ਮਾਮਲਾ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ਉਪਰ ਕਤਲਾਨਾ ਹਮਲੇ ਦਾ 

ਮਾਮਲਾ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ਉਪਰ ਕਤਲਾਨਾ ਹਮਲੇ ਦਾ 

ਤਿੰਨ ਖਾਲਿਸਤਾਨੀਆਂ ਨੇ 40 ਵਾਰ ਮਾਰਿਆ ਚਾਕੂ, ਕਤਲ ਦੀ ਕੋਸ਼ਿਸ਼ ਦਾ ਠਹਿਰਾਇਆ ਗਿਆ ਦੋਸ਼ੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਆਕਲੈਂਡ: ਤਿੰਨ ਖਾਲਿਸਤਾਨ ਸਮਰਥਕਾਂ ਨੂੰ ਆਕਲੈਂਡ ਦੇ ਪ੍ਰਸਿੱਧ ਰੇਡੀਓ ਹੋਸਟ ਹਰਨੇਕ ਸਿੰਘ ਦੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਸਜ਼ਾ ਸੁਣਾਈ ਗਈ ਹੈ। ਦਿ ਆਸਟ੍ਰੇਲੀਆ ਟੂਡੇ ਦੀ ਰਿਪੋਰਟ ਮੁਤਾਬਕ ਸਰਵਜੀਤ ਸਿੱਧੂ (27) ਨੂੰ ਕਤਲ ਦੀ ਕੋਸ਼ਿਸ਼ ਦਾ ਦੋਸ਼ੀ ਪਾਇਆ ਗਿਆ ਹੈ। ਜਦੋਂ ਕਿ 44 ਸਾਲਾ ਸੁਖਪ੍ਰੀਤ ਸਿੰਘ ਨੂੰ ਐਕਸੈਸਰੀ ਹੋਣ ਦਾ ਦੋਸ਼ੀ ਪਾਇਆ ਗਿਆ। ਤੀਜਾ ਦੋਸ਼ੀ 48 ਸਾਲਾ ਆਕਲੈਂਡ ਦਾ ਰਹਿਣ ਵਾਲਾ ਹੈ।

ਤਿੰਨਾਂ ਨੇ ਹਰਨੇਕ ਸਿੰਘ ਦੇ  ਸਿਖ ਸਿਧਾਂਤਾਂ ,ਸਿਖ ਇਤਿਹਾਸ ,ਖਾਲਿਸਤਾਨ ਦਾ ਵਿਰੋਧ ਕਰਨ ਦੇ ਰੋਸ ਵਜੋਂ ਇਸ ਹਮਲੇ ਦੀ ਯੋਜਨਾ ਬਣਾਈ ਸੀ। ਅਦਾਲਤ ਦੀ ਸੁਣਵਾਈ ਦੌਰਾਨ, ਜੱਜ ਮਾਰਕ ਵੂਲਫੋਰਡ ਨੇ ਧਾਰਮਿਕ ਕੱਟੜਤਾ ਦੇ ਖਿਲਾਫ ਕਮਿਊਨਿਟੀ ਸੁਰੱਖਿਆ ਅਤੇ ਮਜ਼ਬੂਤ ​​ਰੋਕਥਾਮ ਦੀ ਲੋੜ 'ਤੇ ਜ਼ੋਰ ਦਿੱਤਾ। 

ਹਮਲਾ ਕਦੋਂ ਹੋਇਆ?

