ਕੈਨਡਾ 'ਚ ਪੰਜਾਬੀ ਨੌਜਵਾਨਾਂ ਦੀ ਮੌਤ ਦਾ ਸੱਚ

ਕੈਨਡਾ 'ਚ ਪੰਜਾਬੀ ਨੌਜਵਾਨਾਂ ਦੀ ਮੌਤ ਦਾ ਸੱਚ

ਹੈਰੋਇਨ, ਅਫੀਮ, ਭੰਗ ਦੀ ਓਵਰਡੋਜ਼ ਕਾਰਨ ਮੌਤ

ਕੈਨੇਡਾ ਵਿੱਚ ਬਹੁਤ ਸਾਰੇ ਨੌਜਵਾਨਾਂ ਦੀ ਅਚਾਨਕ ਮੌਤ ਹੋ ਰਹੀ ਹੈ। ਸਭ ਦੀ ਮੌਤ ਦੇ ਕਾਰਨ ਵੱਖੋ-ਵੱਖ ਹਨ ਪਰ ਕਿਹਾ ਇਹੀ ਜਾ ਰਿਹਾ ਕਿ ਅਚਾਨਕ ਦਿਲ ਦਾ ਦੌਰਾ ਪੈ ਗਿਆ ਜਾਂ ਦਿਲ ਬੰਦ ਹੋ ਗਿਆ। ਅਸਲ ਜਾਣਕਾਰੀ ਮੌਤ ਤੋਂ ਕੁਝ ਮਹੀਨੇ ਬਾਅਦ ਪੁਲਿਸ ਅਤੇ ਕੌਰਨਰ ਸਰਵਿਸ ਵਲੋਂ ਮ੍ਰਿਤਕ ਦੇ ਮਾਪਿਆਂ ਜਾਂ ਸਕੇ-ਸਬੰਧੀਆਂ ਨੂੰ ਦੇ ਦਿੱਤੀ ਜਾਂਦੀ ਹੈ, ਜੋ ਕਿ ਗੁਪਤ ਰਹਿੰਦੀ ਹੈ। ਜੇਕਰ ਬੀਤੇ ਦੋ ਸਾਲਾਂ ਦੌਰਾਨ ਇਸ ਤਰਾਂ ਮਾਰੇ ਗਏ ਸਾਰੇ ਨੌਜਾਵਨਾਂ ਦੀਆਂ ਆਟੋਪਸੀ ਰਿਪੋਰਟਾਂ, ਜਿਸਨੂੰ ਪੰਜਾਬ 'ਚ ਪੋਸਟ ਮਾਰਟਮ ਰਿਪੋਰਟ ਕਿਹਾ ਜਾਂਦਾ ਹੈ, 'ਤੇ ਖੋਜ ਕੀਤੀ ਜਾਵੇ ਜਾਂ ਮਾਪੇ ਖੁਦ ਆਣ ਕੇ ਦੱਸ ਦੇਣ ਤਾਂ ਸਾਰੀ ਗੱਲ ਸਪੱਸ਼ਟ ਹੋ ਸਕਦੀ ਹੈ ਪਰ ਅਜਿਹਾ ਹੋ ਨਹੀਂ ਰਿਹਾ।

ਕੁਝ ਕੇਸਾਂ ਵਿੱਚ ਲਾਸ਼ ਪਿੱਛੇ ਭੇਜਣ ਕਾਰਨ ਸ਼ਾਮਲ ਹੋਣਾ ਪਿਆ ਤੇ ਗੱਲਾਂ ਹੋਰ ਨਿਕਲੀਆਂ, ਜੋ ਕੋਈ ਵੀ ਬਾਹਰ ਨਹੀਂ ਕੱਢਦਾ। ਕਈਆਂ ਨੇ ਤਾਂ ਆਪ ਹੀ ਦੱਸ ਦਿੱਤਾ ਤੇ ਕਈਆਂ ਨੂੰ ਖੁਦ ਵੀ ਪਤਾ ਆਟੋਪਸੀ ਰਿਪੋਰਟ ਤੋਂ ਲੱਗਾ।ਮ੍ਰਿਤਕਾਂ ਦੇ ਪਰਿਵਾਰਕ ਜੀਆਂ, ਡਾਕਟਰਾਂ, ਨਰਸਾਂ, ਨੌਜਵਾਨਾਂ ਦੇ ਹਾਣੀਆਂ ਨਾਲ ਹੁੰਦੀ ਗੱਲਬਾਤ ਤੋਂ ਜੋ ਕਾਰਨ ਸਾਹਮਣੇ ਆਏ, ਉਸ ਵਿੱਚ ਸਭ ਤੋਂ ਵੱਡੇ ਦੋ ਕਾਰਨ ਸਨ।

