ਅਮਰੀਕਾ ਕੈਨੇਡਾ ਨੂੰ ਜੋੜਣ ਵਾਲੇ ਪੁਲ ਉਪਰ ਹੋਏ ਧਮਾਕੇ ਦਾ ਅੱਤਵਾਦ ਨਾਲ ਸਬੰਧ ਨਹੀਂ-ਐਫ ਬੀ ਆਈ
* ਮਾਰੇ ਗਏ ਦੋ ਲੋਕ ਸਨ ਪਤੀ - ਪਤਨੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਕੈਨੇਡਾ ਸਰਹੱਦ ਉਪਰ ਨਿਆਗਰ ਫਾਲਜ਼ ਨੇੜੇ ਦੋਨਾਂ ਦੇਸ਼ਾਂ ਨੂੰ ਜੋੜਣ ਵਾਲੇ ਪੁਲ ਉਪਰ ਇਕ ਕਾਰ ਨਾਲ ਵਾਪਰੇ ਹਾਦਸੇ ਉਪਰੰਤ ਹੋਏ ਧਮਾਕੇ ਵਿਚ ਮਾਰੇ ਗਏ ਦੋ ਲੋਕ ਪਤੀ-ਪਤਨੀ ਸਨ ਤੇ ਉਹ ਨਿਊਯਾਰਕ ਦੇ ਰਹਿਣ ਵਾਲੇ ਸਨ। ਇਹ ਪ੍ਰਗਟਾਵਾ ਲਾਅ ਇਨਫੋਰਸਮੈਂਟ ਸੂਤਰਾਂ ਨੇ ਕੀਤਾ ਹੈ। ਇਸ ਦੇ ਨਾਲ ਹੀ ਐਫ ਬੀ ਆਈ ਨੇ ਕਿਹਾ ਹੈ ਕਿ ਇਸ ਧਮਾਕੇ ਦਾ ਅੱਤਵਾਦ ਨਾਲ ਕੋਈ ਸਬੰਧ ਨਹੀਂ ਹੈ। ਬੁੱਧਵਾਰ ਦੇਰ ਗਏ ਰੇਨਬੋਅ ਪੁਲ ਉਪਰ ਅਮਰੀਕਾ ਵਾਲੇ ਪਾਸੇ ਹੋਏ ਧਮਾਕੇ ਬਾਰੇ ਜਾਂਚਕਾਰਾਂ ਦਾ ਵਿਸ਼ਵਾਸ਼ ਹੈ ਕਿ ਪਤੀ-ਪਤਨੀ ਤੇਜ ਰਫਤਾਰ ਨਾਲ ਜਾ ਰਹੀ ਕਾਰ ਵਿਚ ਸਵਾਰ ਸਨ ਜਦੋਂ ਇਹ ਕਾਰ ਨਰੀਖਣ ਚੌਕੀ 'ਤੇ ਬਣੀ ਇਕ ਰੋਕ ਨਾਲ ਟਕਰਾਉਣ ਉਪਰੰਤ ਰੇਲਿੰਗ ਵਿਚ ਜਾ ਵੱਜੀ। ਉਪਰੰਤ ਹੋਏ ਧਮਾਕੇ ਕਾਰਨ ਕਾਰ ਨੂੰ ਅੱਗ ਲੱਗ ਗਈ। ਐਫ ਬੀ ਆਈ ਦੇ ਬੁਫੈਲੋ ਵਿਚਲੇ ਫੀਲਡ ਦਫਤਰ ਨੇ ਐਲਾਨ ਕੀਤਾ ਹੈ ਕਿ ਸ਼ੁਰੂ ਵਿਚ ਅੱਤਵਾਦੀ ਹਮਲਾ ਹੋਣ ਦੀ ਚਿੰਤਾ ਦੇ ਬਾਵਜੂਦ ਐਫ ਬੀ ਆਈ ਨੂੰ ਇਸ ਧਮਾਕੇ ਦਾ ਅੱਤਵਾਦ ਨਾਲ ਸਬੰਧ ਹੋਣ ਬਾਰੇ ਕੋਈ ਸਬੂਤ ਨਹੀਂ ਮਿਲਿਆ ਤੇ ਨਾ ਹੀ ਮੌਕੇ ਤੋਂ ਕੋਈ ਧਮਾਕਾਖੇਜ ਸਮਗਰੀ ਦੇ ਸਬੂਤ ਮਿਲੇ ਹਨ। ਦਫਤਰ ਅਨੁਸਾਰ ਇਹ ਮਾਮਲਾ ਸਥਾਨਕ ਪੁਲਿਸ ਨੂੰ ਹਾਦਸੇ ਦੀ ਜਾਂਚ ਵਾਸਤੇ ਸੌਂਪ ਦਿੱਤਾ ਗਿਆ ਹੈ। ਨਿਊਯਾਰਕ ਦੇ ਗਵਰਨਰ ਕੈਥੀ ਹੋਚਲ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਮੈ ਇਹ ਸਪੱਸ਼ਟ ਕਰ ਦੇਣਾ ਚਹੁੰਦਾ ਹਾਂ ਕਿ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਹੈ ਜਿਸ ਤੋਂ ਪਤਾ ਲੱਗਦਾ ਹੋਵੇ ਕਿ ਇਹ ਅੱਤਵਾਦੀ ਹਮਲਾ ਸੀ। ਇਸ ਧਮਾਕੇ ਕਾਰਨ ਕੈਨੇਡਾ ਤੇ ਅਮਰੀਕਾ ਨੂੰ ਜੋੜਦੇ ਸਾਰੇ 4 ਪੁਲਾਂ ਨੂੰ ਆਰਜੀ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ ਜਿਨਾਂ ਵਿਚੋਂ 3 ਪੁਲਾਂ ਨੂੰ ਆਮ ਆਵਾਜਾਈ ਲਈ ਮੁੜ ਖੋਲ ਦਿੱਤਾ ਗਿਆ ਹੈ ਜਦ ਕਿ ਰੇਅਨਬੋਅ ਪੁਲ ਅਜੇ ਬੰਦ ਹੈ।
Comments (0)