ਅਖੌਤੀ ਸਾਧ ਕੁਮਾਰ ਸੁਆਮੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਉਪਰ ਸ੍ਰੀ ਗੁਰੂ ਗ੍ਰੰਥ ਮੈਖ਼ਾਨਾ ਸਾਹਿਬ ਬਣਾ ਕੇ ਸਿੱਖਾਂ ਦੇ ਵਲੂੰਧਰੇ ਹਿਰਦੇ

ਅਖੌਤੀ ਸਾਧ ਕੁਮਾਰ ਸੁਆਮੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਉਪਰ ਸ੍ਰੀ ਗੁਰੂ ਗ੍ਰੰਥ ਮੈਖ਼ਾਨਾ ਸਾਹਿਬ ਬਣਾ ਕੇ ਸਿੱਖਾਂ ਦੇ ਵਲੂੰਧਰੇ ਹਿਰਦੇ

ਪੰਥ ਤੇ ਜਾਰੀ ਹਮਲਿਆਂ ਦਾ ਜੁਆਬ ਦੇਣ ਲਈ ਤੁਰੰਤ ਕਾਰਵਾਈ ਕਰਣ ਦੀ ਲੋੜ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 9 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਦੇ ਬੁਰਾੜੀ ਇਲਾਕੇ ਅੰਦਰ ਇਕ ਅਖੌਤੀ ਸਾਧ ਕੁਮਾਰ ਸੁਆਮੀ ਨੇ ਗੁਰੂ ਨਾਨਕ ਸਾਹਿਬ ਤੇ ਨਿੰਰਕਾਰੀ ਬਾਬਿਆਂ ਦੇ ਨਾਮ ਲੈਕੇ ਸ੍ਰੀ ਗੁਰੂ ਗ੍ਰੰਥ ਮੈਖ਼ਾਨਾ ਸਾਹਿਬ (ਇਕ ਗ੍ਰੰਥ ਜੋ ਕੁਮਾਰ ਸੁਆਮੀ ਨੇ ਲਿਖਿਆ ਹੈ) ਦੀ ਸਥਾਪਨਾ ਕਰਦਿਆਂ ਪੂਜਨ ਤੇ ਆਰਤੀ ਕਰਕੇ ਸਿੱਖਾਂ ਦੇ ਹਿਰਦਿਆਂ ਨੂੰ ਘੋਰ ਠੇਸ ਪਹੁੰਚਾਈ ਹੈ । ਇਸ ਘੋਰ ਬੇਅਦਬੀ ਨੂੰ ਦਿੱਲੀ 'ਚ ਕੱਲ੍ਹ ਸ਼ਾਮ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਅਜ ਇਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ । ਮਾਮਲੇ ਦਾ ਪਤਾ ਲਗਣ ਤੇ ਜਦੋ ਕੁਮਾਰ ਸੁਆਮੀ ਦੇ ਡੇਰੇ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਮੈਖਾਨੇ ਨਾਮ ਬਾਰੇ ਪੁੱਛਿਆ ਤਦ ਓਹ ਭੰਬਲਭੂਸਾ ਪਾਉਂਦਿਆਂ ਇਸ ਦਾ ਅਰਥ ਲੋਕਾਂ ਨੂੰ ਜੋੜਨਾ ਦੱਸ ਰਹੇ ਸਨ ਜਦਕਿ ਮੈਖਾਨੇ ਦਾ ਅਰਥ ਦਾਰੂ ਖਾਨਾ ਹੁੰਦਾ ਹੈ । ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇਸ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਕਿਉਂ ਰੱਖਿਆ ਜਦ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਪੰਥ ਦੇ ਨਾਲ ਨਾਨਕ ਨਾਮ ਲੇਵਾ ਸੰਗਤਾਂ ਦੇ ਹਾਜਿਰ ਨਾਜ਼ੀਰ ਸ਼ਬਦ ਗੁਰੂ ਹਨ ਤੇ ਇਸ ਨਾਮ ਨੂੰ ਵਰਤਿਆ ਨਹੀਂ ਜਾ ਸਕਦਾ ਹੈ ਉਨ੍ਹਾਂ ਜੁਆਬ ਨਹੀਂ ਦਿੱਤਾ । ਜਿਕਰਯੋਗ ਹੈ ਕਿ ਇਹ ਸਭ ਇਕ ਗਿਣੀ ਮਿੱਥੀ ਸਾਜ਼ਿਸ਼ ਅੱਧੀਨ ਸਿੱਖ ਪੰਥ ਨੂੰ ਖੋਰਾ ਲਾਉਣ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ । ਜੇਕਰ ਸਿੱਖਾਂ ਦੇ ਲੀਡਰ ਅਤੇ ਆਗੂ ਸਮਾਂ ਰਹਿੰਦਿਆਂ ਇਨ੍ਹਾਂ ਨੂੰ ਜੁਆਬ ਨਾ ਦੇ ਸਕੇ ਤਾਂ ਹੋਰ ਵੱਡਾ ਨੁਕਸਾਨ ਹੋ ਸਕਦਾ ਹੈ । ਮਾਮਲੇ ਬਾਰੇ ਗੱਲ ਕਰਦਿਆਂ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਦਿੱਲੀ ਗੁਰਦਵਾਰਾ ਕਮੇਟੀ ਨੂੰ ਇਸ ਮਾਮਲੇ ਤੇ ਤੁਰੰਤ ਕਾਨੂੰਨੀ ਕਾਰਵਾਈ ਕਰਣ ਲਈ ਕਿਹਾ ਹੈ ਤੇ ਉਨ੍ਹਾਂ ਵਲੋਂ ਇਸ ਅਤਿ ਗੰਭੀਰ ਮਾਮਲੇ ਤੇ ਕਾਰਵਾਈ ਨਾ ਕੀਤੇ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵਲੋਂ ਐਕਸ਼ਨ ਲਏ ਜਾਣ ਲਈ ਦਸਿਆ ਹੈ ।