ਪਹਿਲਾ ਕਾਰਨ- ਹੈਰੋਇਨ, ਅਫੀਮ, ਭੰਗ ਦੀ ਓਵਰਡੋਜ਼ ਕਾਰਨ ਮੌਤ। ਮ੍ਰਿਤਕ ਨੇ ਇਹ ਨਸ਼ਾ ਆਪ ਕੀਤਾ ਜਾਂ ਨਾਲਦਿਆਂ ਦੇ ਕਹਿਣ 'ਤੇ ਕੀਤਾ, ਇਸ ਬਾਰੇ ਕੁਝ ਕਹਿਣਾ ਔਖਾ ਹੁੰਦਾ ਹੈ ਪਰ ਇਹ ਵੱਡਾ ਕਾਰਨ ਹੈ। ਹਰ ਮਹੀਨੇ ਦਰਜਨਾਂ ਨੌਜਵਾਨ ਮੁੰਡੇ ਅਤੇ ਕੁੜੀਆਂ ਸਰੀ ਹਸਪਤਾਲ ਵਾਲੇ ਬਚਾਉਂਦੇ ਹਨ, ਜੋ ਅਫੀਮ ਜਾਂ ਭੰਗ ਨਾਲ ਓਵਰਡੋਜ਼ ਹੋ ਕੇ ਪੁੱਜਦੇ ਹਨ। ਇਹ ਗੱਲਾਂ ਦੱਬੀਆਂ ਰਹਿ ਜਾਂਦੀਆਂ ਹਨ। ਕੋਈ ਵੀ ਕਰਕੇ ਮਾੜਾ ਨੀ ਬਣਨਾ ਚਾਹੁੰਦਾ ਪਰ ਜਦੋਂ ਇਹੀ ਡਾਕਟਰ-ਨਰਸਾਂ ਮੀਡੀਏ ਨੂੰ ਮਿਲਦੇ ਹਨ ਤਾਂ ਵਾਰ-ਵਾਰ ਕਹਿੰਦੇ ਹਨ ਕਿ ਨੌਜਵਾਨਾਂ ਨੂੰ ਜਾਗਰੂਕ ਕਰੋ, ਬਹੁਤ ਕੰਮ ਵਧ ਗਿਆ। ਜਿਸਨੇ ਪਹਿਲੀ ਵਾਰ ਅਜਿਹਾ ਨਸ਼ਾ ਕਰਨਾ ਹੁੰਦਾ, ਉਸਦੇ ਓਵਰਡੋਜ਼ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ। ਪਾਰਟੀ ਕਰਨ ਦੇ ਚੱਕਰ ਵਿੱਚ ਹੀ ਨੌਜਵਾਨ ਓਵਰਡੋਜ਼ ਹੋ ਰਹੇ ਹਨ।

ਮੇਰੇ ਵਰਗੇ ਅਨੇਕਾਂ ਮੀਡੀਆ ਵਾਲੇ ਸਾਰਾ ਸਾਲ ਹੋਕਾ ਦਿੰਦੇ ਰਹਿੰਦੇ ਹਨ ਕਿ ਨਸ਼ੇ ਨਾ ਕਰੋ, ਮਿਲਾਵਟ ਬਹੁਤ ਹੋ ਰਹੀ, ਫੈਂਟਾਨਿਲ ਨੇ ਕਈ ਮਾਰ ਦਿੱਤੇ ਪਰ ਕੋਈ ਨੀ ਸੁਣਦਾ। ਕਈਆਂ ਨੂੰ ਖਰਚੇ ਪੂਰੇ ਕਰਨ ਲਈ ਕੰਮ ਸਖਤ ਕਰਨਾ ਪੈਂਦਾ। ਸਖਤ ਕੰਮ ਲਈ ਸਰੀਰ 'ਚ ਜਾਨ ਪਾਉਣ ਵਾਸਤੇ ਨਸ਼ਿਆਂ ਦੀ ਵਰਤੋਂ ਕੀਤੀ ਜਾਂਦੀ ਤੇ ਫਿਰ ਪੱਕੇ ਲੱਗ ਜਾਂਦੇ। ਹਰੇਕ ਦਾ ਸਰੀਰ ਵੱਖੋ ਵੱਖਰਾ, ਕੋਈ ਥੋੜੇ ਜਿਹੇ ਨਸ਼ੇ ਨਾਲ ਵੀ ਓਵਰਡੋਜ਼ ਹੋ ਸਕਦਾ ਤੇ ਕੋਈ ਬਹੁਤ ਸਾਰਾ ਨਸ਼ਾ ਕਰਕੇ ਵੀ ਬਚਿਆ ਰਹਿ ਸਕਦਾ। ਪਤਾ ਸਭ ਨੂੰ ਹੈ ਕਿ ਆਲੇ-ਦੁਆਲੇ ਕੀ ਹੋ ਰਿਹਾ ਪਰ ਕੋਈ ਬੋਲਦਾ ਨਹੀਂ।

