ਭਗਵੇਂਵਾਦੀ ਸਾਵਰਕਰ 'ਤੇ ਟਿੱਪਣੀ ਕਰਨ ਤੋਂ ਬਾਅਦ ਰਾਹੁਲ ਗਾਂਧੀ ਖਿਲਾਫ ਮਾਮਲਾ ਦਰਜ
ਅੰਮ੍ਰਿਤਸਰ ਟਾਈਮਜ਼ ਬਿਊਰੋ
ਮੁੰਬਈ -ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮਹਾਰਾਸ਼ਟਰ 'ਵਿਚ ਵੀਰ ਸਾਵਰਕਰ 'ਤੇ ਬਿਆਨ ਦਿੱਤਾ ਹੈ। ਹੁਣ ਇਸ 'ਤੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਤਾਜ਼ਾ ਖ਼ਬਰ ਇਹ ਹੈ ਕਿ ਵੀਰ ਸਾਵਰਕਰ ਦਾ ਬਿਆਨ ਦੇਣ ਦੇ ਦੋਸ਼ 'ਵਿਚ ਰਾਹੁਲ ਗਾਂਧੀ 'ਤੇ ਮਹਾਰਾਸ਼ਟਰ ਦੇ ਠਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਪੁਲਿਸ ਕਿਸੇ ਸਮੇਂ ਹਰਕਤ ਵਿੱਚ ਆ ਸਕਦੀ ਹੈ। ਜੇਕਰ ਰਾਹੁਲ ਗਾਂਧੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਭਾਰਤ ਜੋੜੋ ਯਾਤਰਾ ਦੌਰਾਨ ਵੱਡਾ ਹੰਗਾਮਾ ਹੋ ਸਕਦਾ ਹੈ। ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਸਾਵਰਕਰ ਜੀ ਨੇ ਅੰਗਰੇਜ਼ਾਂ ਦੀ ਮਦਦ ਕੀਤੀ ਸੀ।ਉਸ ਨੇ ਅੰਗਰੇਜ਼ਾਂ ਨੂੰ ਚਿੱਠੀ ਲਿਖ ਕੇ ਕਿਹਾ- ਜਨਾਬ, ਮੈਂ ਤੁਹਾਡਾ ਸੇਵਕ ਬਣਨਾ ਚਾਹੁੰਦਾ ਹਾਂ।ਰਾਹੁਲ ਗਾਂਧੀ ਦੇ ਇਸ ਬਿਆਨ 'ਤੇ ਭਾਜਪਾ ਗੁੱਸੇ 'ਵਿਚ ਆ ਗਈ ਹੈ। ਪਾਰਟੀ ਨੇ ਇਸ ਨੂੰ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਦੱਸਿਆ ਹੈ। ਪੂਰੇ ਮਾਮਲੇ ਵਿਚ ਖਾਸ ਗੱਲ ਇਹ ਹੈ ਕਿ ਮਹਾ ਵਿਕਾਸ ਅਗਾੜੀ ਸਰਕਾਰ 'ਵਿਚ ਕਾਂਗਰਸ ਦਾ ਸਾਥ ਦੇਣ ਵਾਲੇ ਊਧਵ ਠਾਕਰੇ ਨੇ ਵੀ ਰਾਹੁਲ ਗਾਂਧੀ ਦੇ ਬਿਆਨ ਦਾ ਵਿਰੋਧ ਕੀਤਾ ਹੈ।ਊਧਵ, ਜੋ ਹੁਣ ਸ਼ਿਵ ਸੈਨਾ ਦੇ ਇੱਕ ਧੜੇ ਦੇ ਮੁਖੀ ਹਨ, ਨੇ ਰਾਹੁਲ ਗਾਂਧੀ ਦੇ ਬਿਆਨ ਦੇ ਸਾਹਮਣੇ ਆਉਣ ਤੋਂ ਬਾਅਦ ਕਿਹਾ, ਉਨ੍ਹਾਂ ਦੀ ਪਾਰਟੀ ਵੀਰ ਸਾਵਰਕਰ ਲਈ ਬਹੁਤ ਸਤਿਕਾਰ ਕਰਦੀ ਹੈ ਅਤੇ ਇਸ ਵਿਸ਼ੇ 'ਤੇ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਨੂੰ ਮਨਜ਼ੂਰ ਨਹੀਂ ਕਰਦੀ।
ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਕਿਹਾ, ਰਾਹੁਲ ਗਾਂਧੀ ਨੇ ਇਕ ਵਾਰ ਫਿਰ ਹਿੰਦੂਤਵ ਦਾ ਅਪਮਾਨ ਕੀਤਾ ਹੈ। ਇਸ ਦਾ ਜਵਾਬ ਮਹਾਰਾਸ਼ਟਰ ਦੇ ਲੋਕ ਦੇਣਗੇ।ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਵੀ ਸਾਵਰਕਰ 'ਤੇ ਉਨ੍ਹਾਂ ਦੀ ਟਿੱਪਣੀ 'ਤੇ ਕਾਂਗਰਸ ਨੇਤਾ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਰਾਜ ਦੇ ਲੋਕ ਉਨ੍ਹਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰਨਗੇ।ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਾਹੁਲ ਗਾਂਧੀ ਨੇ ਵੀਰ ਸਾਵਰਕਰ 'ਤੇ ਵਿਵਾਦਿਤ ਬਿਆਨ ਦਿੱਤਾ ਹੈ। ਭਾਜਪਾ ਜਿੱਥੇ ਵੀਰ ਸਾਵਰਕਰ ਨੂੰ ਆਪਣਾ ਆਦਰਸ਼ ਮੰਨਦੀ ਹੈ, ਉਥੇ ਕਾਂਗਰਸ ਅਤੇ ਰਾਹੁਲ ਗਾਂਧੀ ਉਨ੍ਹਾਂ ਦਾ ਅਪਮਾਨ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ।
Comments (0)