'ਪ੍ਰੋਗਰੈਸਿਵ ਪੰਜਾਬ' ਦੇ ਮੁੱਖ ਮੰਤਰੀ ਲਈ ਨਸ਼ੇ ਮਾਰੇ ਪੰਜਾਬ ਦੀ ਭੈਣ ਦਾ ਖੁੱਲਾ ਖ਼ਤ
ਏਤੀ ਮਾਰ ਪਈ ਕਰਲਾਣੇ।
ਤੈਂ ਕੀ ਦਰਦੁ ਨਾ ਆਇਆ।
ਜਦੋਂ ਵੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰੇ ਇਹ ਬੋਲ ਪੜ੍ਹਦੀ ਜਾਂ ਸੁਣ ਦੀ ਹਾਂ ਤਾਂ ਅੱਜ ਦੇ ਦੌਰ ਵਿੱਚ ਪਹਿਲਾ ਚਿਹਰਾ ਤੁਹਾਡਾ ਹੀ ਦਿਸਦਾ ਹੈ। ਹਾਂ ਜੀ ਕੈਪਟਨ ਅਮਰਿੰਦਰ ਸਿੰਘ, ਭਾਵੇਂ ਲੋਕਾਂ ਲਈ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਪ੍ਰੰਤੂ ਮੇਰੀ ਨਜ਼ਰ ਵਿੱਚ ਅੱਜ ਦੇ ਜ਼ਮਾਨੇ ਦੇ ਜਾਬਰ ਤੁਸੀਂ ਹੀ ਹੋ।
ਪਿਛਲੇ ਦਿਨੀਂ ਮੇਰੇ ਪਿਓ ਨੇ ਮੇਰੇ 22 ਸਾਲਾਂ ਦੇ ਭਰਾ ਦੀ ਅਰਥੀ ਨੂੰ ਮੋਢਾ ਦਿੱਤਾ ਜਿਸਨੂੰ ਕੇ ਤੁਹਾਡੀ ਪੁਲਸ ਦੀ ਮੇਹਰਬਾਨੀ ਸਦਕਾ ਸ਼ਰੇਆਮ ਵਿਕਦੇ ਚਿੱਟੇ ਨੇ ਕਿਸੇ ਦਿਓ ਵਾਂਗ ਖਾ ਲਿਆ। ਪੰਜਾਬ ਦੇ ਘਰਾਂ ਵਿਚੋਂ ਨਸ਼ਿਆਂ ਚ ਗਰਕ ਕੇ ਨਿੱਤ ਉੱਠ ਰਹੀਆਂ ਨੌਜਵਾਨਾਂ ਦੀਆਂ ਲਾਸ਼ਾਂ ਤੋਂ ਤੁਹਾਡੀ ਮੁੱਖ ਮੋੜ ਲੈਣ ਦੀ ਅਦਾ ਨੇ ਤੁਹਾਨੂੰ ਇੱਕੀਵੀਂ ਸਦੀ ਦੇ ਪੰਜਾਬ ਦਾ ਜਾਬਰ ਬਣਾ ਦਿੱਤਾ ਹੈ।
ਸਾਡੇ ਮਾਪਿਆਂ ਵੱਲੋਂ ਤੁਹਾਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਕਿਹਾ ਜਾਂਦਾ ਸੀ ਪਰ ਇੰਜ ਜਾਪਦੇ ਤੁਸੀਂ ਨਾਲ ਵਗਦੇ ਨਸ਼ਿਆਂ ਦੇ ਸਿਰਫ ਛੇਵੇਂ ਦਰਿਆ ਦੀ ਹੀ ਰਾਖੀ ਕਰਨ ਲੱਗ ਪਏ। ਤੁਸੀਂ ਤਾਂ ਸ਼ਬਦ ਗੁਰੂ ਦੀ ਚੁੱਕੀ ਸੌਂਹ ਦੀ ਵੀ ਲਾਜ ਨਾ ਰੱਖੀ।
ਦੋ ਭਰਾਵਾਂ ਦੀ ਕੱਲੀ ਭੈਣ ਹੋਣ ਦਾ ਜਿੰਨਾ ਚਾਅ ਤੇ ਮਾਣ ਮੈਨੂੰ ਸੀ ਅੱਜ ਇਸ ਭੈਣ ਦਾ ਦਿਲ ਉਨ੍ਹਾਂ ਦੋਵਾਂ ਵੀਰਾਂ ਦੇ ਉਸ ਨਸ਼ੇ ਦੀ ਅੱਗ ਵਿਚ ਝੁਲਸਣ ਤੇ ਉਨ੍ਹਾ ਹੀ ਤੜਫ ਰਿਹਾ ਹੈ। ਦੋ ਵਰ੍ਹੇ ਪਹਿਲਾਂ ਇਕ ਕਾਲਾ ਪੀਲੀਆ ਤੇ ਏਡਜ਼ ਦੀ ਬਿਮਾਰੀ ਦੇ ਹੱਥੋਂ ਆਪਣੀ ਜ਼ਿੰਦਗੀ ਦੀ ਬਰਬਾਦੀ ਦੀ ਕਹਾਣੀ ਲਿਖਵਾ ਕੇ ਆ ਗਿਆ ਤੇ ਦੂਜੇ ਦੇ ਰੱਖੜੀ ਵਾਲੇ ਗੁੱਟ ਵਿਚੋਂ ਲੱਗੀ ਸਰਿੰਜ ਨੇ ਜ਼ਿੰਦਗੀ ਖੋਹ ਲਈ ਅਤੇ ਉਹ ਮੇਰੇ ਪਿਓ ਦੇ ਮੋਢੇ ਰੱਖੀ ਅਰਥੀ ਤੇ ਪੁੱਜ ਗਿਆ।