 ਇਹ ਹਮਲਾ 23 ਦਸੰਬਰ 2020 ਨੂੰ ਹੋਇਆ ਸੀ। ਹਰਨੇਕ ਸਿੰਘ 'ਤੇ ਖਾਲਿਸਤਾਨੀਆਂ ਨੇ ਰਸਤੇ ਵਿੱਚ ਹਮਲਾ ਕੀਤਾ ਸੀ। ਨੇਕੀ ਦੇ ਨਾਂ ਨਾਲ ਮਸ਼ਹੂਰ ਹਰਨੇਕ ਸਿੰਘ ਦਾ ਤਿੰਨ ਕਾਰਾਂ ਨੇ ਪਿੱਛਾ ਕੀਤਾ। ਉਸ ਨੂੰ 40 ਤੋਂ ਵੱਧ ਵਾਰ ਚਾਕੂ ਮਾਰਿਆ ਗਿਆ ਸੀ।ਦਿ ਆਸਟ੍ਰੇਲੀਆ ਟੂਡੇ ਅਨੁਸਾਰ, ਹਰਨੇਕ ਨੇ  ਆਪਣੀ ਕਾਰ ਦਾ ਦਰਵਾਜ਼ਾ ਬੰਦ ਕਰ ਲਿਆ ਅਤੇ ਗੁਆਂਢੀਆਂ ਦਾ ਧਿਆਨ ਖਿੱਚਣ ਲਈ ਹਾਰਨ ਵਜਾਇਆ। ਤੁਹਾਨੂੰ ਦੱਸ ਦੇਈਏ ਕਿ ਹਰਨੇਕ ਸਿੰਘ ਦੇ 350 ਤੋਂ ਵੱਧ ਟਾਂਕੇ ਲੱਗੇ ਅਤੇ ਕਈ ਸਰਜਰੀਆਂ ਹੋਈਆਂ ਸਨ।

ਰਿਪੋਰਟਾਂ ਮੁਤਾਬਕ ਤੀਜਾ ਦੋਸ਼ੀ 48 ਸਾਲਾ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਉਸ ਵਿਅਕਤੀ ਨੇ ਸਾਲਾਂ ਤੋਂ ਹਰਨੇਕ ਸਿੰਘ ਨਾਲ ਨਰਾਜ਼ਗੀ ਜਤਾਈ ਹੋਈ ਸੀ ਕਿਉਂਕਿ ਪ੍ਰਸਿੱਧ ਕੀਵੀ ਰੇਡੀਓ ਹੋਸਟ ਖਾਲਿਸਤਾਨ ਤੇ ਸਿਖ ਰਵਾਇਤਾਂ ਵਿਰੁੱਧ ਆਵਾਜ਼ ਉਠਾ ਰਿਹਾ ਸੀ।

ਹਮਲੇ ਪਿੱਛੇ 48 ਸਾਲਾ ਮਾਸਟਰਮਾਈਂਡ ਨੂੰ ਸਾਢੇ 13 ਸਾਲ ਦੀ ਸਜ਼ਾ ਸੁਣਾਈ ਗਈ ਸੀ, ਪੈਰੋਲ ਦੀ ਯੋਗਤਾ ਤੋਂ ਪਹਿਲਾਂ ਘੱਟੋ-ਘੱਟ 9 ਸਾਲ ਦੀ ਸਜ਼ਾ ਸੀ। ਸਰਵਜੀਤ ਸਿੱਧੂ ਨੂੰ ਸਾਢੇ ਨੌਂ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਸੁਖਪ੍ਰੀਤ ਸਿੰਘ ਨੂੰ ਛੇ ਮਹੀਨੇ ਦੀ ਘਰ ਨਜ਼ਰਬੰਦੀ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ, ਦੋ ਵਿਅਕਤੀਆਂ, ਜਗਰਾਜ ਸਿੰਘ ਅਤੇ ਗੁਰਬਿੰਦਰ ਸਿੰਘ ਨੂੰ ਨਾਕਾਫ਼ੀ ਸਬੂਤਾਂ ਕਾਰਨ ਬਰੀ ਕਰ ਦਿੱਤਾ ਗਿਆ ਸੀ, ਜਦੋਂ ਕਿ ਦੋ ਹੋਰ, ਜੋਬਨਪ੍ਰੀਤ ਸਿੰਘ ਤੇ ਹਰਦੀਪ ਸਿੰਘ ਸੰਧੂ, ਹਰਨੇਕ ਸਿੰਘ ਦੇ ਕਤਲ ਦੀ ਕੋਸ਼ਿਸ਼ ਵਿੱਚ ਸ਼ਾਮਲ ਹੋਣ ਲਈ ਅਗਲੇ ਸਾਲ ਦੇ ਸ਼ੁਰੂ ਵਿੱਚ ਸਜ਼ਾ ਦੀ ਉਡੀਕ ਕਰ ਰਹੇ ਹਨ।