ਕੁਤਬ ਮੀਨਾਰ ਦਾ ਸਿਰਜਣਹਾਰ ਅਤੇ ਹਿੰਦੁਸਤਾਨ ਦਾ ਬਾਦਸ਼ਾਹ ਕੁਤੁਬ-ਦੀਨ-ਐਬਕ (1150-1210)..

ਕੁਤਬ ਮੀਨਾਰ ਦਾ ਸਿਰਜਣਹਾਰ ਅਤੇ ਹਿੰਦੁਸਤਾਨ ਦਾ ਬਾਦਸ਼ਾਹ ਕੁਤੁਬ-ਦੀਨ-ਐਬਕ (1150-1210)..

ਇੱਕ ਵਾਰ ਸ਼ਿਕਾਰ ਖੇਡਦਿਆਂ ਹਿਰਨ ਤੇ ਚਲਾਇਆ ਤੀਰ ਇੱਕ ਮੁੰਡੇ ਦੇ ਜਾ ਵਜਿਆ ਤੇ ਉਸਦੀ ਮੌਤ ਹੋ ਗਈ!
ਮ੍ਰਿਤਕ ਮਾਂ ਦਾ ਇਕਲੌਤਾ ਕਮਾਊ ਪੁੱਤ ਸੀ
ਬਾਦਸ਼ਾਹ ਨੇ ਅਗਲੇ ਦਿਨ ਖੁਦ ਕਾਜੀ ਨੂੰ ਆਖ ਆਪਣੇ ਆਪ ਤੇ ਕਤਲ ਦਾ ਮੁਕਦਮਾ ਚਲਵਾ ਦਿੱਤਾ!
ਕਾਰਵਾਈ ਮਗਰੋਂ ਕਾਜੀ ਨੇ ਕਟਹਿਰੇ ਵਿਚ ਖਲੋਤੇ "ਕੁਤਬ-ਦੀਨ" ਨੂੰ ਮੁੰਡੇ ਦੀ ਮਾਂ ਦੇ ਹਵਾਲੇ ਕਰ ਦਿੱਤਾ ਤੇ ਆਖਿਆ ਕੇ ਉਹ ਜੋ ਮਰਜੀ ਚਾਹਵੇ ਸਜਾ ਦੇ ਸਕਦੀ ਏ!
ਮਾਂ ਆਖਣ ਲੱਗੀ ਕੇ ਹਿੰਦੁਸਤਾਨ ਦੇ ਤਾਕਤਵਰ ਬਾਦਸ਼ਾਹ ਕੋਲੋਂ ਗਲਤੀ ਨਾਲ ਇੱਕ ਕਤਲ ਹੋ ਗਿਆ ਹੋਵੇ ਤੇ ਉਹ ਹਰੇਕ ਚੀਜ ਦੇ ਸਮਰਥ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਕਨੂੰਨ ਦੇ ਹਵਾਲੇ ਕਰ ਦੇਵੇ..ਮੇਰੇ ਧੰਨ ਭਾਗ ਕੇ ਮੈਂ ਏਨੇ ਇਨਸਾਫ ਪਸੰਦ ਰਾਜ ਵਿਚ ਜੀਵਨ ਬਸਰ ਕਰ ਰਹੀ ਹਾਂ..ਅੱਜ ਤੋਂ ਬਾਅਦ ਕੁਤੁਬ-ਦੀਨ ਮੇਰਾ ਪੁੱਤ ਹੋਇਆ ਅਤੇ ਮੈਂ ਉਸਨੂੰ ਆਪਣੇ ਢਿੱਡੋਂ ਜੰਮੇ ਦੇ ਕਤਲ ਤੋਂ ਬਰੀ ਕਰਦੀ ਹਾਂ!

ਕਾਰਵਾਈ ਮਗਰੋਂ ਕਾਜੀ ਕੁਤੁਬ-ਦੀਨ ਨੂੰ ਆਖਣ ਲੱਗਾ ਕੇ ਜੇ ਤੂੰ ਅੱਜ ਤਾਕਤ ਅਤੇ ਬਾਦਸ਼ਾਹੀ ਦਾ ਰੋਹਬ ਝਾੜਦਿਆਂ ਹੋਇਆਂ ਇਸ ਕਨੂੰਨੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਈ ਰੱਤੀ ਭਰ ਵੀ ਕੋਸ਼ਿਸ਼ ਕੀਤੀ ਹੁੰਦੀ ਤਾਂ ਮੈਂ ਤੈਨੂੰ ਮਿਰਤਕ ਦੀ ਮਾਂ ਦੇ ਹਵਾਲੇ ਕਰਨ ਦੀ ਥਾਂ ਖੁਦ ਫਾਂਸੀ ਦੀ ਸਜਾ ਸੁਣਾ ਦੇਣੀ ਸੀ!
ਕੁਤਬ-ਦੀਨ-ਐਬਕ ਅੱਗੋਂ ਆਪਣੇ ਡੱਬ ਵਿਚ ਲੁਕਾਇਆ ਖੰਜਰ ਵਿਖਾਉਂਦਾ ਹੋਇਆ ਆਖਣ ਲੱਗਾ ਕੇ ਕਾਜੀ ਸਾਬ ਜੇ ਤੂੰ ਅੱਜ ਮੇਰੀ ਬਾਦਸ਼ਾਹੀ ਨੂੰ ਮੱਦੇ ਨਜਰ ਰੱਖਦਿਆਂ ਫੈਸਲਾ ਸੁਣਾਉਣ ਵੇਲੇ ਮੇਰੇ ਨਾਲ ਕੋਈ ਰੱਤੀ ਭਰ ਜਿੰਨੀ ਵੀ ਰਿਆਇਤ ਕੀਤੀ ਹੁੰਦੀ ਤਾਂ ਇਹ ਖੰਜਰ ਮੈਂ ਖੁਦ ਆਪਣੇ ਸੀਨੇ ਵਿਚ ਖੋਬ ਲਿਆ ਹੁੰਦਾ!

ਸੋ ਦੋਸਤੋ ਕਿਸੇ ਵੇਲੇ ਹਿੰਦੁਸਤਾਨ ਨਾਮ ਦੇ ਮੁਲਖ ਦੀ ਕਨੂੰਨ ਵਿਵਸਥਾ ਅਤੇ ਨਿਆਂ ਪ੍ਰਣਾਲੀ ਦਾ ਸਰੂਪ ਕੁਝ ਏਦਾਂ ਦਾ ਹੋਇਆ ਕਰਦਾ ਸੀ..ਕਟਹਿਰੇ ਵਿਚ ਖਲੋਤਾ ਬੰਦਾ ਸਿਰਫ ਤੇ ਸਿਰਫ ਇੱਕ ਮੁਜਰਿਮ ਹੋਇਆ ਕਰਦਾ ਸੀ ਨਾ ਕੇ ਕੋਈ ਬਾਦਸ਼ਾਹ,ਅਹਿਲਕਾਰ ਤੇ ਜਾਂ ਫੇਰ ਕੋਈ ਆਹਲਾ ਅਫਸਰ..!
ਤਾਂ ਹੀ ਸ਼ਾਇਦ ਤਕਰੀਬਨ ਨੌਂ ਸੌ ਸਾਲ ਪਹਿਲਾਂ ਬਣਿਆ ਉਚਾ ਲੰਮਾ ਕੁਤੁਬ ਮੀਨਾਰ ਅੱਜ ਵੀ ਓਸੇ ਦਿੱਲੀ ਦੀ ਹਿੱਕ ਤੇ ਅਡੋਲ ਖਲੋਤਾ ਵੱਡੇ ਦਿਲ ਵਾਲਿਆਂ ਨੂੰ ਮੇਹਣਾ ਦੇ ਰਿਹਾ ਏ ਕੇ "ਵਾਹ ਓਏ ਹਾਕਮੋਂ ਵਾਰੇ ਵਾਰੇ ਜਾਈਏ ਤੁਹਾਡੀ ਨਿਆਂ ਪ੍ਰਣਾਲੀ ਤੇ..ਕੁਝ ਅਰਸੇ ਪਹਿਲਾਂ ਸ਼ਰੇਆਮ ਤੁਹਾਡੇ ਨੱਕ ਹੇਠ ਤਿੰਨ ਹਜਾਰ ਬੰਦਾ ਕੋਹ ਕੋਹ ਕੇ ਕਤਲ ਕਰ ਸੁੱਟਿਆ ਤੇ ਤੁਹਾਥੋਂ ਅਜੇ ਤੱਕ ਸ਼ਰੇਆਮ ਘੁੰਮਦੇ ਦੋਸ਼ੀਆਂ ਵਿਚੋਂ ਇੱਕ ਵੀ ਬੰਦਾ ਫੜ ਕੇ ਫਾਹੇ ਨਹੀਂ ਟੰਗਿਆ ਗਿਆ..ਕਿੱਦਾਂ ਅਖਵਾਉਂਦੇ ਹੋ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ?

