ਤਾਲਿਬਾਨ ਦੀ ਜਿੱਤ ਦੇ ਇਸ਼ਾਰੇ ਦਿੰਦਾ ਤਾਲਿਬਾਨ ਅਤੇ ਅਮਰੀਕਾ ਦੀ ਗੱਲਬਾਤ ਦਾ ਆਖਰੀ ਦੌਰ ਖਤਮ

ਤਾਲਿਬਾਨ ਦੀ ਜਿੱਤ ਦੇ ਇਸ਼ਾਰੇ ਦਿੰਦਾ ਤਾਲਿਬਾਨ ਅਤੇ ਅਮਰੀਕਾ ਦੀ ਗੱਲਬਾਤ ਦਾ ਆਖਰੀ ਦੌਰ ਖਤਮ
ਬੈਠਕ ਵਿੱਚ ਸ਼ਾਮਿਲ ਤਾਲਿਬਾਨੀ ਆਗੂ

ਦੋਹਾ: ਤਾਲਿਬਾਨ ਅਤੇ ਅਮਰੀਕਾ ਦਰਮਿਆਨ ਅਫਗਾਨਿਸਤਾਨ ਵਿੱਚ ਜੰਗ ਖਤਮ ਕਰਨ ਲਈ ਚੱਲ ਰਹੀ ਸਮਝੌਤੇ ਦੀ ਗੱਲਬਾਤ ਦੇ ਮੋਜੂਦਾ ਦੌਰ ਦੀ ਅੱਜ ਅਹਿਮ ਅਤੇ ਆਖਰੀ ਬੈਠਕ ਹੋਈ ਜਿਸ ਤੋਂ ਬਾਅਦ ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਅਮਰੀਕੀ ਫੌਜੀਆਂ ਨੂੰ ਅਫਗਾਨਿਸਤਾਨ ਵਿੱਚੋਂ ਬਾਹਰ ਕੱਢਣ ਲਈ ਸਮਝੌਤੇ ਦੀ ਗੱਲਬਾਤ ਦਾ ਇਹ ਦੌਰ ਖਤਮ ਹੋ ਗਿਆ ਹੈ ਅਤੇ ਹੁਣ ਦੋਵੇਂ ਧਿਰਾਂ ਆਪਣੇ ਆਗੂਆਂ ਨਾਲ ਸਲਾਹ ਕਰਕੇ ਅਗਲਾ ਫੈਂਸਲਾ ਕਰਨਗੀਆਂ। 

ਕਤਰ ਦੇ ਸ਼ਹਿਰ ਦੋਹਾ ਵਿੱਚ ਇਹ ਗੱਲਬਾਤ ਅੱਠ ਬੈਠਕਾਂ 'ਚ ਪੂਰੀ ਹੋਈ। ਤਾਲਿਬਾਨ ਦੇ ਬੁਲਾਰੇ ਜ਼ਬੀਹਉਲਾਹ ਨੇ ਕਿਹਾ ਕਿ ਗੱਲਬਾਤ ਲੰਬੀ ਅਤੇ ਮਹੱਤਵਪੂਰਣ ਸੀ। 

ਹਲਾਂਕਿ ਉਹਨਾਂ ਗੱਲਬਾਤ ਦੇ ਸਿੱਟਿਆਂ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ। 

18 ਸਾਲਾਂ ਤੋਂ ਚੱਲ ਰਹੀ ਜੰਗ ਦੇ ਖਾਤਮੇ ਸਬੰਧੀ ਹੋਣ ਵਾਲੇ ਸਮਝੌਤੇ ਸਬੰਧੀ ਜੋ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਉਹਨਾਂ ਮੁਤਾਬਿਕ ਤਾਲਿਬਾਨ ਇਸ ਗੱਲ ਦਾ ਵਾਅਦਾ ਕਰੇਗਾ ਕਿ ਅਫਗਾਨਿਸਤਾਨ ਦੀ ਧਰਤੀ ਨੂੰ ਭਵਿੱਖ ਵਿੱਚ ਕਿਸੇ ਅੱਤਵਾਦੀ ਗਤੀਵਿਧੀ ਲਈ ਨਹੀਂ ਵਰਤਿਆ ਜਾਵੇਗਾ। 

ਗੱਲਬਾਤ ਦੇ ਕਿਸੇ ਸਿਰੇ ਚੜ੍ਹਨ ਸਬੰਧੀ ਇਸ ਗੱਲਬਾਤ ਵਿੱਚ ਅਮਰੀਕਾ ਦੇ ਨੁਮਾਂਇੰਦੇ ਜ਼ਾਲਮੇ ਖਲੀਲਜ਼ਾਦ ਨੇ ਵੀ ਬੀਤੇ ਕੱਲ੍ਹ ਇਸ਼ਾਰਾ ਕੀਤਾ ਸੀ। ਖਲੀਲਜ਼ਾਦ ਨੇ ਟਵੀਟ ਕਰਕੇ ਕਿਹਾ ਸੀ, "ਮੈਨੂੰ ਆਸ ਹੈ ਕਿ ਇਹ ਆਖਰੀ ਈਦ ਹੋਵੇਗੀ ਜਦੋਂ ਅਫਗਾਨਿਸਤਾਨ ਵਿੱਚ ਜੰਗ ਹੋਵੇਗੀ।"

ਇਹਨਾਂ ਸਾਰੇ ਇਸ਼ਾਰਿਆਂ ਤੋਂ ਪ੍ਰਤੀਤ ਹੋ ਰਿਹਾ ਹੈ ਕਿ ਅਮਰੀਕਾ ਅਫਗਾਨਿਸਤਾਨ ਵਿੱਚੋਂ ਆਪਣੀ ਫੌਜ ਨੂੰ ਛੇਤੀ ਹੀ ਬਾਹਰ ਕੱਢਣ ਜਾ ਰਿਹਾ ਹੈ ਅਤੇ ਅਫਗਾਨਿਸਤਾਨ ਦਾ ਰਾਜ ਪ੍ਰਬੰਧ ਤਾਲਿਬਾਨ ਦੇ ਹੱਥ ਜਾਣ ਵਾਲਾ ਹੈ। ਰਸ਼ੀਆ ਨੂੰ ਹਰਾਉਣ ਤੋਂ ਬਾਅਦ ਅਫਗਾਨ ਤਾਲਿਬਾਨ ਲਈ ਇਹ ਇੱਕ ਹੋਰ ਇਤਿਹਾਸਕ ਜਿੱਤ ਹੋਵੇਗੀ।