ਆਪਣੇ ਦੋਵਾਂ ਭਰਾਵਾਂ ਦੀ ਬਰਬਾਦੀ ਦੇ ਸਫ਼ਰ ਦਾ ਹਰ ਪਲ਼ ਮੈਂ ਆਪ ਹੰਢਾਇਆ ਹੈ। ਉਨ੍ਹਾਂ ਦਾ ਇਸ ਖੂਹ ਵਿੱਚ ਡਿੱਗ ਪੈਣਾ, ਉਨ੍ਹਾਂ ਦੀ ਤੜਫ, ਅੰਤ ਸਮੇਂ ਉਨ੍ਹਾਂ ਦੀ ਬੇਬਸੀ, ਨਸ਼ੇ ਛੱਡਣ ਲਈ ਖ਼ੁਦ ਨਾਲ ਛੇੜੀ ਉਨ੍ਹਾਂ ਦੀ ਲੜਾਈ, ਮੇਰੇ ਪਿਓ ਮੇਰੀ ਮਾਂ ਦੇ ਮੇਰੇ ਵੀਰਾਂ ਲਈ ਵੇਖੇ ਉਹ ਸਭ ਸੁਪਨੇ ਮਿੱਟੀ ਚ ਮੈਂ ਆਪ ਰੁਲਦੇ ਵੇਖੇ ਨੇ। ਪਰਿਵਾਰ ਦੇ ਉੱਜੜੇ ਹਾਸਿਆਂ ਦਾ ਸੰਤਾਪ ਮੈਂ ਇਸ ਨਿੱਕੀ ਉਮਰੇ ਆਪ ਹੰਢਾਇਆ ਹੈ।
ਕੈਪਟਨ ਸਾਬ੍ਹ ਤੁਹਾਨੂੰ ਸਾਡੇ ਵਰਗੇ ਅੱਜ ਦੇ ਪੰਜਾਬ ਦੇ ਹਰ ਘਰ ਚੋਂ ਪੈਂਦੇ ਵੈਣ ਨਹੀਂ ਸੁਣੇ? ਕਿੰਨੇ ਹੀ ਹੋਰ ਸਮੇਂ ਤੱਕ ਤੁਸੀਂ ਦਿੱਲੀ ਵੱਲੋਂ ਪੰਜਾਬ ਪੁਲਸ ਦੇ ਜ਼ਰੀਏ ਆਰੰਭੀ ਇਸ ਨਸਲਕੁਸ਼ੀ ਦੇ ਇਸ ਤਰ੍ਹਾਂ ਹੀ ਤਮਾਸ਼ਬੀਨ ਬਣੇ ਰਹੋਗੇ? 80-90 ਦੇ ਦਹਾਕਿਆਂ ਦੌਰਾਨ ਘਰਾਂ ਵਿਚੋਂ ਚੁੱਕ ਚੁੱਕ ਕੇ ਜਵਾਨੀ ਦਾ ਘਾਣ ਕੀਤਾ ਗਿਆ ਤੇ ਉਸ ਸਮੇਂ ਦੌਰਾਨ ਵਿੱਢੀ ਗਈ ਜਵਾਨੀ ਨੂੰ ਮੁਕਾਉਣ ਦੀ ਮੁਹਿੰਮ ਦੇ ਸਿਰਫ਼ ਪੈਂਤੜੇ ਬਦਲ ਗਏ ਹਨ। ਬਸ ਫ਼ਰਕ ਐਨਾ ਕਿ ਪੁਲਸ ਦੇ ਹੱਥੋਂ ਬੰਦੂਕ ਹਟਾ ਕੇ ਉਸਦੇ ਚਰਿੱਤਰ ਨੂੰ ਸਾਫ ਤੇ ਨੌਜਵਾਨਾਂ ਦੇ ਹੱਥ ਸਰਿੰਜ ਦੇ ਰੂਪ 'ਚ ਉਸਦੀ ਮੌਤ ਦੇ ਦਿੱਤੀ।
ਤੁਸੀਂ ਕਿਸ 'ਪ੍ਰੋਗਰੈਸਿਵ ਪੰਜਾਬ' ਦਾ ਪ੍ਰਚਾਰ ਕਰਦੇ ਫਿਰਦੇ ਹੋ ਜਿਸਦੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਅੱਜ ਵਿਦਿਆ ਦਾ ਦਾਨ ਨਹੀਂ, ਮੌਤ ਦਾ ਪ੍ਰਸਾਦ ਵੰਡ ਰਹੀਆਂ ਹਨ? ਜਿੱਥੇ ਨੌਜਵਾਨ ਬੌਧਿਕ ਕੰਗਾਲੀ ਦੇ ਹੜ੍ਹ ਵਿੱਚ ਹੜ੍ਹਦੇ ਜਾ ਰਹੇ ਹਨ?