ਮਹਾਰਾਜਾ ਰਣਜੀਤ ਸਿੰਘ ਦੇ ਚਾਲੀ ਸਾਲ (1799-1839) ਦੇ ਰਾਜ ਵਿਚ ਨਾ ਤੇ ਕਿਸੇ ਨੂੰ ਫਾਂਸੀ ਹੋਈ..ਨਾ ਹੀ ਕਿਸੇ ਬਗਾਵਤ ਨੇ ਸਿਰ ਚੁੱਕਿਆ,ਨਾ ਕੋਈ ਦੰਗਾ ਫਸਾਦ ਹੋਇਆ..ਤੇ ਨਾ ਹੀ ਕਦੀ ਅਨਾਜ ਦੀ ਕੋਈ ਕਮੀਂ ਹੀ ਹੋਈ ਸੀ..!

ਅਜੇ ਵੀ ਯਾਦ ਏ ਨਿੱਕੇ ਹੁੰਦਿਆਂ ਸ੍ਰੀ ਦਰਬਾਰ ਸਾਹਿਬ ਗਿਆਂ ਦਾ ਬਹੁਤਾ ਉਲਾਰ ਅਜਾਇਬ ਘਰ ਵੇਖਣ ਵੱਲ ਹੋਇਆ ਕਰਦਾ ਸੀ..
ਇਤਿਹਾਸਿਕ ਤੋੜੇ-ਦਾਰ ਬੰਦੂਕਾਂ..ਸਾਕੇ ਨਨਕਾਣੇ ਵਾਲੀ ਰੇਲ ਗੱਡੀ..
ਲਛਮਣ ਸਿੰਘ ਧਾਰੋਵਾਲੀ ਦੀ ਜੰਡ ਨਾਲ ਬੰਨ ਕੇ ਸਾੜੇ ਜਾਂ ਦੀ ਤਸਵੀਰ..
ਸੁੱਖਾ ਸਿੰਘ ਮਹਿਤਾਬ ਸਿੰਘ ਦੇ ਨੇਜੇ ਤੇ ਟੰਗਿਆ ਮੱਸੇ ਰੰਘੜ ਦਾ ਸਿਰ..ਭਾਈ ਮਨੀ ਸਿੰਘ ਜੀ ਦੀ ਬੰਦ-ਬੰਦ ਕਟਾਉਂਦੇ ਹੋਏ ਦੀ ਤਸਵੀਰ..ਭਾਈ ਤਾਰੂ ਸਿੰਘ ਜੀ ਦਾ ਖੋਪੜ..ਬੋਤਾ ਸਿੰਘ ਗਰਜਾ ਸਿੰਘ..ਹੋਰ ਵੀ ਕਿੰਨਾ ਕੁਝ..ਬਾਲ ਮਨ ਤੇ ਬਹੁਤ ਜਿਆਦਾ ਅਸਰ ਕਰਿਆ ਕਰਦਾ!

