ਗੁਰਮਤਿ ਅਨੁਸਾਰ ਰਾਜਨੀਤੀ, ਧਰਮ ਤੇ ਵਿਰਸਾ : ਤਲਵਿੰਦਰ ਸਿੰਘ

ਗੁਰਮਤਿ ਅਨੁਸਾਰ ਰਾਜਨੀਤੀ, ਧਰਮ ਤੇ ਵਿਰਸਾ : ਤਲਵਿੰਦਰ ਸਿੰਘ

ਭਾਰਤੀ ਪਰੰਪਰਾ ਵਿਚ ਰਾਜ ਦਾ ਸੰਕਲਪ ਵਿਸ਼ੇਸ਼ ਮਹੱਤਤਾ ਦਾ ਧਾਰਨੀ ਹੈ। ਇੱਥੇ ਧਰਮ ਆਧਾਰਿਤ ਰਾਜ ਪ੍ਰਣਾਲੀ ਨੂੰ ਪਰਮ ਉਪਯੋਗੀ ਅਤੇ ਨੈਤਿਕ ਸੰਸਥਾ ਮੰਨਿਆ ਗਿਆ ਹੈ। ਰਿਗਵੇਦ, ਮਨੂੰ ਸ੍ਰਿਮਤੀ, ਪੁਰਾਣ, ਰਾਮਾਇਣ, ਮਹਾਂਭਾਰਤ ਅਤੇ ਸ਼ੁਕਰਨੀਤੀ ਆਦਿ ਪ੍ਰਾਚੀਨ ਭਾਰਤੀ ਗ੍ਰੰਥ ਆਦਰਸ਼ਕ ਰਾਜ ਪ੍ਰਣਾਲੀ ਦਾ ਫ਼ਲਸਫ਼ਾ ਪੇਸ਼ ਕਰਦੇ ਹਨ। ਭਾਰਤੀ ਦਰਸ਼ਨ ਅਨੁਸਾਰ ਰਾਜ, ਧਰਮ 'ਤੇ ਆਧਾਰਿਤ ਅਤੇ ਰਾਜਾ ਗੁਣੀ, ਚਰਿੱਤਰਵਾਨ ਅਤੇ ਵਿਸ਼ਵ ਦੀ ਭਲਾਈ ਲੋਚਣ ਵਾਲਾ ਹੋਵੇ, ਜਿਸ ਦੀ ਰਾਜ ਵਿਵਸਥਾ ਰਾਜਤੰਤਰੀ ਹੁੰਦਿਆਂ ਵੀ ਲੋਕਤੰਤਰੀ ਗੁਣਾਂ ਵਾਲੀ ਹੋਵੇ।

ਮਹਾਂਭਾਰਤ ਅਨੁਸਾਰ ਸ੍ਰਿਸ਼ਟੀ ਰਚਨਾ ਪਿੱਛੋਂ ਲੋਕਾਂ ਦੀ ਬਹੁਤਾਤ ਹੋ ਜਾਣ ਕਾਰਨ 'ਰੀਤੀ ਮਰਯਾਦਾ' ਵਿਚ ਗੜਬੜੀ ਹੋਣ ਲੱਗੀ। ਸਾਰੇ ਆਪ ਮੁਹਾਰੇ ਹੋ ਕੇ ਅਨਰਥ ਕਰਨ ਲੱਗੇ ਤਾਂ ਦੇਵਤੇ ਇਕੱਠੇ ਹੋ ਕੇ ਬ੍ਰਹਮਾ ਪਾਸ ਗਏ, ਜਿਸ 'ਤੇ ਬ੍ਰਹਮਾ ਨੇ ਨੀਤੀ ਸ਼ਾਸਤਰ ਬਣਾ ਕੇ ਦੇਵਤਿਆਂ ਨੂੰ ਦਿੱਤਾ ਤਾਂ ਜੋ ਇਸ ਨਿਯਮ ਅਨੁਸਾਰ ਪਰਜਾ ਨੂੰ ਚਲਾਉਣ ਲਈ ਰਾਜਾ ਥਾਪਿਆ ਜਾ ਸਕੇ।

