ਅਮਰੀਕਾ ਦੇ ਫਿਲਾਡੈਲਫੀਆ ਸ਼ਹਿਰ ਵਿਚ ਲੁਟੇਰਿਆਂ ਨੇ ਮਚਾਈ ਦਹਿਸ਼ਤ,ਰਾਤ ਭਰ ਠੇਕਿਆਂ ਦੀ ਕੀਤੀ ਲੁੱਟਮਾਰ ਉਪਰੰਤ ਠੇਕੇ ਕੀਤੇ ਬੰਦ

ਅਮਰੀਕਾ ਦੇ ਫਿਲਾਡੈਲਫੀਆ ਸ਼ਹਿਰ ਵਿਚ ਲੁਟੇਰਿਆਂ ਨੇ ਮਚਾਈ ਦਹਿਸ਼ਤ,ਰਾਤ ਭਰ ਠੇਕਿਆਂ ਦੀ ਕੀਤੀ ਲੁੱਟਮਾਰ ਉਪਰੰਤ ਠੇਕੇ ਕੀਤੇ ਬੰਦ

ਸੁਰੱਖਿਆ ਉਪਰੰਤ ਹੀ ਖੋਲੇ ਜਾਣਗੇ ਠੇਕੇ-ਸ਼ਾਅਨ ਕੈਲੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਪੈਨਸਿਲਵਾਨੀਆ ਰਾਜ ਦੇ ਵੱਡੇ ਸ਼ਹਿਰ ਫਿਲਾਡੈਲਫੀਆ ਵਿਚ  ਰਾਤ ਭਰ ਲੁਟੇਰਿਆਂ ਵੱਲੋਂ ਸ਼ਰਾਬ ਦੇ ਸਟੋਰਾਂ ਵਿਚ ਕੀਤੀ ਲੁੱਟਮਾਰ ਉਪਰੰਤ ਸਾਰੇ ਠੇੇਕੇ ਬੰਦ ਕਰ ਦੇਣ ਦੀ ਰਿਪੋਰਟ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਲੁੱਟਮਾਰ ਦੇ ਮਾਮਲਿਆਂ ਵਿਚ ਕਈ ਸ਼ੱਕੀ ਦੋਸ਼ੀਆਂ ਨੂੰ ਹਿਰਾਸਤ ਵਿਚ ਲਿਆ ਹੈ ਤੇ ਜੇਕਰ ਹਾਲਾਤ ਹੱਦੋਂ ਬਾਹਰ ਹੋ ਜਾਂਦੇ ਹਨ ਤਾਂ ਉਹ ਕੁਝ ਹੋਰ ਕਦਮ ਚੁੱਕਣ ਲਈ ਵੀ ਤਿਆਰ ਹੈ। ਇਸ ਦੇ ਨਾਲ ਹੀ ਪੁਲਿਸ ਨੇ ਹਿੰਸਕ ਗਤੀਵਿਧੀ ਵਿਰੁੱਧ ਤੁਰੰਤ ਸੂਚਨਾ ਦੇਣ ਦੀ ਵੀ ਅਪੀਲ ਕੀਤੀ ਹੈ। ਸ਼ਾਅਨ ਕੈਲੀ ਪ੍ਰੈਸ ਸਕੱਤਰ ਪੈਨਸਿਲਵਾਨੀਆ ਲਿਕੁਰ ਕੰਟਰੋਲ ਬੋਰਡ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ 18 ਸਟੋਰਾਂ ਨੂੰ ਲੁੱਟਣ ਉਪਰੰਤ ਫਿਲਾਡੈਲਫੀਆ ਵਿਚ 49 ਰਿਟੇਲ ਵਾਈਨ ਤੇ 48 ਲਿਕੁਰ ਸਟੋਰ ਬੰਦ ਕਰ ਦਿੱਤੇ ਗਏ ਹਨ। ਉਨਾਂ ਕਿਹਾ ਕਿ ਜਿਨਾਂ ਸ਼ਰਾਬ ਦੇ  ਸਟੋਰਾਂ ਵਿਚ ਲੁੱਟਮਾਰ ਕੀਤੀ ਗਈ ਹੈ ਉਥੇ ਹਾਲਾਂ ਕਿ ਕੋਈ ਮੁਲਾਜ਼ਮ ਜ਼ਖਮੀ ਨਹੀਂ ਹੋਇਆ ਹੈ ਪਰੰਤੂ ਉਥੇ ਦਹਿਸ਼ਤ ਦਾ ਵਾਤਾਵਰਣ ਪੈਦਾ ਹੋ ਗਿਆ ਹੈ। ਕੈਲੀ ਨੇ ਕਿਹਾ ਹੈ ਕਿ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਸ਼ਰਾਬ ਦੇ ਸਟੋਰ ਬੰਦ ਰਖਣ ਦਾ ਫੈਸਲਾ ਲਿਆ ਗਿਆ ਹੈ। ਉਨਾਂ ਕਿਹਾ ਕਿ ਲੁੱਟੇਰਿਆਂ ਵੱਲੋਂ ਕੀਤੇ ਨੁਕਸਾਨ ਬਾਰੇ ਅਜੇ ਕੁਝ ਕਹਿਣਾ ਕਾਹਲੀ ਹੋਵੇਗੀ। ਸਮੁੱਚੇ ਨੁਕਸਾਨ ਦਾ ਜਾਇਜ਼ਾ ਲੈਣ ਉਪਰੰਤ ਹੀ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਕੈਲੀ ਨੇ ਕਿਹਾ ਹੈ ਕਿ ਜਦੋਂ ਸਾਨੂੰ ਸੁਰੱਖਿਆ ਦਾ  ਅਹਿਸਾਸ ਹੋ ਜਾਵੇਗਾ ਓਦੋਂ ਹੀ ਸਟੋਰ ਮੁੜ ਖੋਲੇ ਜਾਣਗੇ। ਇਸ ਤੋਂ ਪਹਿਲਾਂ ਨੁਕਸਾਨ ਦੀ ਭਰਪਾਈ ਕਰਨੀ ਹੋਵੇਗੀ। ਇਸੇ ਦੌਰਾਨ ਸ਼ਹਿਰ ਦੇ ਅਧਿਕਾਰੀਆਂ ਤੇ ਮੇਅਰ ਜਿਮ ਕੈਨੀ ਨੇ ਜਨਤਿਕ ਸੁਰੱਖਿਆ ਤੇ ਕਾਰੋਬਾਰਾਂ ਦੀ ਰਾਖੀ ਨੂੰ ਯਕੀਨੀ ਬਣਾਉਣ ਦਾ ਐਲਾਨ ਕੀਤਾ ਹੈ। ਕੈਨੀ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੋ ਵੀ ਕੋਈ ਅਪਰਾਧਕ ਗਤੀਵਿਧੀ ਵਿਚ ਸ਼ਾਮਿਲ ਹੋਵੇਗਾ ਉਹ ਨਤੀਜੇ ਭੁੱਗਤਣ ਲਈ ਤਿਆਰ ਰਹੇ। ਫਿਲਾਡੈਲਫੀਆ ਡਿਸਟ੍ਰਿਕਟ ਅਟਾਰਨੀ ਦਫਤਰ ਦੇ ਬੁਲਾਰੇ ਜਾਨੇ ਰੋਹ ਨੇ ਕਿਹਾ ਹੈ ਕਿ ਸ਼ਰਾਬ ਦੇ ਸਟੋਰਾਂ ਦੀ ਲੁੱਟਮਾਰ ਉਪਰੰਤ 3 ਨਬਾਲਗਾਂ ਸਮੇਤ 52 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵੱਡੀ ਪੱਧਰ ਉਪਰ ਲੁੱਟਮਾਰ ਦੀਆਂ ਘਟਨਾਵਾਂ ਸ਼ਹਿਰ ਵਿਚ ਇਕ ਜੱਜ ਦੇ ਫੈਸਲੇ ਜਿਸ ਵਿਚ ਉਸ ਨੇ ਪਿਛਲੇ ਮਹੀਨੇ 14 ਅਗਸਤ ਨੂੰ ਇਕ 27 ਸਾਲਾ ਵਿਅਕਤੀ ਨੂੰ ਗੋਲੀ ਮਾਰ ਕੇ ਮਾਰ ਦੇਣ ਵਾਲੇ ਸਾਬਕਾ ਪੁਲਿਸ ਅਫਸਰ ਮਾਰਕ ਡਿਆਲ ਵਿਰੁੱਧ ਲੱਗੇ ਸ਼ਾਰੇ ਦੋੋਸ਼ ਰੱਦ ਕਰ ਦਿੱਤੇ ਸਨ, ਵਿਰੁੱਧ ਕੀਤੇ ਸ਼ਾਤਮਈ ਵਿਖਾਵੇ ਉਪਰੰਤ ਵਾਪਰੀਆਂ ਹਨ। ਸ਼ਹਿਰ ਦੇ ਅੰਤ੍ਰਿਮ ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਉਸ ਦਾ ਵਿਸ਼ਵਾਸ਼ ਹੈ ਕਿ ਲੁਟੇਰੇ ਮੌਕਾਪ੍ਰਸਤ ਸਨ ਤੇ ਉਹ ਵਿਖਾਵੇ ਨਾਲ ਸਿੱਧੇ ਤੌਰ 'ਤੇ ਸਬੰਧਤ ਨਹੀਂ ਸਨ।