ਹੁਣ ਤੇ ਇਸ ਇਤਿਹਾਸਿਕ ਅਜਾਇਬ ਘਰ ਨੂੰ ਜਾਂਦਾ ਰਾਹ ਇਸ ਚਲਾਕੀ ਨਾਲ ਓਹਲੇ ਜਿਹੇ ਕਰ ਦਿੱਤਾ ਕੇ ਕਿਸੇ ਦੇ ਮਨ ਵਿਚ ਖਿਆਲ ਤੱਕ ਨੀ ਆਉਂਦਾ ਕੇ ਇਥੇ ਇੱਕ ਐਸਾ ਦ੍ਰਿਸ਼-ਦਰਪਣ ਵੀ ਹੈ ਜਿਸਨੂੰ ਵੇਖਿਆ ਆਪ ਮੁਹਾਰੇ ਲੂ ਕੰਢੇ ਖੜੇ ਹੋ ਜਾਂਦੇ..
ਅਗਲਿਆਂ ਸੱਪ ਵੀ ਮਾਰ ਸਿਟਿਆ ਤੇ ਸੋਟੀ ਵੀ ਟੁੱਟਣੋਂ ਬਚਾ ਲਈ..!

ਇਸ ਤੋਂ ਵੱਧ ਬਦਕਿਸਮਤੀ ਹੋਰ ਕੀ ਹੋ ਸਕਦੀ ਏ ਕੇ ਕੌਮ ਦੇ ਇਸ ਮਾਣ-ਮੱਤੇ ਇਤਿਹਾਸ ਦੀਆਂ ਸਾਖੀਆਂ ਨਾਲ ਲੱਦੇ ਹੋਏ ਜੰਗਲਾਂ ਦੇ ਮਜਬੂਤ ਤਣਿਆਂ ਨੂੰ ਵੱਢਦੀ ਹੋਈ ਕੁਲਹਾੜੀ ਨੂੰ ਦਸਤਾ ਵੀ ਓਸੇ ਜੰਗਲ ਨੇ ਹੀ ਪ੍ਰਦਾਨ ਕੀਤਾ ਏ ਜਿਸਦੀ ਹੋਂਦ ਸੰਗਤ ਵੱਲੋਂ ਭੇਂਟ ਕੀਤੀ ਬੇਸ਼ੁਮਾਰ ਮਾਇਆ ਅਤੇ ਚੜਾਵੇ ਦੇ ਕਰਕੇ ਹੀ ਬਣੀ ਹੋਈ ਏ!

"ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ..ਖੈਰ ਹਾਰ ਜਾਣ ਦੀ ਮਨੋਬਿਰਤੀ ਦੀ ਤੇ ਸਿੱਖ ਫਲਸਫੇ ਵਿਚ ਕੋਈ ਥਾਂ ਹੈ ਹੀ ਨਹੀਂ..

ਬਕੌਲ ਜਸਵੰਤ ਸਿੰਘ ਕੰਵਲ ਇਥੇ ਜਾਂ ਤੇ ਜਿੱਤ ਹੈ ਤੇ ਜਾਂ ਫੇਰ ਜਿੱਤ ਦੀ ਪ੍ਰਾਪਤੀ ਲਈ ਆਖਰੀ ਦਮ ਤੱਕ ਲੜਦਿਆਂ ਹੋਇਆਂ ਪ੍ਰਾਪਤ ਕੀਤੀ ਸ਼ਹੀਦੀ..!

ਹਰਪ੍ਰੀਤ ਸਿੰਘ ਜਵੰਦਾ