ਸਿੱਖ ਧਰਮ ਵਿਚ 'ਰਾਜ' ਬਾਰੇ ਬ੍ਰਹਿਮੰਡੀ ਜੁਗਤ ਅਤੇ ਅਗਵਾਈ ਦਿੱਤੀ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਆਪਣੇ ਸਮਕਾਲੀ ਰਾਜਨੀਤਕ ਹਾਲਾਤ ਦਾ ਵਿਸ਼ਲੇਸ਼ਣ ਕੀਤਾ, ਉੱਥੇ ਉਨ੍ਹਾਂ ਨੇ ਹਾਕਮਾਂ ਨੂੰ ਉਨ੍ਹਾਂ ਦੇ ਫ਼ਰਜ਼ਾਂ ਪ੍ਰਤੀ ਵੀ ਸੁਚੇਤ ਕੀਤਾ। ਗੁਰੂ ਜੀ ਨੇ ਸਮਕਾਲੀ ਰਾਜਨੀਤਕ ਹਾਲਾਤ ਨੂੰ ਇਉਂ ਬਿਆਨ ਕੀਤਾ :

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ

ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ

(ਮਾਝ ਕੀ ਵਾਰ, ਅੰਗ : 145)

ਗੁਰੂ ਜੀ ਨੇ ਨਾ ਸਿਰਫ਼ ਰਾਜਿਆਂ ਨੂੰ ਉਨ੍ਹਾਂ ਦੇ ਗਿਰੀਵਾਨ 'ਚ ਝਾਤੀ ਮਰਵਾਈ ਸਗੋਂ ਉਨ੍ਹਾਂ ਦੇ ਫ਼ਰਜ਼ਾਂ ਦਾ ਵੀ ਅਹਿਸਾਸ ਕਰਵਾਇਆ। ਗੁਰੂ ਸਾਹਿਬ ਨੇ 'ਰਾਜ-ਧਰਮ' ਦਾ ਮੁਢਲਾ ਫ਼ਰਜ਼ 'ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨ' ਦੱਸਿਆ। ਜ਼ੋਰ-ਜ਼ੁਲਮ ਨੂੰ ਹੀ ਰਾਜ ਕਰਨ ਦੀ ਸਮਰੱਥਾ ਸਮਝਣ ਵਾਲੇ ਹਾਕਮਾਂ ਨੂੰ ਗੁਰੂ ਸਾਹਿਬ ਨੇ ਅਸਲੀ ਹਾਕਮ ਦੀ ਯੋਗਤਾ ਇਉਂ ਦੱਸੀ :

ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ

ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ

(ਮਾਰੂ ਵਾਰ, ਅੰਗ : 1088)

ਸਚਾਈ ਦੇ ਰਾਹ 'ਤੇ ਚੱਲਣ ਵਾਲੇ ਹੀ ਰਾਜ ਤਖ਼ਤ 'ਤੇ ਬੈਠਣ ਦੇ ਅਸਲ ਹੱਕਦਾਰ ਹਨ ਅਤੇ ਧਰਤੀ (ਰਾਜ-ਭਾਗ) ਦੇ ਮਾਲਕ ਬਣੇ ਭੂਮੀਪਤੀਆਂ ਦਾ ਭੁਲੇਖਾ ਦੂਰ ਕਰਨ ਲਈ ਗੁਰੂ ਸਾਹਿਬ ਨੇ ਆਖਿਆ ਕਿ ਉਹ ਰਾਜੇ ਨਹੀਂ ਹਨ ਕਿਉਂਕਿ ਉਹ ਖ਼ੁਦ ਧਰਤੀ (ਰਾਜ-ਭਾਗ) ਦੇ ਮਾਲਕ ਬਣਨ ਦੀ ਹੋੜ ਵਿਚ ਲੋਕਾਂ 'ਤੇ ਜ਼ੋਰ-ਜ਼ੁਲਮ ਕਰ ਰਹੇ ਹਨ ਅਤੇ ਖ਼ੁਦ ਹੀ ਤ੍ਰਿਸ਼ਨਾਵਾਂ ਦਾ ਦੁੱਖ ਭੋਗ ਰਹੇ ਹਨ।

