹੀ ਅੱਤ ਚੁੱਕੀ ਹੋਈ ਹੈ। ਅਜਿਹੇ ਮੀਡੀਆ ਦਾ ਸਿੰਘੂ ਬਾਰਡਰ 'ਤੇ ਤਿੱਖਾ ਵਿਰੋਧ ਹੁੰਦਾ ਰਿਹਾ ਹੈ। ਹੁਣ ਖ਼ਬਰ ਆਈ ਹੈ ਕਿ ਕਿਸਾਨ ਵਿਰੋਧੀ ਮੀਡੀਆ ਦਾ ਹਰਿਆਣਾ ਦਾ ਸਿੱਖ ਭਾਈਚਾਰਾ ਬਾਈਕਾਟ ਕਰੇਗਾ। ਅਜਿਹੇ ਮੀਡੀਆ ਨਾਲ ਰਾਬਤਾ ਰੱਖਣ ਵਾਲੇ ਕਲਾਕਾਰਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ। ਕਿਸਾਨ ਵਿਰੋਧੀ ਮੀਡੀਆ ਲਗਾਤਾਰ ਕਿਸਾਨ ਸੰਘਰਸ਼ ਵਿਰੋਧੀ ਇਕਪਾਸੜ ਖ਼ਬਰਾਂ ਪ੍ਰਸਾਰਿਤ ਤੇ ਪ੍ਰਕਾਸ਼ਿਤ ਕਰ ਰਿਹਾ ਹੈ। ਹਰਿਆਣੇ ਦੇ ਸਿੱਖ ਭਾਈਚਾਰੇ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ।

ਉਧਰ ਬਾਲੀਵੁੱਡ ਦੇ ਕਲਾਕਾਰਾਂ ਦੀ ਖਾਮੋਸ਼ੀ ਦਾ ਜਵਾਬ ਪੰਜਾਬੀ ਫ਼ਿਲਮ ਜਗਤ ਦੇ ਕਲਾਕਾਰਾਂ ਨੇ ਵੱਡੀ ਗਿਣਤੀ ਵਿਚ ਇਕੱਠਿਆਂ ਸਿੰਘੂ ਬਾਰਡਰ ਪਹੁੰਚ ਕੇ ਦਿੱਤਾ ਹੈ।