ਦੂਜਾ ਵੱਡਾ ਕਾਰਨ ਹੈ ਮਾਨਸਿਕ ਤਣਾਅ, ਜਿਸਦੇ ਚਲਦਿਆਂ ਨੌਜਵਾਨ ਨਸ਼ੇ ਕਰਦੇ ਹਨ ਜਾਂ ਖੁਦਕੁਸ਼ੀ। ਨਵੇਂ ਆਇਆਂ ਨੂੰ ਉਸ ਕੈਨੇਡਾ ਦੇ ਦਰਸ਼ਨ ਹੁੰਦੇ ਹਨ, ਜੋ ਪੰਜਾਬ ਨਾਲੋਂ ਵੀ ਭੈੜਾ। ਨਾ ਕੰਮ ਮਿਲਦਾ, ਨਾ ਵਰਕ ਪਰਮਿਟ। ਕੰਮ ਕਰਾ ਕੇ ਕਈ ਵਾਰ ਪੈਸੇ ਨਹੀਂ ਮਿਲਦੇ ਜਾਂ ਘੱਟ ਮਿਲਦੇ ਹਨ। ਰਹਿਣ ਦੀ ਟੈਂਸ਼ਨ, ਪੱਕੇ ਹੋਣ ਦੀ ਟੈਂਸ਼ਨ, ਪਿਛਲਿਆਂ ਦੀਆਂ ਆਸਾਂ 'ਤੇ ਪੂਰਾ ਉਤਰਨ ਦੀ ਟੈਂਸ਼ਨ, ਸੈੱਟ ਹੋਣ ਦੀ ਟੈਂਸ਼ਨ, ਹੋਰਾਂ ਵਰਗੇ ਬਣਨ ਦੀ ਟੈਂਸ਼ਨ। ਇਹ ਬਹੁਤ ਵੱਡੇ ਮਾਨਸਿਕ ਤਣਾਅ 'ਚੋਂ ਗੁਜ਼ਰਨ ਵਾਲੀ ਗੱਲ ਹੁੰਦੀ। ਹਰ ਨੌਜਵਾਨ ਦਾ ਸੁਭਾਅ ਤੇ ਜੰਮਣ-ਪਲਣ ਦਾ ਮਾਹੌਲ ਵੱਖੋ ਵੱਖਰਾ ਹੁੰਦਾ, ਅੱਗੇ ਸਾਥ ਕਿਹੋ ਜਿਹਾ ਮਿਲਿਆ, ਉਸ 'ਤੇ ਵੀ ਨਿਰਭਰ ਕਰਦਾ। ਬਹੁਤੇ ਇਸ ਨਰਕ ਨੂੰ ਹੰਢਾ ਕੇ ਸਫਲ ਹੋ ਜਾਂਦੇ, ਅੱਗ 'ਚ ਪੈ ਕੇ ਸੋਨਾ ਬਣ ਜਾਂਦੇ ਪਰ ਕਈ ਇਸ ਕਠਿਨ ਰਾਹ 'ਤੇ ਡੋਲ ਜਾਂਦੇ ਜਾਂ ਹਾਲਾਤ ਹੀ ਅਜਿਹੇ ਬਣ ਜਾਂਦੇ ਕਿ ਕੋਈ ਰਾਹ ਹੀ ਨਹੀਂ ਦਿਸਦਾ।