ਰਾਜਨੀਤੀ ਦੀ ਇਕ ਮਰਯਾਦਾ ਨਿਯਤ ਹੈ, ਜੋ ਕਦੇ ਵੀ ਭੰਗ ਨਹੀਂ ਹੋਣੀ ਚਾਹੀਦੀ। ਰਾਜਨੀਤੀ ਦਾ ਅਰਥ ਹੈ, ਰਾਜੇ ਦਾ ਪਰਜਾ ਨਾਲ ਕਿਹੋ ਜਿਹਾ ਵਿਹਾਰ ਹੈ, ਕੀ ਉਹ ਪਰਜਾ ਨੂੰ ਆਪਣਾ ਪੁੱਤਰ ਰੂਪ ਸਮਝ ਕੇ ਉਨ੍ਹਾਂ ਦੇ ਹਿਤ ਦੀ ਲੋਚਾ ਕਰਦਾ ਹੈ ਜਾਂ ਨਹੀਂ, ਇਸੇ ਤਰ੍ਹਾਂ ਪਰਜਾ ਦਾ ਫ਼ਰਜ਼ ਹੈ ਕਿ ਉਹ ਰਾਜਾ ਨੂੰ ਪਿਤਾ ਰੂਪ ਜਾਣ ਕੇ ਉਸ ਦੀ ਆਗਿਆ ਦਾ ਪਾਲਣ ਕਰੇ। ਇਸ ਤਰ੍ਹਾਂ ਦੇ ਰਾਜ ਨੂੰ ਸ੍ਰੇਸ਼ਟ ਰਾਜ ਮੰਨਿਆ ਗਿਆ ਹੈ। ਇਸ ਵਿਚ ਰਾਜਾ ਤੇ ਪਰਜਾ ਦੋਵੇਂ ਸੁਖੀ ਵਸਦੇ ਹਨ, ਇਕ ਦੂਜੇ ਦੇ ਸ਼ੁੱਭਚਿੰਤਕ ਹੁੰਦੇ ਹਨ। ਅਜਿਹੇ ਰਾਜ ਬਾਰੇ ਭਾਈ ਗੁਰਦਾਸ ਜੀ ਵੀ ਜ਼ਿਕਰ ਕਰਦੇ ਹਨ:

ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨ ਰੂਪ

ਤਾ ਤੇ ਨਿਹਚਿੰਤ ਨਿਰਭੈ ਬਸਤ ਲੋਗ ਜੀ।

(ਕਬਿਤ: ੩੫੪)

***

ਜੈਸੇ ਰਾਜਾ ਧਰਮ ਸਰੂਪ ਰਾਜਨੀਤਿ ਬਿਖੈ

ਤਾ ਕੇ ਦੇਸ ਪਰਜਾ ਬਸਤ ਸੁਖ ਪਾਇ ਕੈ। (ਕਬਿਤ : ੪੧੮)

'ਪ੍ਰੇਮ ਸੁਮਾਰਗ' ਗ੍ਰੰਥ ਵਿਚ ਪਰਜਾ ਦੇ ਚੰਗੇ ਸ਼ਾਸਕ ਦੇ ਫ਼ਰਜ਼ ਇਸ ਤਰ੍ਹਾਂ ਵਰਨਣ ਕੀਤੇ ਗਏ ਹਨ, 'ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ। ਕੋਈ ਇਸ ਕੈ ਰਾਜ ਮੈ ਦੁਖਿਤ ਨ ਹੋਇ। ਰਾਜੇ ਕੋ ਚਾਹੀਐ ਜੋ ਆਪਨੇ ਉੱਪਰ ਭੀ ਨਿਆਉ ਕਰੇ।... ਰਾਜੇ ਕੋ ਚਾਹੀਐ ਜੋ ਬਿਨਾਂ ਕਿਰਤ ਰੋਜ਼ਗਾਰ ਕੋਈ ਪ੍ਰਾਣੀ ਨਾ ਰਹੈ, ਖ਼ਬਰ ਪਰਜਾ ਕੀ ਲੇਤਾ ਰਹੈ। ਰਾਜਾ ਇਸ ਬਾਤ ਕੋ ਸਿਰਜਿਆ ਹੈ, ਜੋ ਬੰਦੋਬਸਤ ਪਰਜਾ ਦੀ ਭਲੀ-ਭਾਂਤ ਕਰੈ।' ਗਿਆਨ ਰਤਨਾਵਲੀ ਅਨੁਸਾਰ ਜਦੋਂ ਹਿੰਦੁਸਤਾਨ ਦਾ ਬਾਦਸ਼ਾਹ ਬਾਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੁਰੀਦ ਬਣ ਗਿਆ ਤਾਂ ਉਸ ਨੇ ਗੁਰੂ ਜੀ ਨੂੰ ਰਾਜ ਕਰਨ ਸਬੰਧੀ ਉਪਦੇਸ਼ ਦੇਣ ਦੀ ਬੇਨਤੀ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਉਪਦੇਸ਼ ਦਿੱਤਾ, 'ਧਰਮ ਦਾ ਨਿਆਉਂ ਕਰਨਾ, ਬਜ਼ੁਰਗਾਂ ਦੀ ਖ਼ਿਦਮਤ ਕਰਨੀ, ਗ਼ਰੀਬਾਂ ਨਾਲ ਵੰਡ ਕੇ ਖਾਣਾ, ਅਰ ਖ਼ੁਦਾਇ ਦੀ ਬੰਦਗੀ ਕਰਨੀ ਤਾਂ ਤੁਹਾਡਾ ਰਾਜ ਥਿਰ ਰਹੇਗਾ।'