ਪ੍ਰੰਤੂ ਇਸ ਪੀੜ੍ਹੀ ਨੂੰ ਇੰਨੇ ਵੀ ਨਾਸਮਝ ਨਾ ਜਾਣਿਓ ਕਿ ਆਪਣੀਆਂ ਜੜ੍ਹਾਂ 'ਚ ਤੇਲ ਵਾਲੇ ਹੱਥ ਨਾ ਪਛਾਣ ਸਕਣ। ਇਹ ਬਲਦਾ ਪੰਜਾਬ ਤੁਹਾਡੇ ਪੰਜਾਬ ਨਾਲੋਂ ਵੱਖਰਾ ਹੈ। ਤੁਸੀਂ ਤਾਂ ਸ਼ਾਇਦ ਸਾਡੀ ਪੀੜ੍ਹੀ ਦੇ ਨਿਸ਼ਾਨ ਮਿਟਣ ਦਾ ਇੰਤਜ਼ਾਰ ਕਰ ਰਹੇ ਹੋ! ਗੁਰਾਂ ਦੇ ਨਾਂ ਤੇ ਵਸਣ ਵਾਲੀ ਇਸ ਧਰਤ ਦੇ ਜਾਇਆਂ ਨੂੰ ਨਿੱਤ ਮੁਹਿੰਮਾਂ ਰਹੀਆਂ ਹਨ ਹੁਣ ਇਸ ਧਰਤ ਦੇ ਰਖਵਾਲੇ ਕਹਾਉਣ ਦੇ ਯੋਗ ਤੁਸੀਂ ਨਹੀਂ ਹੋ। ਤੁਹਾਡੇ ਕਿਸੇ ਉਪਰਾਲੇ ਦੀ ਉਡੀਕ ਵਿੱਚ ਪਤਾ ਨਹੀਂ ਕਿੰਨੇ ਹੀ ਹੋਰ ਸਿਵੇ ਬਲਣਗੇ।
ਜਾਗਰੂਕ ਪੀੜ੍ਹੀ ਪੱਬਾਂ ਭਾਰ ਬੈਠੀ ਹੈ, ਇਹ ਪੱਤਰ ਤੁਹਾਡੇ ਤੋਂ ਕਿਸੇ ਵੀ ਪ੍ਰਕਾਰ ਦੀ ਹਮਦਰਦੀ ਦੀ ਉਮੀਦ ਨਾ ਕਰਦਾ ਹੋਇਆ, ਤੁਹਾਨੂੰ ਸਿਰਫ ਆਗਾਹ ਕਰਨ ਦਾ ਉਦੇਸ਼ ਰੱਖਦਾ ਹੈ।
ਮੇਰੇ ਵਾਂਗ ਕਿੰਨਿਆਂ ਦੇ ਹੀ ਮਨਾਂ ਚ ਆਪਣੇ ਵੀਰਾਂ ਭੈਣਾਂ ਦੀ ਤਬਾਹੀ ਵੇਖ ਕੇ ਰੋਹ ਉਬਾਲੇ ਮਾਰ ਰਿਹਾ ਹੈ। ਕਿਤੇ ਇਹ ਨਾ ਹੋਵੇ ਪੰਜਾਬ 'ਚ ਪੈਂਦੇ ਵੈਣਾਂ ਦਾ ਸੈਲਾਬ ਭਾਈ ਬਚਿੱਤਰ ਸਿੰਘ ਵਾਂਗ ਤੁਹਾਡੇ ਸੱਤਾ ਦੇ ਨਸ਼ੇ ਵਿਚ ਮਦਮਸਤ ਮੋਤੀ ਮਹਿਲ ਨੂੰ ਗੁਰੂ ਦੀ ਬਖ਼ਸ਼ਿਸ਼ ਕੀਤੀ ਨਾਗਣੀ ਦੇ ਰੂਪ ਵਿਚ ਆਪਣੇ ਰੋਹ ਨਾਲ ਤਹਿਸ ਨਹਿਸ ਕਰਨ ਦਾ ਜ਼ਿੰਮਾ ਸਾਡੇ ਵਰਗੇ ਨੌਜਵਾਨ ਆਪ ਹੀ ਚੁੱਕ ਲੈਣ।
~ਨਿਆਮਤ
Comments (0)