ਅਸਲੀ ਦਿਲ ਦਾ ਦੌਰਾ ਪੈਣਾ, ਕਰੋਨਾ ਟੀਕੇ ਵੀ ਕਾਰਨ ਹੋ ਸਕਦੇ ਹਨ ਪਰ ਉਪਰ ਦੋ ਬਿਆਨੇ ਕਾਰਨ ਮੁੱਖ ਹਨ, ਕੋਈ ਮੰਨੇ ਜਾਂ ਨਾ।ਇਸਦੀ ਰੋਕਥਾਮ ਇਹੀ ਹੈ ਕਿ ਪੰਜਾਬੋਂ ਆ ਰਿਹਾ ਬੱਚਾ ਮਜ਼ਬੂਤ ਮਨ ਅਤੇ ਇਹ ਸਮਝ ਕੇ ਆਵੇ ਕਿ ਉੱਥੇ ਜਾ ਕੇ ਔਖ ਆਉਣੀ ਹੀ ਆਉਣੀ ਹੈ। ਘਰਦੇ ਵੀ ਆਸਾਂ ਘਟਾ ਕੇ ਰੱਖਣ। ਨਸ਼ੇ ਬਾਰੇ ਗਿਆਨ ਬਹੁਤ ਜ਼ਰੂਰੀ ਹੈ ਕਿ ਤੁਹਾਡੀ ਇੱਕ ਹੀ ਗਲਤੀ ਆਖਰੀ ਗਲਤੀ ਹੋ ਸਕਦੀ ਹੈ।ਬਾਕੀ ਇਧਰਲੇ ਜੰਮਪਲ ਨੌਜਵਾਨ ਵੀ ਓਵਰਡੋਜ਼ ਨਾਲ ਬਹੁਤ ਮਰ ਰਹੇ ਹਨ ਪਰ ਉਸਦਾ ਰੌਲਾ ਨਹੀਂ ਪੈਂਦਾ। ਸਿਰਫ ਨਜ਼ਦੀਕੀਆਂ ਨੂੰ ਪਤਾ ਹੁੰਦਾ, ਪਰਿਵਾਰ ਵਾਲੇ ਮੀਡੀਏ 'ਚ ਗੱਲ ਨਹੀਂ ਲੈ ਕੇ ਆਉਂਦੇ ਤੇ ਪੰਜਾਬ ਵਾਲੇ ਹਰ ਇੱਕ ਦੀ ਗੱਲ ਮੀਡੀਏ 'ਚ ਆ ਜਾਂਦੀ।ਹੋਰਾਂ ਦਾ ਪਤਾ ਨਹੀਂ, ਹਰ ਹਫਤੇ  ਇੱਕ ਜਾਂ ਦੋ ਫੋਨ, ਜਾ ਖ਼ਬਰ ਜ਼ਰੂਰ ਸਾਹਮਣੇ ਆਉਂਦੀ ਹੈ ਕਿ ਮੁੰਡਾ ਪੂਰਾ ਹੋ ਗਿਆ, ਲਾਸ਼ ਪੰਜਾਬ ਭੇਜਣੀ, ਕੀ ਤਰੀਕਾ ਹੈ? ਜਾਂ ਭਾਈਚਾਰੇ ਤੋਂ ਮਦਦ ਹੀ ਕਰਵਾ ਦਿਓ। ਮਰਨ ਵਾਲੇ ਹਾਦਸੇ 'ਚ ਜਾਨ ਗਵਾਉਣ ਵਾਲੇ ਵੀ ਹੁੰਦੇ ਤੇ ਓਵਰਡੋਜ਼ ਵਾਲੇ ਵੀ। ਮਰਨ ਵਾਲਿਆਂ 'ਚ ਕੁੜੀਆਂ ਘੱਟ ਹੁੰਦੀਆਂ ਤੇ ਮੁੰਡੇ ਵੱਧ। ਅਜਿਹਾ ਹੋਰ ਪੱਤਰਕਾਰਾਂ ਨਾਲ ਵੀ ਹੁੰਦਾ ਹੋਵੇਗਾ।

ਆਓ! ਸੱਚ ਦਾ ਸਾਹਮਣਾ ਕਰੀਏ ਤੇ ਫਿਰ ਓਸ ਨਾਲ ਜੂਝੀਏ। ਪਰਦੇ ਪਾ-ਪਾ ਗੱਲ ਕਿਸੇ ਸਿਰੇ ਨਹੀਂ ਲੱਗਣੀ। ਹਰੇਕ ਦੇ ਬੱਚੇ ਬਾਰੇ ਇਹ ਕਹਿਣਾ ਵੀ ਵਾਜਿਬ ਨਹੀਂ ਕਿ ਓਵਰਡੋਜ਼ ਨਾਲ ਮਰਿਆ, ਹੋਰ ਕਾਰਨ ਵੀ ਹੋ ਸਕਦੇ ਪਰ ਬਹੁਤਾਤ ਕਾਰਨ ਇਹੀ ਹੈ।

 

 

-ਗੁਰਪ੍ਰੀਤ ਸਿੰਘ ਸਹੋਤਾ