ਗੁਰਮਤਿ ਵਿਚਲੇ ਰਾਜ ਸੰਕਲਪ ਦੀ ਵਿਲੱਖਣਤਾ ਇਹ ਹੈ ਕਿ ਇਹ ਰਾਜ ਸੱਤਾ ਨੂੰ ਕਿਸੇ ਇਕ ਮਨੁੱਖ, ਕਿਸੇ ਇਕ ਵਰਗ ਜਾਂ ਕਿਸੇ ਇਕ ਬਰਾਦਰੀ ਦੀ ਮਲਕੀਅਤ ਨਹੀਂ ਮੰਨਦਾ। ਰਾਜ ਸੱਤਾ ਦਾ ਅਸਲੀ ਮਾਲਕ ਅਕਾਲ ਪੁਰਖ ਨੂੰ ਮੰਨਿਆ ਗਿਆ ਹੈ। ਇਸੇ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿਚ ਸਿੱਕਾ ਆਪਣਾ ਨਹੀਂ, ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਨਾਂਅ ਦਾ ਚਲਾਇਆ। ਸਿੱਖ ਧਰਮ ਵਿਚ ਰਾਜਨੀਤੀ ਨੂੰ ਧਰਮ ਦੀ ਤਾਬਿਆ ਰੱਖਿਆ ਗਿਆ ਹੈ ਪਰ ਧਰਮ ਆਧਾਰਿਤ ਰਾਜਨੀਤੀ ਦਾ ਸਿੱਖ ਸੰਕਲਪ ਇਸ ਤੋਂ ਪਹਿਲੇ ਧਰਮ ਆਧਾਰਿਤ ਰਾਜ ਸੰਕਲਪਾਂ ਤੋਂ ਬਿਲਕੁਲ ਵੱਖਰਾ ਹੈ। 'ਬੇਗਮਪੁਰਾ' ਅਤੇ 'ਹਲੇਮੀ ਰਾਜ' ਦਾ ਗੁਰਮਤਿ ਵਿਚਲਾ ਸੰਕਲਪ ਇਕ ਅਜਿਹੇ ਰਾਜ ਦੀ ਸਿਰਜਣਾ ਕਰਦਾ ਹੈ, ਜਿਹੜਾ ਮਜ਼੍ਹਬ, ਜਾਤ, ਰੰਗ ਅਤੇ ਨਸਲ ਤੋਂ ਨਿਰਲੇਪ ਅਤੇ ਤੰਗਦਸਤੀਆਂ ਵਾਲੇ ਭੈੜੇ ਰਾਜ ਤੋਂ ਪਰ੍ਹਾਂ ਦੀ ਗੱਲ ਕਰਦਾ ਹੈ। ਭੈਅ, ਦੁੱਖ ਤੇ ਚਿੰਤਾ ਦਾ ਜਿੱਥੇ ਨਾਂਅ-ਨਿਸ਼ਾਨ ਤੱਕ ਨਾ ਹੋਵੇ ਇਸ ਰਾਜ ਵਿਚ ਰਾਜਾ ਤੇ ਪਰਜਾ, ਦੋਵੇਂ ਰਬ ਦੇ ਭੈਅ ਵਿਚ ਵਿਚਰਦੇ ਹਨ। ਲੋਕ ਇਕ-ਦੂਜੇ ਨੂੰ ਪਿਆਰ ਕਰਦੇ ਹੋਣ ਸਭ ਰਲ-ਮਿਲ ਕੇ, ਇਕ ਦੂਜੇ ਦੇ ਹੋ ਕੇ ਹਰ ਕਿਸੇ ਦਾ ਦੁੱਖ-ਸੁੱਖ ਵੰਡਾਉਣ ਨਾ ਉੱਥੇ ਮਾਲ-ਅਸਬਾਬ ਨੂੰ ਕੋਈ ਮਹਿਸੂਲ ਤੇ ਖ਼ਤਰਾ ਹੋਵੇ।